ਭਾਵੇਂ ਕਣਕ ਦੀ ਵਾਢੀ ਅਜੇ ਹੋਣੀ ਹੈ। ਕਿਸਾਨ ਖ਼ਰੀਫ਼ 'ਚ ਕਾਸ਼ਤ ਕਰਨ ਲਈ ਫ਼ਸਲਾਂ ਤੇ ਉਨ੍ਹਾਂ ਦੀਆਂ ਕਿਸਮਾਂ ਦੀ ਚੋਣ ਬਾਰੇ ਹੁਣੇ ਤੋਂ ਵਿਚਾਰਾਂ ਕਰ ਰਹੇ ਹਨ। ਕਿਸਾਨਾਂ ਨੂੰ ਝੋਨੇ, ਬਾਸਮਤੀ ਤੋਂ ਇਲਾਵਾ ਹੋਰ ਕੋਈ ਫ਼ਸਲ ਜੋ ਇਨ੍ਹਾਂ ਜਿੰਨਾ ਮੁਨਾਫ਼ਾ ਦੇ ਸਕੇ, ਕਿਸਾਨ ਮੇਲਿਆਂ 'ਚ ਨਹੀਂ ਮਿਲੀ। ਝੋਨੇ ਤੇ ਬਾਸਮਤੀ ਦੀ ਕਾਸ਼ਤ 32 ਲੱਖ ਹੈਕਟੇਅਰ ਰਕਬੇ 'ਤੇ ਹੋਣੀ ਹੈ। ਝੋਨਾ ਤੇ ਬਾਸਮਤੀ ਦੀਆਂ ਕਿਸਮਾਂ ਦੀ ਭਰਮਾਰ ਹੈ। ਉਹ ਬਿਜਾਈ ਲਈ ਕੋਈ ਲਾਹੇਵੰਦ ਕਿਸਮ ਨੂੰ ਚੁਣਨਾ ਚਾਹੁੰਦੇ ਹਨ ਤੇ ਇਸ ਸੰਬੰਧੀ ਦੁਬਿਧਾ 'ਚ ਹਨ। ਇੱਥੋਂ ਤੱਕ ਕਿ ਇਕ ਨਿੱਜੀ ਕੰਪਨੀ ਵਲੋਂ ਤਿਆਰ ਕੀਤੀ ਝੋਨੇ ਦੀ ਹਾਈਬ੍ਰਿਡ ਕਿਸਮ ਬੜੇ ਮਹਿੰਗੇ ਭਾਅ ਖਰੀਦਣ ਲਈ ਵੀ ਤਿਆਰ ਹਨ।
ਹਾਈਬ੍ਰਿਡ ਕਿਸਮਾਂ ਦਾ ਝਾੜ ਜ਼ਿਆਦਾ ਹੋਣ ਕਰਕੇ ਕਿਸਾਨਾਂ ਦਾ ਰੁਝਾਨ ਇਸ ਕਿਸਮ ਵੱਲ ਹੈ। ਪਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਵੇਲੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵੇਲੇ ਨਿੱਜੀ ਖੇਤਰ ਦੇ ਬੀਜ ਵਿਕਰੇਤਾ ਇਸ ਕੰਪਨੀ ਨੂੰ ਵੱਡੀਆਂ ਪੇਸ਼ਗੀਆਂ ਦੇ ਚੁੱਕੇ ਹਨ ਤੇ ਦੇ ਰਹੇ ਹਨ। ਡਾ. ਬਰਾੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਾ ਕਰਨ। ਕੰਪਨੀ ਦੇ ਪ੍ਰਤੀਨਿਧ ਤੇ ਇਸ ਕਿਸਮ ਦੇ ਨਿਰਮਾਤਾ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਇਨ੍ਹਾਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ 'ਤੇ ਕੋਈ ਰੋਕ ਨਹੀਂ। ਪਿਛਲੇ ਸਾਲਾਂ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਇਨ੍ਹਾਂ ਕਿਸਮਾਂ ਦੀ ਕਾਸ਼ਤ 'ਤੇ ਰੋਕ ਲਾਈ ਗਈ ਸੀ, ਪਰ ਇਨ੍ਹਾਂ ਕਿਸਮਾਂ ਦੇ ਵੱਡੇ ਨਿਰਮਾਤਾਵਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਰਿਟ ਪਾ ਕੇ ਇਸ ਰੁਕਾਵਟ ਨੂੰ ਖਤਮ ਕਰਵਾ ਦਿੱਤਾ ਸੀ, ਜਿਸ ਵਿਰੁਧ ਪੰਜਾਬ ਸਰਕਾਰ ਨੇ ਅਪੀਲ ਕੀਤੀ ਹੋਈ ਹੈ।
ਝੋਨਾ, ਬਾਸਮਤੀ ਦੀ ਕਾਸ਼ਤ ਲਗਾਤਾਰ 30 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਕੀਤੀ ਜਾਂਦੀ ਰਹੀ ਹੈ। ਮੁੱਖ ਤੌਰ 'ਤੇ ਪੀਆਰ-133, ਪੀਆਰ-126 ਅਤੇ ਬਾਸਮਤੀ ਦੀਆਂ ਪੂਸਾ ਬਾਸਮਤੀ-1509 ਤੇ ਪੂਸਾ ਬਾਸਮਤੀ-1692 ਜਿਹੀਆਂ ਕਿਸਮਾਂ ਦੀ ਵਧੇਰੇ ਮੰਗ ਰਹੀ ਹੈ। ਵਧੀਆ ਚੌਲਾਂ ਵਾਲੀਆਂ ਪੂਸਾ ਬਾਸਮਤੀ-1121 ਤੇ ਪੂਸਾ ਬਾਸਮਤੀ-1401 ਕਿਸਮਾਂ ਦੀ ਕਾਸ਼ਤ ਵੱਲ ਰੁਝਾਨ ਬਹੁਤ ਘੱਟ ਹੈ। ਇਹ ਪੱਕਣ ਨੂੰ ਲੰਮਾ ਸਮਾਂ ਲੈਂਦੀਆਂ ਹਨ। ਕਿਸਾਨ ਆਈ.ਏ.ਆਰ.ਆਈ. ਵਲੋਂ ਨਵੀਆਂ ਕਿਸਮਾਂ ਪੂਸਾ-1824 ਤੇ ਪੂਸਾ-2090, ਜੋ ਪੱਕਣ ਨੂੰ 125 130 ਦਿਨ ਲੈਂਦੀਆਂ ਹਨ ਤੇ 35 ਕੁਇੰਟਲ ਪ੍ਰਤੀ ਏਕੜ ਤੱਕ ਔਸਤਨ ਝਾੜ ਦੇ ਦਿੰਦੀਆਂ ਹਨ, ਉਨ੍ਹਾਂ ਦੀ ਕਾਸ਼ਤ ਕਰਨ ਨੂੰ ਤਰਜੀਹ ਦੇ ਰਹੇ ਹਨ। ਸੈਂਟਰਲ ਸੁਆਇਲ ਸੈਲਿਨਿਟੀ ਰਿਸਰਚ ਇੰਸਟੀਚਿਊਟ ਕਰਨਾਲ ਵਲੋਂ 2024 'ਚ ਕੁਝ ਰਾਜਾਂ ਲਈ ਜਾਰੀ ਕੀਤੀ ਗਈ ਸੀ.ਐਸ.ਆਰ-101 ਕਿਸਮ ਦੀ ਵੀ ਪੰਜਾਬ ਦੇ ਕੁਝ ਕਿਸਾਨ ਕਾਸ਼ਤ ਕਰਨ ਦਾ ਇਰਾਦਾ ਰੱਖਦੇ ਹਨ। ਕਈ ਹੋਰ ਅਪ੍ਰਮਾਣਿਤ ਕਿਸਮਾਂ ਮੰਡੀ 'ਚ ਵਿਕ ਰਹੀਆਂ ਹਨ, ਜਿਨ੍ਹਾਂ ਨੂੰ ਅਪਣਾਉਣ ਸੰਬੰਧੀ ਕਿਸਾਨ ਭੰਬਲ ਭੂਸੇ 'ਚ ਹਨ। ਨਿੱਜੀ ਬੀਜ ਵਿਕਰੇਤਾਵਾਂ ਕੋਲੋਂ ਅਜੇ ਤੱਕ ਝੋਨੇ, ਬਾਸਮਤੀ ਦਾ ਬੜਾ ਘੱਟ ਬੀਜ ਵਿਕਿਆ ਹੈ। ਭਾਵੇਂ ਪੀ.ਏ.ਯੂ. ਤੇ ਆਈ.ਏ.ਆਰ.ਆਈ. ਵਲੋਂ ਲਗਾਏ ਕਿਸਾਨ ਮੇਲਿਆਂ 'ਚ ਚੋਣਵੀਆਂ ਕਿਸਮਾਂ ਦੇ ਬੀਜਾਂ ਦੀ ਵਿਕਰੀ ਜ਼ਰੂਰ ਹੋਈ, ਪਰ ਪਿਛਲੇ ਮੇਲਿਆਂ ਤੋਂ ਇਹ ਵਿਕਰੀ ਬੜੀ ਘੱਟ ਰਹੀ।
ਸਰਟੀਫਾਈਡ ਤੇ ਫਾਊਂਡੇਸ਼ਨ ਬੀਜ ਕਿਸਾਨਾਂ ਨੂੰ ਬੜੇ ਘੱਟ ਉਪਲਬਧ ਹਨ। ਮੰਡੀ 'ਚ ਜ਼ਿਆਦਾ ਟੀਐਲ (ਟਰੂੱਥਫੁਲੀ ਲੇਬਲਡ) ਬੀਜ ਉਪਲਬਧ ਹਨ। ਡਾ. ਬਰਾੜ ਕਹਿੰਦੇ ਹਨ ਕਿ ਕਿਸਾਨਾਂ ਨੂੰ ਫ਼ਸਲੀ ਭਿੰਨਤਾ ਪੱਖੋਂ ਬਾਸਮਤੀ ਦੀ ਕਾਸ਼ਤ ਵਧੇਰੇ ਕਰਨੀ ਚਾਹੀਦੀ ਹੈ। ਬਾਸਮਤੀ ਦੀ 60 65 ਲੱਖ ਟਨ ਬਰਾਮਦ ਤੋਂ ਦੇਸ਼ ਨੂੰ 50 ਹਜ਼ਾਰ ਕਰੋੜ ਰੁਪਏ ਤੱਕ ਦੀ ਵਿਦੇਸ਼ੀ ਮੁਦਰਾ ਮਿਲਦੀ ਹੈ। ਭਾਰਤ ਦਾ ਵਿਸ਼ਵ ਬਾਸਮਤੀ ਐਕਸਪੋਰਟ 'ਚ 70 ਫ਼ੀਸਦੀ ਤੱਕ ਹਿੱਸਾ ਹੈ, ਜਿਸ 'ਚ ਪੰਜਾਬ ਦਾ ਹਰਿਆਣਾ ਨੂੰ ਮਿਲਾ ਕੇ 40 ਫ਼ੀਸਦੀ ਤੱਕ ਦਾ ਯੋਗਦਾਨ ਹੈ। ਬਰਾਮਦ ਵਿਚ ਪੂਸਾ ਬਾਸਮਤੀ-1121 ਤੇ ਪੂਸਾ ਬਾਸਮਤੀ-1509 ਕਿਸਮਾਂ ਪ੍ਰਧਾਨ ਹਨ। ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਨਾਮਵਰ ਐਕਸਪੋਰਟਰ ਵਿਜੇ ਸੇਤੀਆ ਕਹਿੰਦੇ ਹਨ ਕਿ ਬਾਸਮਤੀ ਦੀ ਘਰੇਲੂ ਤੇ ਵਿਦੇਸ਼ਾਂ 'ਚ ਮੰਗ ਬਣੀ ਹੋਈ ਹੈ। ਜਿਨ੍ਹਾਂ ਮੁਲਕਾਂ 'ਚ ਬਾਸਮਤੀ ਬਰਾਮਦ ਕੀਤੀ ਜਾਂਦੀ ਹੈ, ਉੱਥੋਂ ਦੇ ਖ਼ਪਤਕਾਰਾਂ ਵਿਚ ਇਸ ਲਈ ਸੁਆਦ ਬਣਿਆ ਹੋਇਆ ਹੈ। ਪੰਜਾਬ 'ਚ ਬਾਸਮਤੀ ਦੀ ਕਾਸ਼ਤ ਥੱਲੇ 7 ਲੱਖ ਹੈਕਟੇਅਰ ਰਕਬੇ 'ਚ ਆਈ.ਏ.ਆਰ.ਆਈ. ਦੇ ਮੁੱਖ ਵਿਗਿਆਨੀ ਡਾ. ਅਕਸ਼ੇ ਤਾਲੁਕਦਾਰ ਅਨੁਸਾਰ ਆਈ.ਏ.ਆਰ. ਆਈ. ਦੀਆਂ ਕਿਸਮਾਂ 80 90 ਫ਼ੀਸਦੀ ਰਕਬੇ 'ਤੇ ਕਾਸ਼ਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ 'ਚ ਜੋ ਸੁਧਾਰ ਲਿਆਂਦੇ ਗਏ ਹਨ, ਉਸ ਉਪਰੰਤ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ।
ਖੇਤੀ ਨੂੰ ਲਾਹੇਵੰਦ ਬਣਾਉਣ ਲਈ ਉਤਪਾਦਕਤਾ ਵਧਾਉਣੀ ਜ਼ਰੂਰੀ ਹੈ। ਡਾ. ਬਰਾੜ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਫ਼ਸਲਾਂ ਦੇ ਮਿਆਰੀ ਬੀਜ ਹੀ ਵਰਤਣ। ਉਹ ਸ਼ੁੱਧ ਬੀਜ, ਰਸਾਇਣਕ ਖਾਦ, ਕੀਟਨਾਸ਼ਕ ਤੇ ਹੋਰ ਖੇਤੀ ਸਮੱਗਰੀ ਉਪਲਬਧ ਕਰਾਉਣ ਲਈ ਪੂਰਾ ਉਪਰਾਲਾ ਕਰ ਰਹੇ ਹਨ। ਪੰਜਾਬ ਨੂੰ ਸਬਜ਼ ਇਨਕਲਾਬ ਦੇ ਬਾਨੀ ਹੋਣ ਦਾ ਮਾਣ ਤਾਂ ਮਿਲ ਗਿਆ, ਪਰ ਕਿਸਾਨਾਂ ਦੀ ਆਮਦਨ 'ਚ ਵਾਧਾ ਨਹੀਂ ਹੋਇਆ। ਉਤਪਾਦਨ ਵਧਿਆ, ਪਰ ਕੁਦਰਤੀ ਸੋਮਿਆਂ ਨੂੰ ਖ਼ੋਰਾ ਲੱਗ ਗਿਆ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੋ ਰਿਹਾ ਹੈ ਤੇ ਭੂਮੀ ਵਿਚਲੇ ਸੂਖਮ ਤੱਤ ਤਬਾਹ ਹੁੰਦੇ ਰਹੇ। ਕਿਸਾਨਾਂ ਦੀ ਖੇਤੀ 'ਚ ਲਾਗਤ ਵਧੀ, ਪਰ ਫ਼ਸਲਾਂ ਦੇ ਭਾਅ ਖਰਚੇ ਦੇ ਮੁਕਾਬਲੇ ਨਹੀਂ ਵਧੇ, ਜਿਸ ਕਰਕੇ ਘਾਟੇ 'ਚ ਆ ਕੇ ਕਿਸਾਨ ਕਰਜ਼ਾਈ ਹੁੰਦੇ ਗਏ। ਉਨ੍ਹਾਂ ਜ਼ਿੰਮੇ ਕਰਜ਼ਾ ਇੰਨਾ ਵਧ ਗਿਆ ਕਿ ਹਰ ਟੱਬਰ ਸਿਰ 2.03 ਲੱਖ ਕਰਜ਼ ਹੋ ਗਿਆ। ਮਸ਼ੀਨਰੀ 'ਚ ਇੰਨੀ ਲਾਗਤ ਹੋਈ ਪਰ ਮਸ਼ੀਨਰੀ ਖੇਤਾਂ 'ਚ ਜੰਕ ਬਣੀ ਖੜ੍ਹੀ ਹੈ। ਟਰੈਕਟਰਾਂ ਦੀ ਗਿਣਤੀ ਵਧਣ ਨਾਲ ਇਨ੍ਹਾਂ ਨੂੰ ਸੜਕਾਂ 'ਤੇ ਵਾਹਨ ਦੇ ਤੌਰ 'ਤੇ ਇਸਤੇਮਾਲ ਕਰਨ ਕਾਰਨ ਮਸ਼ੀਨਰੀ 'ਤੇ ਬਹੁਤ ਖ਼ਰਚਾ ਹੋ ਗਿਆ, ਜੋ ਕਿਸਾਨਾਂ 'ਤੇ ਛਾਈ ਮਾਯੂਸੀ ਦਾ ਕਾਰਨ ਬਣ ਗਿਆ। ਲੰਮੇ ਅਰਸੇ ਤੋਂ ਕੀਤੇ ਜਾ ਰਹੇ ਉਪਰਾਲਿਆਂ ਤੇ ਕੋਸ਼ਿਸ਼ਾਂ ਦੇ ਬਾਵਜੂਦ ਝੋਨੇ ਦੀ ਕਾਸ਼ਤ ਹੇਠ ਰਕਬੇ 'ਚ ਕੋਈ ਕਮੀ ਨਹੀਂ ਆਈ, ਜਿਸ ਕਰਕੇ ਜ਼ਮੀਨ ਦੀ ਸ਼ਕਤੀ ਘਟਦੀ ਗਈ ਤੇ ਲਾਗਤ ਵਧਦੀ ਗਈ। ਪੀ.ਏ.ਯੂ., ਆਈ.ਏ.ਆਰ.ਆਈ. ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਰਲ਼ ਕੇ ਯੋਗ ਨੀਤੀ ਬਣਾਉਣੀ ਚਾਹੀਦੀ ਹੈ ਅਤੇ ਕਿਸਾਨ ਪੱਖੀ ਖੋਜ ਨੂੰ ਤੇਜ਼ ਕਰਕੇ ਕਿਸਾਨਾਂ ਦੀ ਆਮਦਨ 'ਚ ਇਜ਼ਾਫ਼ਾ ਕਰਕੇ ਸਥਿਤੀ ਨੂੰ ਦਰੁਸਤ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਪਾਰਟ ਟਾਈਮ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੂੰ ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ.ਐਚ. ਸ੍ਰੀਨਿਵਾਸਾ ਰਾਓ ਨੇ ਪਿਛਲੇ ਦਿਨੀਂ ਰੱਖੜਾ ਕਿਸਾਨ ਮੇਲੇ 'ਚ ਸਨਮਾਨਿਤ ਕੀਤਾ, ਉਸ ਤਰ੍ਹਾਂ ਹੋਰ ਪਾਰਟ ਟਾਈਮ ਅਗਾਂਹਵਧੂ ਕਿਸਾਨ ਅਤੇ ਆਮਦਨ 'ਚ ਘਾਟਾ ਨਾ ਹੋਣ ਦੇਣ ਵਾਲੇ ਕਿਸਾਨਾਂ ਨੂੰ ਚੁਣ ਕੇ ਹੌਸਲਾ ਦੇਣ ਦੀ ਲੋੜ ਹੈ ਤਾਂ ਕਿ ਖੇਤੀ 'ਚ ਕੁਝ ਮੋੜ ਆ ਸਕੇ। ਕਿਸਾਨ ਇਸ ਨਾਲ ਹੋਰ ਵੀ ਕੋਈ ਕੰਮ ਕਰਨ ਤੇ ਉਨ੍ਹਾਂ ਦੀ ਆਮਦਨ ਹੋਰ ਵਧੇ।
ਈ-ਮੇਲ : bhagwandass226@gmail.com