ਫਾਰੂਕ ਅਬਦੁੱਲਾ ਅਕਸਰ ਆਪਣੇ ਬੜਬੋਲੇਪਨ ਲਈ ਜਾਣੇ ਜਾਂਦੇ ਹਨ | ਉਨ੍ਹਾਂ ਸੰਬੰਧੀ ਇਹ ਅੰਦੇਸ਼ਾ ਅਕਸਰ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਉਹ ਕਿਹੜੇ ਵੇਲੇ ਕਿਸ ਤਰ੍ਹਾਂ ਦਾ ਅਤੇ ਕਿਸ ਨੌਈਅਤ ਦਾ ਬਿਆਨ ਦੇ ਦੇਣ | ਉਹ ਸਮੇਂ ਅਤੇ ਸਥਾਨ ਅਨੁਸਾਰ ਆਪਣੇ ਬਿਆਨ ਬਦਲਦੇ ਰਹਿੰਦੇ ਹਨ | ਇਕ ਪਾਸੇ ਉਹ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਸਮਝਦੇ ਹਨ ਅਤੇ ਇਸ ਨੂੰ ਆਧਾਰ ਬਣਾ ਕੇ ਹੀ ਉਹ ਸੂਬੇ ਦੀ ਰਾਜਸੱਤਾ ਦਾ ਅਨੰਦ ਵੀ ਭੋਗਦੇ ਰਹੇ ਹਨ | ਦੇਸ਼ ਦੀਆਂ ਹੋਰ ਪਾਰਟੀਆਂ ਨਾਲ ਮਿਲ ਕੇ ਇੱਥੋਂ ਦੀ ਸਿਆਸੀ ਸਰਗਰਮੀ ਦਾ ਵੀ ਹਿੱਸਾ ਬਣੇ ਰਹੇ ਹਨ | ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਹਨ | ਉਨ੍ਹਾਂ ਦੀ ਪਾਰਟੀ ਵਲੋਂ ਉਨ੍ਹਾਂ ਦਾ ਲੜਕਾ ਉਮਰ ਅਬਦੁੱਲਾ ਜੰਮੂ-ਕਸ਼ਮੀਰ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ | ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦੀ ਭਾਈਵਾਲੀ ਹੈ | ਫਾਰੂਕ ਅਬਦੁੱਲਾ ਨੂੰ ਇਸ ਗੱਲ ਦਾ ਗਿਲਾ ਹੋ ਸਕਦਾ ਹੈ ਕਿ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰ ਕੇ ਜੰਮੂ-ਕਸ਼ਮੀਰ ਨੂੰ ਅਤੇ ਲੱਦਾਖ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਬਦਲ ਦਿੱਤਾ ਸੀ | ਪਰ ਇਸ ਸਥਿਤੀ ਦੇ ਹੁੰਦਿਆਂ ਵੀ ਨੈਸ਼ਨਲ ਕਾਨਫਰੰਸ ਨੇ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਸਮੇਤ ਇੱਥੋਂ ਦੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ ਅਤੇ ਇੱਥੇ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ |
ਮੁੱਖ ਮੰਤਰੀ ਉਮਰ ਅਬਦੁੱਲਾ ਦੇਸ਼ ਦੇ ਹਰ ਮੰਚ ਤੋਂ ਜੰਮੂ-ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਦੇਣ ਦੀ ਮੰਗ ਉਠਾ ਰਹੇ ਹਨ | ਹੋਰ ਪਾਰਟੀਆਂ ਵੀ ਨੈਸ਼ਨਲ ਕਾਨਫਰੰਸ ਨਾਲ ਇਸ ਮਸਲੇ 'ਤੇ ਪੂਰੀ ਤਰ੍ਹਾਂ ਸਹਿਮਤ ਹਨ | ਰਾਜ ਦੀਆਂ ਚੋਣਾਂ ਦੌਰਾਨ ਭਾਜਪਾ ਆਗੂਆਂ ਨੇ ਵੀ ਵਾਰ-ਵਾਰ ਇਹ ਐਲਾਨ ਕੀਤਾ ਸੀ ਕਿ ਉਹ ਛੇਤੀ ਹੀ ਜੰਮੂ-ਕਸ਼ਮੀਰ ਨੂੰ ਪੂਰੇ ਰਾਜ ਦਾ ਦਰਜਾ ਦੇਣ ਦਾ ਐਲਾਨ ਕਰਵਾਉਣਗੇ ਜੋ ਹਾਲੇ ਤੱਕ ਸੰਭਵ ਨਹੀਂ ਹੋ ਸਕਿਆ | ਉਮਰ ਅਬਦੁੱਲਾ ਵਲੋਂ ਇਸ ਦੇ ਵਿਰੋਧ ਵਿਚ ਉਠਾਈ ਆਵਾਜ਼ ਦੀ ਸਮਝ ਆਉਂਦੀ ਹੈ ਪਰ ਫਾਰੂਕ ਅਬਦੁੱਲਾ ਅਨੇਕਾਂ ਵਾਰ ਆਪਣੇ ਬੜਬੋਲੇਪਨ ਨਾਲ ਸਥਿਤੀ ਨੂੰ ਹੋਰ ਵਿਗਾੜਨ ਅਤੇ ਗੁੰਝਲਦਾਰ ਬਣਾਉਣ ਵਿਚ ਹੀ ਸਹਾਈ ਹੁੰਦੇ ਰਹੇ ਹਨ | ਇਸੇ ਸੰਬੰਧੀ ਪਿਛਲੇ ਦਿਨੀਂ ਉਨ੍ਹਾਂ ਨੇ ਜੋ ਬਿਆਨ ਦਿੱਤਾ ਹੈ, ਉਸ ਦੀ ਦੇਸ਼ ਭਰ ਵਿਚ ਸਖ਼ਤ ਆਲੋਚਨਾ ਹੋਈ ਹੈ ਅਤੇ ਕੌਮਾਂਤਰੀ ਮੰਚ 'ਤੇ ਉਸ ਨਾਲ ਗ਼ਲਤ ਸੰਦੇਸ਼ ਵੀ ਗਿਆ ਹੈ | ਪਿਛਲੇ ਦਿਨੀਂ ਬਾਰਾਮੁੱਲਾ ਵਿਚ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ, 'ਪੂਰੀ ਦੁਨੀਆ ਵਿਚ ਸਾਡਾ ਗੁਆਂਢੀ (ਪਾਕਿਸਤਾਨ) ਪਿੱਛੇ ਲੱਗਾ ਹੋਇਆ ਹੈ, ਇਹ ਗੁਆਂਢੀ ਜਗ੍ਹਾ-ਜਗ੍ਹਾ 'ਤੇ ਜਾ ਕੇ ਕਸ਼ਮੀਰ ਅਤੇ ਕਸ਼ਮੀਰੀਆਂ ਬਾਰੇ ਗੱਲਾਂ ਕਰ ਰਿਹਾ ਹੈ, ਇਸੇ ਕਾਰਨ ਕਰਕੇ ਕਸ਼ਮੀਰ ਦੇ ਲੋਕਾਂ ਦੀ ਜਾਨ ਬਚ ਰਹੀ ਹੈ, ਨਹੀਂ ਤਾਂ ਕਸ਼ਮੀਰੀਆਂ ਨੂੰ ਲੈ ਕੇ ਭਾਰਤ ਦੀ ਮਨਸ਼ਾ ਸਹੀ ਨਹੀਂ ਹੈ | ਕੇਂਦਰ ਸਰਕਾਰ ਜੰਮੂ-ਕਸ਼ਮੀਰ ਦੇ ਮੁੱਦੇ 'ਤੇ ਇਸ ਲਈ ਚੁੱਪ ਹੈ, ਕਿਉਂਕਿ ਉਸ 'ਤੇ ਕੌਮਾਂਤਰੀ ਦਬਾਅ ਹੈ | ਫਾਰੂਕ ਦੇ ਇਸ ਬਿਆਨ ਨੂੰ ਬਹੁਤੀਆਂ ਪਾਰਟੀਆਂ ਵਲੋਂ ਖੁੱਲ੍ਹਾ ਵਿਦਰੋਹ ਕਿਹਾ ਜਾ ਰਿਹਾ ਹੈ |
ਇੱਥੋਂ ਤੱਕ ਕਿ ਉਸ ਦੀ ਨੈਸ਼ਨਲ ਕਾਨਫਰੰਸ ਦੀ ਸਹਿਯੋਗੀ ਪਾਰਟੀ ਕਾਂਗਰਸ ਨੇ ਵੀ ਫਾਰੂਕ ਦੇ ਇਸ ਬਿਆਨ ਤੋਂ ਦੂਰੀ ਬਣਾ ਲਈ ਹੈ | ਕਾਂਗਰਸ ਨੇ ਸਪੱਸ਼ਟ ਕੀਤਾ ਹੈ ਕਿ ਪਾਕਿਸਤਾਨ ਨੂੰ ਸਾਡੇ ਅੰਦਰੂਨੀ ਮਾਮਲਿਆਂ ਬਾਰੇ ਗੱਲ ਕਰਨ ਜਾਂ ਉਨ੍ਹਾਂ 'ਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ, ਕਿਉਂਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ | ਕਸ਼ਮੀਰੀ ਪੰਡਿਤਾਂ ਦੀਆਂ ਜਥੇਬੰਦੀਆਂ 'ਪਨੂੰਨ ਕਸ਼ਮੀਰ' ਤੇ 'ਜੰਮੂ ਸਟੇਟ ਪੀਪਲਜ਼ ਮੂਵਮੈਂਟ' ਨੇ ਵੀ ਫਾਰੂਕ ਅਬਦੁੱਲਾ ਖ਼ਿਲਾਫ਼ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਦੇ ਬਿਆਨ ਨੂੰ ਜੰਮੂ-ਕਸ਼ਮੀਰ ਦੀ ਸੰਵਿਧਾਨਕ ਸਥਿਤੀ ਅਤੇ ਧਰਮ ਦੇ ਆਧਾਰ 'ਤੇ ਲੋਕਾਂ ਵਿਚ ਵੰਡੀਆਂ ਪਾਉਣ ਵਾਲਾ ਕਰਾਰ ਦੇ ਕੇ ਇਸ ਦੀ ਪੁਲਿਸ ਜਾਂਚ ਕਰਨ ਦੀ ਮੰਗ ਕੀਤੀ ਹੈ | ਅਜਿਹੀ ਬਿਆਨਬਾਜ਼ੀ ਕਰ ਕੇ ਫਾਰੂਕ ਅਬਦੁੱਲਾ ਨੇ ਇਕ ਵਾਰ ਫਿਰ ਨਾ ਸਿਰਫ਼ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਹੀ ਆਪਣੇ ਆਪ ਤੋਂ ਵੱਖ ਕਰ ਲਿਆ ਹੈ, ਸਗੋਂ ਨੈਸ਼ਨਲ ਕਾਨਫਰੰਸ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸਥਿਤੀ ਨੂੰ ਵੀ ਹੋਰ ਨਾਜ਼ੁਕ ਬਣਾ ਦਿੱਤਾ ਹੈ ਅਤੇ ਖ਼ੁਦ ਵੀ ਆਪਣੀ ਸਥਿਤੀ ਹਾਸੋਹੀਣੀ ਬਣਾ ਲਈ ਹੈ |
-ਬਰਜਿੰਦਰ ਸਿੰਘ ਹਮਦਰਦ