27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਹੀ ਢੰਗ ਨਾਲ ਚੱਲ ਰਿਹਾ ਹੈ ਝੋਨੇ ਤੇ ਬਾਸਮਤੀ ਦਾ ਮੰਡੀਕਰਨ

ਸਹੀ ਢੰਗ ਨਾਲ ਚੱਲ ਰਿਹਾ ਹੈ ਝੋਨੇ ਤੇ ਬਾਸਮਤੀ ਦਾ ਮੰਡੀਕਰਨ

ਅਜੀਤ ਡੈਸਕ 27-10-2026

ਇਸ ਸਾਲ ਝੋਨੇ ਤੇ ਬਾਸਮਤੀ ਦੀ ਫ਼ਸਲ ਭਰਪੂਰ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਪੈਦਾਵਾਰ 220 ਲੱਖ ਟਨ ਤੋਂ ਟੱਪਣ ਦਾ ਅਨੁਮਾਨ ਹੈ | ਪਿਛਲੇ ਸਾਲ 180 ਲੱਖ ਟਨ ਸੀ | ਡਾ. ਬਰਾੜ ਅਨੁਸਾਰ ਪ੍ਰਤੀ ਹੈਕਟੇਅਰ ਝਾੜ 8 ਕੁਇੰਟਲ ਤੋਂ ਵੱਧ ਆ ਰਿਹਾ ਹੈ, ਭਾਵੇਂ ਕੁਝ ਅਗਾਂਹਵਧੂ ਕਿਸਾਨ 12 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਝਾੜ ਵੱਧ ਪ੍ਰਾਪਤ ਕਰ ਰਹੇ ਹਨ | ਫ਼ਸਲ ਕੱਟਣ ਦੇ ਪ੍ਰਯੋਗ ਦੱਸਦੇ ਹਨ ਕਿ ਇਸ ਸਾਲ ਝਾੜ 67.35 ਕੁਇੰਟਲ ਪ੍ਰਤੀ ਹੈਕਟੇਅਰ ਆਇਆ ਹੈ, ਜਦਕਿ ਪਿਛਲੇ ਸਾਲ 58.6 ਕੁਇੰਟਲ ਸੀ | ਝੋਨੇ ਦੀ ਕਾਸ਼ਤ 32.5 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਹੋਈ ਹੈ, ਜਿਸ 'ਚੋਂ 6.80 ਲੱਖ ਹੈਕਟੇਅਰ ਦੇ ਕਰੀਬ ਰਕਬਾ ਖੁਸ਼ਬੂਦਾਰ ਬਾਸਮਤੀ ਦੀ ਕਾਸ਼ਤ ਥੱਲੇ ਸੀ | ਕਿਸਾਨਾਂ ਨੂੰ  ਝੋਨੇ ਦਾ ਭਾਅ ਐਮ.ਐਸ.ਪੀ. 'ਤੇ 2461 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਅਤੇ ਪੂਸਾ ਬਾਸਮਤੀ–1121 ਕਿਸਮ 5000 ਰੁਪਏ ਪ੍ਰਤੀ ਕੁਇੰਟਲ ਤੇ ਪੂਸਾ ਬਾਸਮਤੀ–1509 ਕਿਸਮ ਦੀ ਫ਼ਸਲ 4300–4500 ਰੁਪਏ ਪ੍ਰਤੀ ਏਕੜ ਵਿਕ ਰਹੀ ਹੈ |

ਪਿਛਲੇ ਸਾਰੇ ਸਾਲਾਂ ਦੇ ਮੁਕਾਬਲੇ ਕਿਸਾਨਾਂ ਨੂੰ  ਇਹ ਭਾਅ ਜ਼ਿਆਦਾ ਮਿਲ ਰਿਹਾ ਹੈ | ਔਸਤਨ ਉਨ੍ਹਾਂ ਨੂੰ  ਬਾਸਮਤੀ ਦਾ 1 ਲੱਖ ਰੁਪਏ ਪ੍ਰਤੀ ਏਕੜ ਤੇ ਝੋਨੇ ਦਾ 80 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਮਿਲ ਰਿਹਾ ਹੈ | ਇਕ ਅਨੁਮਾਨ ਅਨੁਸਾਰ ਅਗਲੇ ਸਾਲ ਝੋਨੇ, ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਕੇ 35 ਲੱਖ ਹੈਕਟੇਅਰ ਤੋਂ ਟੱਪਣ ਦੀ ਸੰਭਾਵਨਾ ਹੈ, ਕਿਉਂਕਿ ਕਿਸਾਨ ਉਹੀ ਫ਼ਸਲ ਬੀਜਣ ਨੂੰ  ਤਰਜੀਹ ਦਿੰਦੇ ਹਨ, ਜਿਸ ਤੋਂ ਉਨ੍ਹਾਂ ਨੂੰ  ਵੱਧ ਮੁਨਾਫ਼ਾ ਹੁੰਦਾ ਹੈ, ਜਦਕਿ ਅਜੇ ਤੱਕ ਕੋਈ ਅਜਿਹੀ ਫ਼ਸਲ ਵਿਕਸਿਤ ਨਹੀਂ ਕੀਤੀ ਜਾ ਸਕੀ, ਜਿਸਦਾ ਮੁਨਾਫ਼ਾ ਝੋਨੇ ਦੇ ਬਰਾਬਰ ਜਾਂ ਇਸ ਤੋਂ ਵੱਧ ਹੋਵੇ | ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਾਲ ਨਰਮੇ-ਕਪਾਹ ਦੇ ਝਾੜ 'ਚ ਵੀ ਕੁਝ ਵਾਧਾ ਹੋਇਆ ਹੈ ਪ੍ਰੰਤੂ ਇਸ ਦੀ ਕਾਸ਼ਤ ਹੇਠ ਵਰਤਮਾਨ ਰਕਬਾ ਹੀ ਕਾਇਮ ਰਹਿਣ ਦੀ ਉਮੀਦ ਹੈ |
ਝੋਨੇ ਬਾਸਮਤੀ ਦਾ ਝਾੜ ਵਧਣ ਦਾ ਕਾਰਨ ਇਸ ਸਾਲ ਬਿਮਾਰੀਆਂ ਦਾ ਘੱਟ ਆਉਣਾ, ਕਿਸਾਨਾਂ ਨੂੰ  ਸ਼ੁੱਧ ਤੇ ਖ਼ਾਲਸ ਕੀਟਨਾਸ਼ਕ ਉਪਲਬਧ ਹੋਣਾ, ਟਿਊਬਵੈੱਲਾਂ ਨੂੰ  8 ਘੰਟੇ ਰੋਜ਼ਾਨਾ ਬਿਜਲੀ ਮਿਲਣੀ, ਨਹਿਰੀ ਪਾਣੀ ਨਾਲ ਸਿੰਜਾਈ ਵਧਣੀ ਅਤੇ ਸਭ ਤੋਂ ਵੱਧ ਮੌਸਮ ਦਾ ਲਗਭਗ ਅਨੁਕੂਲ ਰਹਿਣਾ ਹੈ | ਆਈ.ਸੀ.ਏ.ਆਰ–ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈ.ਏ.ਆਰ.ਆਈ.) ਦੀਆਂ ਬਾਸਮਤੀ ਦੀਆਂ ਪੂਸਾ ਬਾਸਮਤੀ–1121 ਤੇ ਪੂਸਾ ਬਾਸਮਤੀ–1509 ਅਤੇ ਝੋਨੇ ਦੀ ਪੂਸਾ–1824 ਕਿਸਮਾਂ ਵੱਡੇ ਰਕਬੇ 'ਤੇ ਕਾਸ਼ਤ ਕੀਤੀਆਂ ਗਈਆਂ | ਸੰਸਥਾਨ ਦੇ ਸੰਯੁਕਤ ਡਾਇਰੈਕਟਰ (ਖੋਜ) ਡਾ. ਵਿਸ਼ਵਾਨਾਥਨ ਸੀ. ਕਹਿੰਦੇ ਹਨ ਕਿ ਪੂਸਾ ਵਲੋਂ ਵਿਕਾਸ ਅਧੀਨ ਝੋਨੇ ਤੇ ਬਾਸਮਤੀ ਦੀਆਂ ਕੁਝ ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਦੀ ਉਤਪਾਦਕਤਾ ਵਰਤਮਾਨ ਕਿਸਮਾਂ ਨਾਲੋਂ ਵੱਧ ਹੋਵੇਗੀ | ਅਜਿਹੀਆਂ ਕੁਝ ਕਿਸਮਾਂ ਪੰਜਾਬ 'ਚ ਪਟਿਆਲਾ ਜ਼ਿਲ੍ਹੇ ਦੇ ਬਿਸ਼ਨਪੁਰ ਛੰਨਾ ਦੇ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਦੇ ਫਾਰਮ 'ਤੇ ਜ਼ੇਰੇ ਅਜ਼ਮਾਇਸ਼ ਹਨ, ਜੋ ਬਹੁਤ ਚੰਗਾ ਝਾੜ ਦਿਖਾ ਰਹੀਆਂ ਹਨ |
ਇਸ ਸਾਲ ਜੋ ਕੇਂਦਰ ਨੇ ਪੰਜਾਬ ਦੇ ਝੋਨੇ ਦੀ ਖਰੀਦ ਦਾ ਨਿਸ਼ਾਨਾ ਰੱਖਿਆ ਸੀ, ਉਹ ਦੋ ਵੇਰ ਵਧਾਉਣ ਦੇ ਬਾਵਜੂਦ ਹੁਣ ਨਾਕਾਫ਼ੀ ਹੈ, ਜਿਸ 'ਚ ਹੋਰ ਵਾਧਾ ਕਰਨਾ ਪਵੇਗਾ | ਇਸ ਲਈ ਪੰਜਾਬ ਸਰਕਾਰ ਨੂੰ  ਕੇਂਦਰ ਤੋਂ ਮੰਗ ਕਰਨੀ ਪਵੇਗੀ, ਕਿਉਂਕਿ ਸਰਕਾਰੀ ਖਰੀਦ ਲਈ ਕੈਸ਼ ਦੀ ਹੱਦ ਵੀ ਵਧਾਉਣ ਦੀ ਲੋੜ ਹੈ, ਜੋ ਕੇਂਦਰ ਹੀ ਵਧਾ ਸਕਦਾ ਹੈ | ਚੌਲ ਭੰਡਾਰਨ ਦਾ ਵੀ ਯੋਗ ਇੰਤਜ਼ਾਮ ਕਰਨਾ ਪਵੇਗਾ, ਕਿਉਂਕਿ ਪਿਛਲੇ ਸਾਲਾਂ ਦਾ ਸਟਾਕ ਵੀ ਅਜੇ ਪਿਆ ਹੈ | ਇਸ ਵੇਲੇ ਝੋਨੇ, ਬਾਸਮਤੀ ਦੀ ਕਟਾਈ ਜ਼ੋਰਾਂ 'ਤੇ ਹੈ ਅਤੇ ਮੰਡੀਕਰਨ 'ਚ ਵੀ ਕਿਸਾਨਾਂ ਨੂੰ  ਖ਼ਾਸ ਮੁਸ਼ਕਿਲ ਦਰਪੇਸ਼ ਨਹੀਂ ਹੈ | ਪੰਜਾਬ ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤੇ ਆੜ੍ਹਤੀਆ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਦੇਵੀ ਦਿਆਲ ਕਹਿੰਦੇ ਹਨ ਕਿ ਕਿਸਾਨਾਂ ਨੂੰ  ਫ਼ਸਲਾਂ ਦੀ ਅਦਾਇਗੀ ਵੀ ਲਗਭਗ ਸਮੇਂ ਸਿਰ ਕੀਤੀ ਜਾ ਰਹੀ ਹੈ |
ਬਾਸਮਤੀ ਦੀ ਬਰਾਮਦ ਮੱਧ ਪੂਰਬ ਦੇ ਮੁਲਕਾਂ ਜੋ ਜੰਗ ਨਾਲ ਪ੍ਰਭਾਵਿਤ ਹਨ, 'ਚ ਵਧਣ ਨਾਲ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਬਾਸਮਤੀ ਵਿਸ਼ੇਸ਼ ਕਰ ਕੇ ਪੂਸਾ ਬਾਸਮਤੀ–1509 ਤੇ ਪੂਸਾ ਬਾਸਮਤੀ–1121 ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਈ | ਅਗਲੇ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਵੀ ਰਕਬਾ ਵਧਣ ਦੀ ਸੰਭਾਵਨਾ ਹੈ ਤੇ ਭਾਰਤ ਤੋਂ ਬਾਸਮਤੀ ਦੀ ਬਰਾਮਦ ਜੋ ਪਿਛਲੇ ਸਾਲ 50 ਹਜ਼ਾਰ ਕਰੋੜ ਰੁਪਏ ਦੀ ਮਾਲੀਅਤ ਦੀ ਸੀ, ਉਸ ਦੇ ਹੋਰ ਵਧਣ ਦੀ ਉਮੀਦ ਹੈ |
ਭਾਵੇਂ ਇਸ ਸਾਲ ਵੀ ਪਰਾਲੀ ਤੇ ਹੋਰ ਰਹਿੰਦ–ਖੂੰਹਦ ਨੂੰ  ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਹੌਲੀ-ਹੌਲੀ ਪਰਾਲੀ ਨਾ ਜਲਾਉਣ ਦੀ ਗੱਲ ਅੱਗੇ ਵਧ ਰਹੀ ਹੈ | ਹੁਣ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਲਿਜਾਣ ਵਾਲੇ ਖੇਤ–ਖੇਤ ਫਿਰ ਰਹੇ ਹਨ |
ਕਿਸਾਨ ਵੀ ਝੋਨੇ ਦੀ ਫ਼ਸਲ ਐਸ.ਐਮ.ਐਸ. ਕੰਬਾਈਨਾਂ ਨਾਲ ਕਟਵਾ ਕੇ ਰਹਿੰਦ–ਖੂੰਹਦ ਤੇ ਪਰਾਲੀ ਨੂੰ  ਜ਼ਮੀਨ 'ਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਉਤਸ਼ਾਹਿਤ ਹੋ ਰਹੇ ਹਨ | ਇਸ ਲਈ ਸਰਕਾਰ ਹੈਪੀ ਸੀਡਰ ਤੇ ਸੁਪਰ ਸੀਡਰ ਆਦਿ ਜਿਹੀਆਂ ਮਸ਼ੀਨਾਂ ਵੀ ਵੱਡੀ ਸਬਸਿਡੀ 'ਤੇ ਦੇ ਰਹੀ ਹੈ |

ਈ-ਮੇਲ : bhagwandass226@gmail.com

ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ ਅਗਲੀ ਖ਼ਬਰ ਕਾਂਗਰਸ ਲਈ ਪ੍ਰੇਰਕ ਸਾਬਤ ਹੋਈ ਕਾਕਰੋਚ ਜਨਤਾ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।