03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ਼ੁਕਰਾਨੇ 'ਚ ਜੀਓ, ਉਲਾਂਭੇ 'ਚ ਨਹੀਂ

ਸ਼ੁਕਰਾਨੇ 'ਚ ਜੀਓ, ਉਲਾਂਭੇ 'ਚ ਨਹੀਂ

ਅਜੀਤ ਡੈਸਕ 03-08-2026

ਅਜੋਕੇ ਸਮਾਜ 'ਚ ਰਹਿੰਦੇ ਮਨੁੱਖ ਦਾ ਜੀਵਨ ਤਕਲੀਫ਼ਾਂ ਭਰਿਆ ਹੋ ਗਿਆ ਹੈ, ਕਿਉਂਕਿ ਮਾਨਸਿਕ ਬਿਮਾਰੀਆਂ ਦਾ ਘੇਰਾ ਦਿਨੋ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅੱਜ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤੱਕ ਸਭ ਮਾਨਸਿਕ ਰੋਗਾਂ ਦੀ ਲਪੇਟ 'ਚ ਆ ਰਹੇ ਹਨ। ਇਨ੍ਹਾਂ ਮਾਨਸਿਕ ਰੋਗਾਂ ਦਾ ਮੂਲ ਕਾਰਨ 'ਰੁਝੇਵਿਆਂ ਭਰਿਆ ਮਸ਼ੀਨੀ ਜੀਵਨ' ਹੈ, ਜਿਸ 'ਚ ਮਨੁੱਖ ਕੋਲ ਵਕਤ ਦੀ ਬਹੁਤ ਘਾਟ ਹੈ। ਤਰੱਕੀ ਦੀ ਦੌੜ ਨੇ ਮਨੁੱਖ ਕੋਲੋਂ ਉਸ ਦਾ ਸੁਖ, ਚੈਨ ਤੇ ਸਕੂਨ ਭਰਿਆ ਜੀਵਨ ਖੋਹ ਲਿਆ ਜਾਪਦਾ ਹੈ। ਇਸੇ ਕਰਕੇ ਮਾਨਸਿਕ ਰੋਗਾਂ ਤੋਂ ਗ੍ਰਸਤ ਲੋਕਾਂ ਦੀ ਗਿਣਤੀ ਨਿਰੰਤਰ ਵਧਦੀ ਜਾ ਰਹੀ ਹੈ। ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੇਲੋੜਾ ਬੋਝ ਦਿਨੋ-ਦਿਨ ਵਧ ਰਿਹਾ ਹੈ। ਦੋ-ਢਾਈ ਸਾਲ ਦੇ ਮਾਸੂਮ ਬੱਚਿਆਂ ਨੂੰ ਪੜ੍ਹਨ ਲਈ ਸਕੂਲਾਂ 'ਚ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ ਤੇ ਇਹ ਬੋਝ ਤਾਉਮਰ ਬੱਚੇ 'ਤੇ ਪਿਆ ਰਹਿੰਦਾ ਹੈ। ਫਿਰ ਸਹਿਜੇ-ਸਹਿਜੇ ਬੱਚੇ ਮਾਨਸਿਕ ਰੋਗਾਂ ਦੀ ਲਪੇਟ 'ਚ ਆ ਜਾਂਦੇ ਹਨ, ਪਰ ਮਾਂ-ਬਾਪ ਕੋਲ ਆਪਣੇ ਬੱਚੇ ਦੇ ਮਨ ਦੇ ਭਾਵਾਂ ਨੂੰ ਸਮਝਣ ਤੇ ਉਸ ਨਾਲ ਗੱਲ ਕਰਨ ਲਈ ਵਕਤ ਨਹੀਂ ਹੁੰਦਾ। ਅਜਿਹੀ ਸਥਿਤੀ 'ਚ ਬੱਚੇ ਬਿਮਾਰ ਹੋ ਜਾਂਦੇ ਹਨ ਤੇ ਅਜਿਹੇ ਹਾਲਾਤ ਅੱਜਕਲ੍ਹ ਬਜ਼ੁਰਗਾਂ ਦੇ ਵੀ ਬਣੇ ਹੋਏ ਹਨ। ਅੱਜ ਘਰਾਂ 'ਚ ਬਜ਼ੁਰਗਾਂ ਨਾਲ ਗੱਲ ਕਰਨ ਵਾਲਾ ਕੋਈ ਮੈਂਬਰ ਹੀ ਨਹੀਂ ਹੁੰਦਾ ਤੇ ਬਹੁਤੇ ਬਜ਼ੁਰਗ ਆਪਣੇ ਘਰਾਂ ਅੰਦਰ ਇਕਲਾਪੇ ਦਾ ਸੰਤਾਪ ਹੰਢਾ ਰਹੇ ਹਨ।
ਨੌਜਵਾਨ ਪੀੜ੍ਹੀ ਨੂੰ ਆਪਣੇ ਜੀਵਨ ਵਿਚ ਕਾਮਯਾਬੀ ਦੀ ਚਿੰਤਾ ਹੈ। ਉਹ ਹਰ ਹੀਲਾ ਵਰਤ ਕੇ ਪੈਸਾ ਕਮਾਉਣਾ ਤੇ ਕਾਮਯਾਬੀ ਪ੍ਰਾਪਤ ਕਰਕੇ ਅੱਗੇ ਵਧਣਾ ਚਾਹੁੰਦੇ ਹਨ। ਜਿਸ ਲਈ ਉਹ ਆਪਣੀ ਹਰ ਖੁਸ਼ੀ, ਇੱਛਾ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਹਨ। ਹਾਲਾਂਕਿ ਪਿੰਡਾਂ 'ਚ ਅਜੇ ਸਥਿਤੀ ਇੰਨੀ ਭਿਆਨਕ ਨਹੀਂ ਹੋਈ, ਜਿੰਨੀ ਵੱਡੇ ਸ਼ਹਿਰਾਂ 'ਚ ਹੋ ਚੁਕੀ ਹੈ। ਪਿਛਲੇ ਦਿਨੀਂ ਅਖ਼ਬਾਰ ਵਿਚ ਛਪੀ ਇਕ ਖ਼ਬਰ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਘਰ ਵਿਚ ਇਕੱਲੇ ਰਹਿੰਦੇ ਇਕ ਬਜ਼ੁਰਗ ਦੀ ਮੌਤ ਹੋ ਗਈ, ਜਿਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਸਨ। ਉਸ ਬਜ਼ੁਰਗ ਦੀ ਮੌਤ ਬਾਰੇ ਕਿਸੇ ਨੂੰ ਕੋਈ ਖ਼ਬਰ ਤੱਕ ਨਾ ਲੱਗੀ। ਜਦੋਂ ਕੁੱਝ ਦਿਨਾਂ ਬਾਅਦ ਲਾਸ਼ 'ਚੋਂ ਮੁਸ਼ਕ ਆਉਣ ਲੱਗੀ ਤਾਂ ਆਂਢ-ਗੁਆਂਢ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਜਦੋਂ ਆ ਕੇ ਘਰ ਦਾ ਬੂਹਾ ਤੋੜਿਆ ਤਾਂ ਵੇਖਿਆ ਕਿ ਬਜ਼ੁਰਗ ਦੀ ਲਾਸ਼ ਨੂੰ ਕੀੜੇ ਖਾ ਚੁਕੇ ਸਨ ਤੇ ਕੁਝ ਹੱਡੀਆਂ ਹੀ ਬਚੀਆਂ ਸਨ। ਇਹ ਵਰਤਾਰਾ ਅਜੋਕੇ ਸਮਾਜ ਦੀ ਡਰਾਉਣੀ ਤਸਵੀਰ ਪੇਸ਼ ਕਰਦਾ ਹੈ, ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ, ਨਾ ਤਾਂ ਸਰਕਾਰਾਂ ਤੇ ਨਾ ਹੀ ਸਮਾਜ ਦੇ ਬੁੱਧੀਜੀਵੀ ਵਰਗ ਇਸ ਪ੍ਰਤੀ ਸੁਹਿਰਦ ਹਨ। ਇਹ ਵਰਤਾਰਾ ਕਿੱਥੇ ਜਾ ਕੇ ਰੁਕੇਗਾ, ਕੁਝ ਵੀ ਨਹੀਂ ਕਿਹਾ ਜਾ ਸਕਦਾ।
ਵਰਤਮਾਨ ਸਥਿਤੀ ਇਹ ਹੈ ਕਿ ਸਕੂਲਾਂ, ਕਾਲਜਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਹੈ। ਪੇਪਰਾਂ 'ਚ ਨਾਕਾਮਯਾਬੀ ਦੇ ਡਰ ਤੋਂ ਕੋਟਾ (ਰਾਜਸਥਾਨ) ਵਿਖੇ ਕੋਚਿੰਗ ਲੈਣ ਵਾਲੇ ਦਰਜਨਾਂ ਵਿਦਿਆਰਥੀ ਮੌਤ ਨੂੰ ਗਲੇ ਲਗਾ ਚੁੱਕੇ ਹਨ। ਅੱਜ ਹਰ ਬੰਦਾ ਇਕਲਾਪੇ ਦਾ ਸੰਤਾਪ ਆਪਣੇ ਪਿੰਡੇ 'ਤੇ ਇਕੱਲਾ ਹੰਢਾ ਰਿਹਾ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਅੱਜ ਦਾ ਮਨੁੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਤਰੱਕੀ ਤੇ ਕਾਮਯਾਬੀ ਦੇ ਹਨੇਰੇ ਵਿਚ ਗੁਆਚ ਗਿਆ ਜਾਪਦਾ ਹੈ। ਆਪਸੀ ਮੋਹ-ਪਿਆਰ ਬੀਤੇ ਵੇਲੇ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਹਨ, ਮਨੁੱਖ ਮਸ਼ੀਨ 'ਚ ਤਬਦੀਲ ਹੋ ਚੁੱਕਿਆ ਹੈ। ਜੇਕਰ ਮਨੁੱਖ ਨੂੰ ਆਪਣੇ ਜੀਵਨ 'ਚ ਖੁਸ਼ੀ, ਸਕੂਨ ਤੇ ਸ਼ਾਂਤੀ ਚਾਹੀਦੀ ਹੈ, ਤਾਂ ਉਸ ਨੂੰ ਪਹਿਲਾਂ ਆਪਣੇ ਪੁਰਾਤਨ ਵਿਰਸੇ ਤੇ ਸੰਸਕ੍ਰਿਤੀ ਵਾਲੇ ਪਾਸੇ ਮੁੜਨਾ ਪਵੇਗਾ। ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਨੂੰ ਮੁੜ ਜਾਗ੍ਰਿਤ ਕਰਦਿਆਂ ਇਕ-ਦੂਜੇ ਦੇ ਸੁਖ-ਦੁਖ ਨੂੰ ਸੁਣਨਾ, ਜਾਣਨਾ ਤੇ ਮਹਿਸੂਸ ਕਰਨਾ ਪਵੇਗਾ। ਆਧੁਨਿਕਤਾ ਦੀ ਅੰਨ੍ਹੀ ਦੌੜ ਨੂੰ ਕੁਝ ਵਕਤ ਲਈ ਲਾਂਭੇ ਰੱਖ ਕੇ ਆਪਣੇ ਪਿਆਰਿਆਂ ਨਾਲ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਮਾਣਦਿਆਂ ਮਨੁੱਖ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਅ ਸਕਦਾ ਹੈ। ਉਹ ਇਕ-ਦੂਜੇ ਦੇ ਸੁਖ-ਦੁਖ 'ਚ ਸ਼ਰੀਕ ਹੋ ਕੇ ਉਨ੍ਹਾਂ ਦੀ ਉਲਝਣ ਨੂੰ ਸਮਝ ਸਕਦਾ ਹੈ ਤੇ ਉਸ ਦਾ ਹੱਲ ਕੱਢਣ 'ਚ ਮਦਦ ਕਰ ਸਕਦਾ ਹੈ। ਇਹੋ ਖੁਸ਼ਹਾਲ ਜੀਵਨ ਦਾ ਅਸਲ ਮੰਤਰ ਹੈ।
ਅਖ਼ੀਰ 'ਚ ਕਿਹਾ ਜਾ ਸਕਦਾ ਹੈ, ਕਿ ਅਜੋਕੇ ਮਨੁੱਖ ਨੂੰ ਉਲਾਂਭੇ ਦੀ ਥਾਂ ਤੇ ਸ਼ੁਕਰਾਨੇ 'ਚ ਜਿਉਣ ਦੀ ਜਾਂਚ ਸਿੱਖਣੀ ਪਵੇਗੀ, ਕਿਉਂਕਿ ਜ਼ਰੂਰਤਾਂ ਤਾਂ ਹਰ ਗ਼ਰੀਬ ਤੇ ਅਮੀਰ ਬੰਦੇ ਦੀਆਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਪਰ ਇੱਛਾਵਾਂ ਤਾਂ ਰਾਜਿਆਂ- ਮਹਾਰਾਜਿਆਂ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ। ਸੋ ਦੋਸਤੋ! ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਜੀਓ, ਇੱਛਾਵਾਂ ਦੇ ਮੁਤਾਬਿਕ ਨਹੀਂ। ਅਸੀਂ ਉਨ੍ਹਾਂ ਗੱਲਾਂ ਵੱਲ ਵਧੇਰੇ ਧਿਆਨ ਕੇਂਦ੍ਰਿਤ ਕਰਕੇ ਚਿੰਤਤ ਹੋ ਜਾਂਦੇ ਹਾਂ, ਜੋ ਅਜੇ ਭਵਿੱਖ ਦੀ ਕੁੱਖ਼ ਵਿਚ ਹਨ। ਪਰ ਇਹ ਗੱਲ 100 ਫ਼ੀਸਦੀ ਪੱਕੀ ਤੇ ਦਰੁਸਤ ਹੈ, ਕਿ ਜਦੋਂ ਮਨੁੱਖ ਜ਼ਰੂਰਤਾਂ ਦੇ ਮੁਤਾਬਿਕ ਜਿਉਣ ਵਾਲੇ ਪਾਸੇ ਤੁਰ ਪਿਆ ਤਾਂ ਉਸ ਦੇ ਜੀਵਨ ਦੀਆਂ ਅੱਧੀਆਂ ਸਮੱਸਿਆਵਾਂ ਤਾਂ ਆਪਣੇ-ਆਪ ਹੀ ਹੱਲ ਹੋ ਜਾਣਗੀਆਂ। ਖ਼ੈਰ ਹੋਵੇ! ਸਭ ਜਿਉਂਦੇ-ਵਸਦੇ ਰਹੋ।
ਸੰਪਰਕ : 90414-98009

 

ਪਿਛਲੀ ਖ਼ਬਰ ਜਨਤਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ-2026-ਨੌਜਵਾਨਾਂ ਦੀ ਮਿਹਨਤ ਦੀ ਸੁਰੱਖਿਆ ਲਈ ਇਕ ਢੁਕਵੀਂ ਪਹਿਲ... ਅਗਲੀ ਖ਼ਬਰ ਭਗਤ ਪੂਰਨ ਸਿੰਘ ਨੇ ਮੇਰੀ ਇੰਟਰਵਿਊ ਇੰਜ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।