21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਹਿਯੋਗ ਦਾ ਵਧਦਾ ਘੇਰਾ

ਅਜੀਤ ਡੈਸਕ 23-05-2026

ਪਿਛਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਝ ਦੇਸ਼ਾਂ ਦੀ ਵਿਦੇਸ਼ ਯਾਤਰਾ ਦੀ ਵੱਡੀ ਪੱਧਰ 'ਤੇ ਚਰਚਾ ਹੁੰਦੀ ਰਹੀ ਹੈ। ਉਨ੍ਹਾਂ ਦੀ ਥੋੜ੍ਹੇ ਸਮੇਂ ਦੀ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਇਸ ਲਈ ਭਾਵਪੂਰਤ ਮੰਨੀ ਜਾ ਸਕਦੀ ਹੈ, ਕਿਉਂਕਿ ਇਹ ਦੇਸ਼ ਭਾਰਤ ਦਾ ਵੱਡਾ ਸਹਿਯੋਗੀ ਬਣਿਆ ਰਿਹਾ ਹੈ। ਵਧੇਰੇ ਕਰਕੇ ਅਰਬ ਮੁਲਕਾਂ ਤੋਂ ਹੀ ਦੇਸ਼ ਤੇਲ ਦੀ ਦਰਾਮਦ ਕਰਦਾ ਹੈ। ਪੱਛਮੀ ਏਸ਼ੀਆ ਵਿਚ ਛਿੜੀ ਲੜਾਈ ਕਾਰਨ ਇਸ ਦੇਸ਼ ਨਾਲ ਕੀਤੇ ਤੇਲ ਦੇ ਸਮਝੌਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਬੇਹੱਦ ਮਹੱਤਵਪੂਰਨ ਮੰਨੇ ਜਾ ਸਕਦੇ ਹਨ। ਉਨ੍ਹਾਂ ਦੀ ਸਕੈਂਡੇਨੇਵੀਅਨ ਦੇਸ਼ਾਂ, ਜਿਨ੍ਹਾਂ ਨੂੰ ਨੋਰਡਿਕ ਦੇਸ਼ ਵੀ ਕਿਹਾ ਜਾਂਦਾ ਹੈ, ਦੀ ਫੇਰੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਵਲੋਂ ਦੋਸਤੀ ਦੇ ਦਾਇਰੇ ਨੂੰ ਹੋਰ ਵੀ ਵੱਡਾ ਕਰਨ ਦਾ ਸੰਕੇਤ ਹੈ। ਅੱਜ 700 ਦੇ ਲਗਭਗ ਨਾਰਡਿਕ ਕੰਪਨੀਆਂ ਭਾਰਤ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ ਅਤੇ 150 ਦੇ ਕਰੀਬ ਭਾਰਤੀ ਕੰਪਨੀਆਂ ਨਾਰਡਿਕ ਖਿੱਤੇ ਵਿਚ ਸਰਗਰਮ ਹਨ।
ਨਾਰਵੇ, ਡੈਨਮਾਰਕ, ਫਿਨਲੈਂਡ ਅਤੇ ਸਵੀਡਨ ਅਜਿਹੇ ਦੇਸ਼ ਹਨ, ਜਿਨ੍ਹਾਂ ਨੂੰ ਧਰਤੀ 'ਤੇ ਉਤਰਿਆ ਸਵਰਗ ਕਿਹਾ ਜਾ ਸਕਦਾ ਹੈ। ਇੱਥੋਂ ਦੇ ਨਾਗਰਿਕ ਜਿਸ ਤਰ੍ਹਾਂ ਦਾ ਜੀਵਨ ਪੱਧਰ ਜੀਅ ਰਹੇ ਹਨ, ਉਸ ਦੀ ਸਾਡੇ ਮੁਲਕਾਂ ਵਿਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਰਤ ਅਤੇ ਨਾਰਡਿਕ ਦੇਸ਼ ਚਿਰਾਂ ਤੋਂ ਆਪਸੀ ਸਮਝੌਤਿਆਂ ਨਾਲ ਜੁੜੇ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੀਜੇ ਭਾਰਤ-ਨਾਰਡਿਕ ਸਿਖਰ ਸੰਮੇਲਨ ਦਾ ਇਕ ਅਹਿਮ ਹਿੱਸਾ ਸੀ। ਇਨ੍ਹਾਂ ਦੇਸ਼ਾਂ ਨਾਲ ਕੀਤੇ ਸਮਝੌਤੇ ਵੀ ਅਹਿਮ ਮੰਨੇ ਜਾ ਸਕਦੇ ਹਨ। ਨਾਰਡਿਕ ਦੇਸ਼ ਲੋਕਤੰਤਰੀ ਮੁਲਕਾਂ ਅਤੇ ਮਨੁੱਖੀ ਵਿਕਾਸ 'ਤੇ ਕੇਂਦਰਿਤ ਰਹੇ ਹਨ। ਉਨ੍ਹਾਂ ਨਾਲ ਕੀਤੇ ਸਮਝੌਤਿਆਂ ਵਿਚ ਹਰੀ ਊਰਜਾ ਦੇ ਨਾਲ-ਨਾਲ ਨਵੀਨ ਤਕਨਾਲੋਜੀ ਦਾ ਆਦਾਨ-ਪ੍ਰਦਾਨ ਨਿਸਚੇ ਹੀ ਭਾਰਤ ਲਈ ਲਾਹੇਵੰਦਾ ਸਾਬਿਤ ਹੋਵੇਗਾ। ਇਸੇ ਹੀ ਫੇਰੀ ਵਿਚ ਪ੍ਰਧਾਨ ਮੰਤਰੀ ਦੀ ਇਟਲੀ ਦੀ ਯਾਤਰਾ ਦੀ ਵੀ ਵੱਡੀ ਚਰਚਾ ਹੁੰਦੀ ਰਹੀ ਹੈ। ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਇਟਲੀ ਭਾਰਤ ਦਾ ਵੱਡਾ ਵਪਾਰਕ ਭਾਈਵਾਲ ਸਾਥੀ ਬਣਿਆ ਰਿਹਾ ਹੈ। ਇੱਥੇ 2 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਵਸੇ ਹੋਏ ਹਨ ਅਤੇ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਵੀ ਇੱਥੋਂ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਹਨ। ਸਾਲ 2025 ਵਿਚ ਦੋਹਾਂ ਦੇਸ਼ਾਂ ਦਾ ਆਪਸੀ ਵਪਾਰ 14.25 ਅਰਬ ਡਾਲਰ (1,36,800 ਕਰੋੜ ਰੁਪਏ) ਦੇ ਲਗਭਗ ਰਿਹਾ ਸੀ। ਹੁਣ ਹੋਏ ਸਮਝੌਤਿਆਂ ਵਿਚ ਸਾਲ 2029 ਤੱਕ ਸਾਲਾਨਾ ਵਪਾਰ 20 ਅਰਬ ਡਾਲਰ (1,92,000 ਕਰੋੜ ਰੁਪਏ) ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਕ ਵੱਡੀ ਗੱਲ ਇਹ ਵੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤ ਮੱਧ ਪੂਰਬ ਅਤੇ ਯੂਰਪੀ ਕਾਰੀਡੋਰ ਸੰਬੰਧੀ ਕੀਤੀ ਜਾ ਰਹੀ ਯੋਜਨਾਬੰਦੀ ਦਾ ਹਿੱਸਾ ਰਿਹਾ ਹੈ, ਜਿਸ ਵਿਚ ਇਟਲੀ ਵੀ ਇਕ ਵੱਡਾ ਭਾਗੀਦਾਰ ਹੈ। ਆਉਂਦੇ ਸਮੇਂ ਵਿਚ ਵੀ ਭਾਰਤ ਦੀ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਬਣ ਰਹੀ ਭਾਈਵਾਲੀ ਵਿਚ ਇਟਲੀ ਇਕ ਮਜ਼ਬੂਤ ਕੜੀ ਬਣਨ ਦੀ ਸੰਭਾਵਨਾ ਰੱਖਦਾ ਹੈ। ਨਿਸਚੇ ਹੀ ਭਾਰਤ ਦਾ ਵਧਦਾ ਦੋਸਤੀ ਅਤੇ ਸਹਿਯੋਗ ਦਾ ਘੇਰਾ ਇਸ ਦੇ ਚੰਗੇ ਭਵਿੱਖ ਦਾ ਜ਼ਾਮਨ ਬਣ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਚੌਰਾਹੇ 'ਤੇ ਖੜ੍ਹੀ ਹੈ ਸਾਡੀ ਸਿੱਖਿਆ ਨੀਤੀ ਅਗਲੀ ਖ਼ਬਰ ਅੱਗੇ ਵਧਣ ਅਤੇ ਵਿਕਾਸ ਲਈ ਮਿਲ ਕੇ ਚੱਲਣਾ ਮਿੱਥੇ ਟੀਚੇ ਨੂੰ ਹੋਰ ਵੀ ਨਜ਼ਦੀਕ ਲਿਆਉਂਦਾ ਹੈ। -ਅਗਿਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।