07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਡਾ. ਕਪੂਰ ਦੀਆਂ ਮੁਲਾਕਾਤਾਂ

ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਡਾ. ਕਪੂਰ ਦੀਆਂ ਮੁਲਾਕਾਤਾਂ

ਅਜੀਤ ਡੈਸਕ 07-09-2026

ਡਾ. ਨਰਿੰਦਰ ਸਿੰਘ ਕਪੂਰ ਯੂਨੀਵਰਸਿਟੀ ਅਧਿਆਪਕ ਸਨ | ਲੇਖਕ ਹਨ | ਫਿਲਾਸਫ਼ਰ ਹਨ |
ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1979-80 ਵਿਚ ਉਨ੍ਹਾਂ ਤੋਂ ਪੜਿ੍ਹਆ ਹਾਂ | ਜਦ ਉਹ ਪੜ੍ਹਾਉਂਦੇ ਹੋਏ ਵਿਸ਼ੇ ਤੋਂ ਬਾਹਰ ਚਲੇ ਜਾਂਦੇ ਸਨ ਤਾਂ ਮਜ਼ਾ ਆ ਜਾਂਦਾ ਸੀ | ਸਿਲੇਬਸ ਤਾਂ ਸਾਰੇ ਪ੍ਰੋਫ਼ੈਸਰ ਪੜ੍ਹਾ-ਮੁਕਾ ਦਿੰਦੇ ਹਨ ਪਰ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਜ਼ਿੰਦਗੀ ਭਰ ਰਾਹ-ਦਸੇਰਾ ਬਣੀਆਂ ਰਹਿੰਦੀਆਂ ਹਨ | ਇਹੀ ਕੰਮ ਉਨ੍ਹਾਂ ਦੀਆਂ ਟੀ.ਵੀ. ਮੁਲਾਕਾਤਾਂ, ਉਨ੍ਹਾਂ ਦੀਆਂ ਵੀਡੀਓ ਕਰ ਰਹੀਆਂ ਹਨ | 
ਉਨ੍ਹਾਂ ਨੇ ਐਮ.ਏ. ਅੰਗਰੇਜ਼ੀ, ਐਮ.ਏ. ਪੰਜਾਬੀ, ਐਮ.ਏ. ਫਿਲਾਸਫ਼ੀ ਕਰਨ ਦੇ ਨਾਲ-ਨਾਲ ਫਰੈਂਚ ਵਿਚ ਡਿਪਲੋਮਾ, ਪੱਤਰਕਾਰੀ ਵਿਚ ਡਿਗਰੀ, ਐਲ.ਐਲ.ਬੀ. ਅਤੇ ਪੰਜਾਬੀ ਪੱਤਰਕਾਰੀ ਵਿਚ ਪੀ.ਐਚ.ਡੀ. ਕੀਤੀ ਹੋਈ ਹੈ | ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਵਿਚ ਉੱਚ ਅਹੁਦਿਆਂ ਦਿੰਦੇ ਰਹੇ | ਉਨ੍ਹਾਂ ਡਾਇਰੈਕਟਰ ਅਤੇ ਡੀਨ ਵਜੋਂ ਵੀ ਸੇਵਾਵਾਂ ਨਿਭਾਈਆਂ | ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦਾ ਭਰਮਣ ਕਰਕੇ ਆਪਣੇ ਗਿਆਨ, ਆਪਣੇ ਜੀਵਨ-ਤਜਰਬੇ ਨੂੰ  ਹੋਰ ਗੂੜ੍ਹ ਕੀਤਾ |

ਉਨ੍ਹਾਂ ਦੁਆਰਾ ਲਿਖੀਆਂ ਕਿਤਾਬਾਂ ਬੇਹੱਦ ਚਰਚਿਤ ਹਨ | ਕਿਤਾਬਾਂ ਦੀ ਲੰਮੀ ਸੂਚੀ ਹੈ | ਉਹ ਅਖ਼ਬਾਰਾਂ ਵਿਚ ਲਗਾਤਾਰ ਛਪਣ ਵਾਲੇ ਲੇਖਕ ਹਨ ਅਤੇ ਪਾਠਕ ਚਾਹ ਕੇ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਹਨ | ਉਨ੍ਹਾਂ ਦੀਆਂ ਟੀ.ਵੀ. ਮੁਲਾਕਾਤਾਂ ਅਤੇ ਵੀਡੀਓ ਦੇ ਵਿਸ਼ੇ ਅਜਿਹੇ ਹੁੰਦੇ ਹਨ ਕਿ ਦਰਸ਼ਕ ਆਪ-ਮੁਹਾਰੇ ਸੁਣਨ ਲੱਗਦੇ ਹਨ | ਉਹ ਵਧੇਰੇ ਕਰਕੇ ਪਰਿਵਾਰਕ, ਸਮਾਜਿਕ ਕਦਰਾਂ-ਕੀਮਤਾਂ ਅਤੇ ਜੀਵਨ ਤਜਰਬਿਆਂ ਦੀ ਗੱਲ ਕਰਦੇ ਹਨ | ਗੱਲ ਏਨੀ ਸਟੀਕ, ਸੰਖੇਪ, ਵਿਸ਼ੇ ਅਨੁਕੂਲ ਅਤੇ ਨੁਕਤੇ ਦੀ ਹੁੰਦੀ ਹੈ ਕਿ ਸਿੱਧੀ ਮਨ 'ਤੇ, ਦਿਲ 'ਤੇ ਅਸਰ ਕਰਦੀ ਹੈ |
ਉਨ੍ਹਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਵਧੇਰੇ ਟੀ.ਵੀ. ਮੁਲਾਕਾਤਾਂ ਰੁਪਿੰਦਰ ਕੌਰ ਸੰਧੂ ਨੇ ਕੀਤੀਆਂ ਹਨ | ਗੱਲਬਾਤ ਦੇ ਵਿਸ਼ੇ ਬੜੇ ਦਿਲਚਸਪ, ਬੜੇ ਆਕਰਸ਼ਕ ਹੁੰਦੇ ਹਨ ਅਤੇ ਗੱਲਾਂ 'ਚੋਂ ਅੱਗੇ ਰੌਚਕ ਗੱਲਾਂ ਨਿਕਲ ਆਉਂਦੀਆਂ ਹਨ | ਉਦਾਹਰਨ ਵਜੋਂ ਇੰਝ ਕਰੀਏ ਪੈਸੇ ਦੀ ਬੱਚਤ, ਅਮੀਰ ਕਿਵੇਂ ਬਣਿਆ ਜਾ ਸਕਦਾ, ਮਾਵਾਂ ਕੋਲ ਆਪਣੀਆਂ ਧੀਆਂ ਨੂੰ  ਸਿਖਾਉਣ ਲਈ ਕੁਝ ਵੀ ਨਹੀਂ, ਮਿਹਨਤ ਨਹੀਂ ਆਦਤਾਂ ਹੀ ਅੱਗੇ ਵਧਾਉਂਦੀਆਂ ਨੇ, ਸਿਕੰਦਰ ਦੁਨੀਆ ਜਿੱਤ ਕੇ ਮਲੇਰੀਏ ਨਾਲ ਮਰ ਗਿਆ, ਆਓ, ਚੜ੍ਹਦੀ ਕਲਾ ਵਿਚ ਰਹਿਣ ਦੇ ਗੁਣ ਸਿੱਖੀਏ, ਨਾ ਘੁੰਮਣ ਦੇ ਨੁਕਸਾਨ ਸੁਣੋ, ਆਦਮੀ ਵਿਚ ਈਗੋ ਅਤੇ ਔਰਤ ਵਿਚ ਸਮਝੌਤੇ ਦੀ ਬਿਰਤੀ ਵਧੇਰੇ ਹੁੰਦੀ ਹੈ, ਅਸੀਂ ਬੰਦਿਆਂ ਵਾਂਗ ਵਿਹਾਰ ਕੇਵਲ ਧਾਰਮਿਕ ਸਥਾਨਾਂ 'ਤੇ ਕਰਦੇ ਹਾਂ, ਧੰਨਵਾਦ ਅਤੇ ਮੁਆਫ਼ੀ ਸਭ ਤੋਂ ਮਹਿੰਗੇ ਗਹਿਣੇ, ਤੁਸੀਂ ਉਦਾਸ ਕਿਉਂ ਹੋ, ਔਰਤਾਂ ਜ਼ਿਆਦਾ ਗੱਲਾਂ ਕਿਉਂ ਕਰਦੀਆਂ ਹਨ, ਜ਼ਿੰਦਗੀ ਵਿਚ ਦਿਖਾਵਾ ਕਿਸ ਨੂੰ  ਕਿਹਾ ਜਾਂਦਾ ਹੈ, ਨੌਕਰੀ ਜਾਂ ਬਿਜ਼ਨਸ ਕੀ ਚੁਣੀਏ, ਇਹ ਸੱਤ ਚੀਜ਼ਾਂ ਜੋ ਤੁਹਾਨੂੰ ਕਰਨਗੀਆਂ ਦੁਨੀਆ ਤੋਂ ਅਲੱਗ, ਤਿੰਨ ਚੀਜ਼ਾਂ ਜੋ ਬਹੁਤ ਜ਼ਰੂਰੀ ਨੇ ਅੱਜ ਦੇ ਸਮੇਂ ਵਿਚ, ਇਹ ਹੁੰਦੇ ਨੇ ਹੇਰਾਫੇਰੀ ਦੇ ਨਤੀਜੇ, ਬੱਚਿਆਂ ਨੂੰ  ਪਾਲਣ ਦਾ ਸਹੀ ਤਰੀਕਾ, ਮਾਪਿਆਂ ਨੂੰ  ਖ਼ੁਸ਼ ਰੱਖਣਾ ਸਿੱਖੋ, ਇਕ ਅਧਿਆਪਕ ਨੂੰ  ਕਿਵੇਂ ਦਾ ਹੋਣਾ ਚਾਹੀਦਾ, ਕਿਹੜੇ ਬੱਚੇ ਕਾਮਯਾਬ ਹੁੰਦੇ ਹਨ, ਮਿਹਨਤ ਅਤੇ ਕੰਮ ਵਿਚ ਕੀ ਅੰਤਰ ਹੈ, ਪੈਸਾ ਸਿਰਫ਼ ਦੋ ਕਿਸਮ ਦੇ ਬੰਦਿਆਂ ਕੋਲ ਰਹਿੰਦਾ, ਮੇਰਾ ਇਕ ਦਿਨ ਹੀ 28 ਘੰਟਿਆਂ ਦਾ ਹੁੰਦਾ ਹੈ, ਚੰਗੀ ਆਦਤ ਬਦਲ ਦਿੰਦੀ ਹੈ ਤੁਹਾਡੀ ਜ਼ਿੰਦਗੀ | ਇਹ ਅਤੇ ਅਜਿਹੇ ਹੋਰ ਸੈਂਕੜੇ ਵਿਸ਼ਿਆਂ ਸੰਬੰਧੀ ਉਹ ਬੜੀ ਸਟੀਕ, ਬੜੀ ਸਾਰਥਕ ਗੱਲ ਕਰਦੇ ਹਨ |
ਇਕ ਥਾਂ ਉਹ ਕਹਿੰਦੇ ਹਨ ਸਾਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ | ਅਸੀਂ ਗੱਲਾਂ ਨਹੀਂ ਕਰਦੇ, ਗੱਪਾਂ ਮਾਰਦੇ ਹਾਂ | ਗੱਲਾਂ ਕਰਨ ਦੇ ਮਾਮਲੇ ਵਿਚ ਅਸੀਂ ਅਜੇ ਕਬਾੜੀਏ ਬਾਜ਼ਾਰ ਵਿਚ ਹੀ ਘੁੰਮ ਰਹੇ ਹਾਂ | 
ਉਨ੍ਹਾਂ ਦਾ ਮੰਨਣਾ ਹੈ ਕਿ ਦਿਮਾਗ਼ ਨੂੰ  ਸਾਕਾਰਾਤਮਕ ਰੱਖ ਕੇ ਅਸੀਂ ਆਪਣਾ ਜੀਵਨ ਬਦਲ ਸਕਦੇ ਹਾਂ | ਉਨ੍ਹਾਂ ਕੋਲ ਜ਼ਿੰਦਗੀ ਦਾ ਫਲਸਫ਼ਾ ਅਤੇ ਗਹਿਰੀ ਸੋਚ ਹੈ | ਉਹ ਸਰਲ ਭਾਸ਼ਾ ਵਿਚ ਵੱਡੀਆਂ ਗੱਲਾਂ ਕਰਦੇ ਹਨ | ਗੁੰਝਲਦਾਰ ਮਨੋਵਿਗਿਆਨਕ ਅਤੇ ਸਮਾਜਕ ਵਿਸ਼ਿਆਂ ਨੂੰ  ਬਹੁਤ ਸਰਲ ਸ਼ਬਦਾਂ ਵਿਚ ਸਮਝਾ ਜਾਂਦੇ ਹਨ |
ਉਨ੍ਹਾਂ ਦੀਆਂ ਗੱਲਾਂ ਸੱਚਾਈ ਦੇ ਬਹੁਤ ਨੇੜੇ ਹੁੰਦੀਆਂ ਹਨ | ਪਰਿਵਾਰਕ ਰਿਸ਼ਤਿਆਂ, ਪੈਸੇ ਦੇ ਮਹੱਤਵ ਅਤੇ ਮਨੁੱਖੀ ਸੁਭਾਅ ਸੰਬੰਧੀ ਉਨ੍ਹਾਂ ਦੇ ਵਿਚਾਰ ਜ਼ਿੰਦਗੀ ਦੀ ਹਕੀਕਤ ਨੂੰ  ਪੇਸ਼ ਕਰਦੇ ਹਨ |
ਉਨ੍ਹਾਂ ਦੇ ਵਿਚਾਰ ਮਾਰਗ-ਦਰਸ਼ਕ ਵਾਲੀ ਭੂਮਿਕਾ ਨਿਭਾਉਂਦੇ ਹਨ | ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੁੰਦੇ ਹਨ | ਡਾ. ਨਰਿੰਦਰ ਸਿੰਘ ਕਪੂਰ ਦੀਆਂ ਵੀਡੀਓ ਸੁਣ ਕੇ ਨੌਜਵਾਨਾਂ ਨੂੰ  ਜਿਊਣ ਦੀ ਨਵੀਂ ਉਮੀਦ ਅਤੇ ਸਹੀ ਦਿਸ਼ਾ ਮਿਲਦੀ ਹੈ | ਉਨ੍ਹਾਂ ਦੇ ਵਿਚਾਰ ਸੁਣ ਕੇ ਮਨ ਨੂੰ  ਸਕੂਨ ਮਿਲਦਾ ਹੈ | ਉਨ੍ਹਾਂ ਦੀਆਂ ਵੀਡੀਓ ਕੇਵਲ ਇਕ ਵਾਰ ਸੁਣਨ ਲਈ ਨਹੀਂ, ਸਗੋਂ ਵਾਰ-ਵਾਰ ਸੁਣ ਕੇ ਜੀਵਨ ਵਿਚ ਅਪਨਾਉਣ ਵਾਲੀਆਂ ਹੁੰਦੀਆਂ ਹਨ | ਉਹ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ |
ਉਨ੍ਹਾਂ ਦੇ ਵਿਚਾਰ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਹਨ | ਉਹ ਕਹਿੰਦੇ ਹਨ ਠੀਕ ਢੰਗ ਨਾਲ ਜਿਊਣ ਵਾਲੇ ਹੀ ਤਰੱਕੀ ਕਰਦੇ ਹਨ | ਕਿਸੇ ਨਾਲ ਈਰਖਾ ਕਰਨ ਵਾਲਾ ਤਰੱਕੀ ਨਹੀਂ ਕਰ ਸਕਦਾ | ਪਹਿਰਾਵਾ ਤੁਹਾਡੇ ਨਾਂਅ ਨਾਲ ਜੀ ਲਵਾ ਸਕਦਾ ਹੈ | ਸਿਆਣਪ ਨਾਲ ਮਨੁੱਖ ਸੌ ਸਾਲ ਤੱਕ ਵੀ ਜੀਅ ਸਕਦਾ ਹੈ |
ਅਜਿਹੇ ਵਿਚਾਰਾਂ ਦੇ ਧਾਰਨੀ ਡਾ. ਨਰਿੰਦਰ ਸਿੰਘ ਕਪੂਰ ਲਈ ਉਨ੍ਹਾਂ ਦੇ ਪਾਠਕ ਅਤੇ ਦਰਸ਼ਕ ਦੁਆਵਾਂ ਕਰਦੇ ਹਨ ਕਿ ਉਹ ਲੰਮੀ ਉਮਰ ਬਤੀਤ ਕਰਨ ਅਤੇ ਇਸੇ ਤਰ੍ਹਾਂ ਸਮਾਜ ਨੂੰ  ਸੇਧ ਦਿੰਦੇ ਰਹਿਣ |

ਈ-ਮੇਲ : prof_kulbir@yahoo.com

ਪਿਛਲੀ ਖ਼ਬਰ ਕੀ ਭਾਜਪਾ ਦੀਆਂ ਨੀਤੀਆਂ ਰਾਹੁਲ ਗਾਂਧੀ ਦੇ ਹੱਕ ਵਿਚ ਜਾ ਰਹੀਆਂ ਹਨ? ਅਗਲੀ ਖ਼ਬਰ ਨਹਿਰੂ ਤੇ ਪਟੇਲ ਨੇ ਆਜ਼ਾਦੀ ਲਈ ਕਾਹਲੀ ਕਿਉਂ ਕੀਤੀ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।