07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਿਸ਼ਤਿਆਂ ਵਿਚ ਪੈ ਰਹੀਆਂ ਤਰੇੜਾਂ ਲਈ ਜ਼ਿੰਮੇਵਾਰ ਕੌਣ?

ਰਿਸ਼ਤਿਆਂ ਵਿਚ ਪੈ ਰਹੀਆਂ ਤਰੇੜਾਂ ਲਈ ਜ਼ਿੰਮੇਵਾਰ ਕੌਣ?

ਅਜੀਤ ਡੈਸਕ 07-09-2026

ਪੁਰਾਣੇ ਸਮੇਂ 'ਚ ਘਰ ਮਿੱਟੀ ਨਾਲ ਨਹੀਂ, ਭਰੋਸੇ ਨਾਲ ਬਣਦੇ ਸਨ | ਵੱਡੇ-ਛੋਟੇ ਇਕੱਠੇ ਬੈਠ ਕੇ ਖਾਣਾ ਖਾਂਦੇ, ਇਕ ਦੂਜੇ ਦੇ ਦੁੱਖ-ਸੁੱਖ ਸਾਂਝੇ ਕਰਦੇ | ਅੱਜ ਘਰ ਪੱਕੇ ਹੋ ਗਏ, ਕਮਰੇ ਵੱਡੇ ਹੋ ਗਏ, ਪਰ ਦਿਲਾਂ ਦੇ ਵਿਚਕਾਰ ਦੂਰੀਆਂ ਵਧ ਗਈਆਂ | ਰਿਸ਼ਤਿਆਂ 'ਚ ਜੋ ਤਰੇੜਾਂ ਪੈ ਰਹੀਆਂ ਨੇ, ਉਹ ਰੋਜ਼ ਦਿਸਦੀਆਂ ਨੇ | ਕਦੇ ਪਤੀ-ਪਤਨੀ ਦਾ ਝਗੜਾ, ਕਦੇ ਮਾਪੇ-ਬੱਚਿਆਂ ਦੀ ਨਾਰਾਜ਼ਗੀ, ਕਦੇ ਭੈਣ-ਭਰਾ ਦੀ ਬੋਲਚਾਲ ਬੰਦ | ਸਵਾਲ ਇਹ ਹੈ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ?
ਮੋਬਾਈਲ ਅਤੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਨੇੜੇ ਕਰ ਦਿੱਤਾ, ਪਰ ਆਪਣਿਆਂ ਤੋਂ ਦੂਰ ਕਰ ਦਿੱਤਾ | ਅਸੀਂ ਦੋਸਤਾਂ ਦੇ ਸਟੇਟਸ ਵੇਖਦੇ ਹਾਂ, ਪਰ ਪਰਿਵਾਰ ਦੇ ਚਿਹਰੇ ਦਾ ਭਾਵ ਨਹੀਂ ਪੜ੍ਹਦੇ | ਰਾਤ 12 ਵਜੇ ਤੱਕ ਰੀਲਾਂ ਸਕਰੋਲ ਹੁੰਦੀਆਂ ਨੇ, ਪਰ ਮਾਂ ਨਾਲ 5 ਮਿੰਟ ਗੱਲ ਨਹੀਂ ਹੁੰਦੀ | ਵਟਸਐਪ 'ਤੇ 'ਗੁੱਡ ਮਾਰਨਿੰਗ' ਦੁਨੀਆ ਨੂੰ ਭੇਜਦੇ ਹਾਂ, ਪਰ ਘਰ ਵਾਲੇ ਨੂੰ ਚਾਹ ਦਾ ਕੱਪ ਨਹੀਂ ਦਿੰਦੇ | ਇਸ ਤਰ੍ਹਾਂ ਰਿਸ਼ਤੇ ਸੰਚਾਰ ਦੀ ਕਮੀ ਕਾਰਨ ਸੁੱਕ ਰਹੇ ਨੇ |
'ਕਮਾਉਣਾ ਬਹੁਤ ਜ਼ਰੂਰੀ ਹੈ'—ਇਹ ਸੋਚ ਸਾਡੇ ਰਿਸ਼ਤਿਆਂ ਨੂੰ ਖਾ ਗਈ | ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕੰਮ, ਫਿਰ ਥਕਾਵਟ | ਐਤਵਾਰ ਨੂੰ ਵੀ ਕੰਮ ਜਾਂ ਫੰਕਸ਼ਨ | ਪਰਿਵਾਰ ਨਾਲ ਬੈਠਣ ਦਾ ਸਮਾਂ ਹੀ ਨਹੀਂ | ਜਦੋਂ ਅਸੀਂ ਰਿਸ਼ਤਿਆਂ ਨੂੰ ਸਮਾਂ ਨਹੀਂ ਦੇਵਾਂਗੇ, ਤਾਂ ਉਹ ਮੁਰਝਾਉਣਗੇ ਹੀ | ਪੈਸਾ ਕੱਪੜੇ-ਮਕਾਨ ਦੇ ਸਕਦਾ, ਪਰ ਅਪਣੱਤ ਨਹੀਂ ਖ਼ਰੀਦ ਸਕਦਾ |
ਅੱਜ ਦੀ ਸਭ ਤੋਂ ਵੱਡੀ ਬਿਮਾਰੀ 'ਈਗੋ' ਹੈ | 'ਮੈਂ ਕਿਉਂ ਮਾਫ਼ੀ ਮੰਗਾਂ, ਗ਼ਲਤੀ ਉਸ ਦੀ ਹੈ' | ਛੋਟੀ ਜਿਹੀ ਗੱਲ ਨੂੰ ਅਸੀਂ ਵੱਡਾ ਮੁੱਦਾ ਬਣਾ ਲੈਂਦੇ ਹਾਂ | ਨਾਲ ਹੀ ਅਸੀਂ ਰਿਸ਼ਤਿਆਂ ਤੋਂ ਬਹੁਤ ਉਮੀਦਾਂ ਰੱਖਦੇ ਹਾਂ | ਜੇ ਪਤਨੀ ਨੇ ਖਾਣਾ ਸਮੇਂ 'ਤੇ ਨਾ ਬਣਾਇਆ, ਜੇ ਬੇਟੇ ਨੇ ਨੰਬਰ ਘੱਟ ਲੈ ਲਏ, ਤਾਂ ਤੁਰੰਤ ਤਾਅਨੇ ਸ਼ੁਰੂ | ਇਸ ਨਾਲ ਮਨਾਂ 'ਚ ਦੂਰੀਆਂ ਵਧ ਜਾਂਦੀਆਂ ਨੇ |
ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਹਰ ਕੋਈ ਖ਼ੁਸ਼ ਦਿਸਦਾ ਹੈ ਪਰ ਹਕੀਕਤ ਇਸ ਦੇ ਉਲਟ ਹੈ | ਗੁਆਂਢੀ ਦੀ ਨਵੀਂ ਗੱਡੀ, ਰਿਸ਼ਤੇਦਾਰ ਦੇ ਬੇਟੇ ਦੀ ਵਿਦੇਸ਼ ਜਾਣ ਦੀ ਖ਼ਬਰ | ਇਸ ਨੰੂ ਦੇਖ ਕੇ ਅਸੀਂ ਆਪਣੇ ਘਰ 'ਚ ਕਮੀਆਂ ਕੱਢਣ ਲਗਦੇ ਹਾਂ | 'ਫਲਾਣੇ ਦੇ ਮਾਪੇ ਇੰਨਾ ਕਰਦੇ, ਤੁਸੀਂ ਕੀ ਕੀਤਾ' | ਇਹ ਤੁਲਨਾ ਰਿਸ਼ਤਿਆਂ 'ਚ ਜ਼ਹਿਰ ਘੋਲਦੀ ਹੈ |
ਪਹਿਲਾਂ ਲੋਕ ਛੋਟੀਆਂ-ਮੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸਨ | ਹੁਣ 2 ਮਿੰਟ ਦੀ ਦੇਰ ਤੇ ਵੀ 'ਤੁਹਾਨੂੰ ਮੇਰੀ ਕਦਰ ਨਹੀਂ' | ਸੁਣਨ ਦੀ ਸ਼ਕਤੀ ਖ਼ਤਮ ਹੋ ਗਈ | ਹਰ ਕੋਈ ਆਪਣੀ ਗੱਲ ਮੰਨਵਾਉਣਾ ਚਾਹੁੰਦਾ ਹੈ, ਪਰ ਦੂਜੇ ਦੀ ਗੱਲ ਸੁਣਨਾ ਕੋਈ ਨਹੀਂ ਚਾਹੁੰਦਾ |
ਇਸ ਦਾ ਦੋਸ਼ ਕਿਸੇ ਇਕ ਸਿਰ ਨਹੀਂ ਮੜਿ੍ਹਆ ਜਾ ਸਕਦਾ | ਮਾਪੇ ਜ਼ਿੰਮੇਵਾਰ ਨੇ, ਜੋ ਕਮਾਈ ਦੇ ਚੱਕਰ 'ਚ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ |  ਨੌਜਵਾਨ ਪੀੜ੍ਹੀ ਜ਼ਿੰਮੇਵਾਰ ਹੈ, ਜੋ ਮਾਪਿਆਂ ਨੂੰ ਸਮਝਣ ਦੀ ਬਜਾਏ 'ਜਨਰੇਸ਼ਨ ਗੈਪ' ਦਾ ਨਾਂ ਦੇ ਦਿੰਦੀ ਹੈ |
ਅਸੀਂ ਸਭ ਜ਼ਿੰਮੇਵਾਰ ਹਾਂ ਜੋ ਮੋਬਾਈਲ ਨੂੰ ਰਿਸ਼ਤੇ ਤੋਂ ਵੱਡਾ ਮੰਨ ਬੈਠੇ ਹਾਂ | ਰੋਜ਼ਾਨਾ ਪਰਿਵਾਰ ਲਈ ਸਮਾਂ ਕੱਢੀਏ-ਖਾਣਾ ਇਕੱਠੇ ਖਾਈਏ ਅਤੇ ਉਹ ਵੀ ਬਿਨਾਂ ਟੀ.ਵੀ-ਮੋਬਾਈਲ ਤੋਂ 15 ਮਿੰਟ ਗੱਲਬਾਤ ਕਰੀਏ |
ਮਨ 'ਚ ਗੱਲ ਨਾ ਰੱਖੋ, ਪਿਆਰ ਨਾਲ ਕਹੋ, ਰਿਸ਼ਤੇ ਕਾਗ਼ਜ਼ ਨਹੀਂ ਜੋ ਇਕ ਗ਼ਲਤੀ ਨਾਲ ਪਾੜ ਦਿਓ |
ਜਨਮਦਿਨ, ਤਿਉਹਾਰ ਇਕੱਠੇ ਮਨਾਓ | ਹਰ ਘਰ ਦੀ ਕਹਾਣੀ ਵੱਖਰੀ ਹੁੰਦੀ ਹੈ | ਇਸ ਲਈ ਤੁਲਨਾ ਕਰਨਾ ਛੱਡੋ | 
ਰਿਸ਼ਤਾ ਸ਼ੀਸ਼ੇ ਵਾਂਗ ਹੁੰਦਾ ਹੈ | ਇਕ ਵਾਰ ਚਟਾਕ ਪੈ ਜਾਵੇ ਅਤੇ ਜੁੜ ਵੀ ਜਾਵੇ ਪਰ ਦਾਗ਼ ਰਹਿ ਜਾਂਦਾ ਹੈ | ਅੱਜ ਅਸੀਂ ਮਹਿੰਗੇ ਫ਼ੋਨ, ਵੱਡੀਆਂ ਗੱਡੀਆਂ ਤਾਂ ਖ਼ਰੀਦ ਲਈਆਂ, ਪਰ ਸਕੂਨ ਵਾਲੇ 2 ਬੋਲ ਖਰੀਦਣੇ ਭੁੱਲ ਗਏ | ਜੇ ਹੁਣ ਵੀ ਨਾ ਸੰਭਲੇ ਤਾਂ ਇਕ ਦਿਨ ਸਾਡੇ ਕੋਲ ਸਭ ਕੁਝ ਹੋਵੇਗਾ, ਪਰ ਆਪਣਾ ਕਹਿਣ ਵਾਲਾ ਕੋਈ ਨਹੀਂ ਹੋਵੇਗਾ | ਅੰਤ ਵਿਚ ਇਹੋ ਕਹਾਂਗਾ ਕਿ ਰਿਸ਼ਤੇ ਬੂਟੇ ਵਾਂਗ ਹੁੰਦੇ ਨੇ, ਪਾਣੀ ਨਾ ਦਿਓ ਤਾਂ ਸੁੱਕ ਜਾਂਦੇ ਨੇ |

 ਸੰਸਥਾਪਕ 
- ਪੰਜਾਬ ਭਵਨ ਸਰੀ (ਕੈਨੇਡਾ)
+ 16045064426

ਪਿਛਲੀ ਖ਼ਬਰ ਨਹਿਰੂ ਤੇ ਪਟੇਲ ਨੇ ਆਜ਼ਾਦੀ ਲਈ ਕਾਹਲੀ ਕਿਉਂ ਕੀਤੀ? ਅਗਲੀ ਖ਼ਬਰ Biker Falls Into Deep Pit : ਸੜਕ 'ਤੇ ਪੁੱਟੇ ਹੋਏ ਡੂੰਘੇ ਖੱਡੇ 'ਚ ਮੋਟਰਸਾਈਕਲ ਸਮੇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।