23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖਾੜੀ ਦੇਸ਼ਾਂ ਦੀ ਉਲਝਣ

ਅਜੀਤ ਡੈਸਕ 27-03-2026

ਈਰਾਨ ਅਤੇ ਅਮਰੀਕਾ-ਇਜ਼ਰਾਈਲ ਦੀ ਜੰਗ ਵਿਚ ਖਾੜੀ ਦੇ ਦੇਸ਼ ਵੀ ਬੁਰੀ ਤਰ੍ਹਾਂ ਫਸੇ ਨਜ਼ਰ ਆਉਂਦੇ ਹਨ। ਇਹ ਅਰਬ ਦੇਸ਼ ਹਨ, ਜਿਨ੍ਹਾਂ 'ਚੋਂ ਸਾਊਦੀ ਅਰਬ ਸਭ ਤੋਂ ਵੱਡਾ ਦੇਸ਼ ਹੈ, ਜਿਸ ਦੀ ਇਤਿਹਾਸਕਤਾ ਤੇ ਅਹਿਮੀਅਤ ਮੁਸਲਿਮ ਭਾਈਚਾਰੇ ਦਾ ਧਾਰਮਿਕ ਕੇਂਦਰ ਹੋਣ ਕਰਕੇ ਵੀ ਕੌਮਾਂਤਰੀ ਤੌਰ 'ਤੇ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਬਹਿਰੀਨ, ਕੁਵੈਤ, ਓਮਾਨ, ਕਤਰ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜੋ ਆਪਣੇ-ਆਪ 'ਚ ਕੁਝ ਛੋਟੇ ਆਜ਼ਾਦ ਦੇਸ਼ਾਂ ਦਾ ਸਮੂਹ ਹੈ, ਵੀ ਖਾੜੀ ਦੇਸ਼ਾਂ ਵਿਚ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਨੇ ਗਲਫ਼ ਕੋਆਪ੍ਰੇਸ਼ਨ ਕੌਂਸਲ ਬਣਾਈ ਹੋਈ ਹੈ। ਇਹ ਦੇਸ਼ ਅੱਜ ਇਸ ਲਈ ਹਰ ਪੱਖੋਂ ਬੇਹੱਦ ਮਹੱਤਵਪੂਰਨ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਕੋਲ ਤੇਲ ਅਤੇ ਗੈਸ ਦੇ ਭੰਡਾਰਾਂ ਦਾ ਅਥਾਹ ਕੁਦਰਤੀ ਖ਼ਜ਼ਾਨਾ ਹੈ। ਪਿਛਲੇ ਦਹਾਕਿਆਂ ਵਿਚ ਇਨ੍ਹਾਂ ਨੇ ਇਸ 'ਖ਼ਜ਼ਾਨੇ' ਦੀ ਸੂਝ ਤੇ ਸਿਆਣਪ ਨਾਲ ਵਰਤੋਂ ਕਰ ਕੇ ਆਪਣੇ ਦੇਸ਼ਾਂ ਨੂੰ ਬੇਹੱਦ ਸਾਧਨ-ਸੰਪੰਨ ਬਣਾਇਆ ਹੈ।
ਦੁਨੀਆ ਭਰ 'ਚ ਇਨ੍ਹਾਂ ਦੇ ਹੁਕਮਰਾਨਾਂ ਦੀਆਂ ਅਥਾਹ ਜਾਇਦਾਦਾਂ ਫੈਲੀਆਂ ਹੋਈਆਂ ਹਨ। ਕੌਮਾਂਤਰੀ ਬੈਂਕਾਂ ਲਈ ਵੀ ਇਹ ਵੱਡੀ ਟੇਕ ਬਣੇ ਹੋਏ ਹਨ। ਰਕਬੇ 'ਚ ਅਨੁਪਾਤਨ ਇਹ ਛੋਟੇ ਦੇਸ਼ ਹਨ। ਇਸ ਲਈ ਆਪਣੀ ਸੁਰੱਖਿਆ ਲਈ ਇਨ੍ਹਾਂ ਨੇ ਦਹਾਕਿਆਂ ਤੋਂ ਅਮਰੀਕਾ ਵਰਗੇ ਤਾਕਤਵਰ ਮੁਲਕ ਦੀ ਸੁਰੱਖਿਆ ਛਤਰੀ ਹਾਸਿਲ ਕੀਤੀ ਹੋਈ ਹੈ। ਇਸ ਮਕਸਦ ਲਈ ਹੀ ਇਨ੍ਹਾਂ ਦੇਸ਼ਾਂ ਵਿਚ ਅਮਰੀਕੀ ਫ਼ੌਜੀ ਅੱਡੇ ਵੀ ਸਥਾਪਿਤ ਹਨ। ਇਹ ਦੇਸ਼ ਫਾਰਸ ਦੀ ਖਾੜੀ ਨਾਲ ਲਗਦੇ ਹਨ। ਇਨ੍ਹਾਂ ਦੇ ਇਰਾਕ ਤੇ ਈਰਾਨ ਗੁਆਂਢੀ ਦੇਸ਼ ਹਨ। ਇਸ ਲੜਾਈ 'ਚ ਇਹ ਦੇਸ਼ ਨਾ ਚਾਹੁੰਦੇ ਹੋਏ ਵੀ ਬੁਰੀ ਤਰ੍ਹਾਂ ਫਸੇ ਨਜ਼ਰ ਆਉਂਦੇ ਹਨ। ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ ਉੱਤੇ ਲਗਾਤਾਰ ਕੀਤੀ ਗਈ ਬੰਬਾਰੀ ਦੇ ਪ੍ਰਤੀਕਰਮ ਵਜੋਂ ਜਿੱਥੇ ਈਰਾਨ ਨੇ ਇਜ਼ਰਾਈਲ ਉੱਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਲਗਾਤਾਰ ਹਮਲੇ ਕੀਤੇ ਹਨ, ਉੱਥੇ ਉਸ ਨੇ ਖਾੜੀ ਦੇ ਦੇਸ਼ਾਂ ਨੂੰ ਵੀ ਇਸ ਲਈ ਆਪਣੇ ਰੋਹ ਦਾ ਨਿਸ਼ਾਨਾ ਬਣਾਇਆ ਹੈ, ਕਿਉਂਕਿ ਉੱਥੇ ਅਮਰੀਕਾ ਦੇ ਫ਼ੌਜੀ ਅੱਡੇ ਸਥਾਪਿਤ ਹਨ। ਈਰਾਨ ਨੇ ਲਗਾਤਾਰ ਸਾਊਦੀ ਅਰਬ ਦੇ ਤੇਲ ਭੰਡਾਰ ਵਾਲੇ ਇਲਾਕਿਆਂ ਉੱਤੇ ਬੰਬਾਰੀ ਕੀਤੀ ਹੈ। ਇਸੇ ਤਰ੍ਹਾਂ ਈਰਾਨ ਨੇ ਯੂ.ਏ.ਈ. 'ਤੇ ਵੀ ਹਮਲੇ ਜਾਰੀ ਰੱਖੇ ਹੋਏ ਹਨ। ਇਨ੍ਹਾਂ ਦੇਸ਼ਾਂ ਵਿਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ਅਤੇ ਤੇਲ ਭੰਡਾਰਾਂ ਉੱਤੇ ਹਮਲੇ ਕਰਨ ਦੇ ਨਾਲ-ਨਾਲ ਈਰਾਨ ਨੇ ਖਾੜੀ ਦੇਸ਼ਾਂ ਦੇ ਵੱਡੇ ਹੋਟਲਾਂ ਅਤੇ ਹਵਾਈ ਅੱਡਿਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਹੈ। ਰਿਪੋਰਟਾਂ ਅਨੁਸਾਰ ਯੂ.ਏ.ਈ. ਉੱਤੇ ਈਰਾਨ ਨੇ ਹੁਣ ਤੱਕ 2000 ਹਮਲੇ ਕੀਤੇ ਹਨ। ਇਨ੍ਹਾਂ ਵਿਚ ਕਤਰ ਦੇ ਵੱਡੇ ਊਰਜਾ ਕੇਂਦਰ ਰਾਸ ਲਾਫਾਨ ਉੱਤੇ ਹਮਲਾ ਕਰ ਕੇ ਉਸ ਦਾ ਵੱਡਾ ਨੁਕਸਾਨ ਕੀਤਾ ਹੈ। ਕੁਵੈਤ ਵੀ ਲਗਾਤਾਰ ਈਰਾਨ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ।
ਚਾਹੇ ਹੁਣ ਤੱਕ ਇਨ੍ਹਾਂ ਖਾੜੀ ਦੇਸ਼ਾਂ ਨੇ ਲਗਾਤਾਰ ਹੁੰਦੇ ਹਮਲਿਆਂ ਦੇ ਬਾਵਜੂਦ ਈਰਾਨ ਵਿਰੁੱਧ ਲੜਾਈ ਛੇੜਨ ਦਾ ਐਲਾਨ ਨਹੀਂ ਕੀਤਾ, ਪਰ ਜਿਸ ਦਿਸ਼ਾ ਵੱਲ ਘਟਨਾ ਚੱਕਰ ਮੁੜ ਰਿਹਾ ਹੈ, ਉਸ ਨੂੰ ਦੇਖਦਿਆਂ ਇਨ੍ਹਾਂ ਦੇਸ਼ਾਂ ਦੇ ਵੀ ਈਰਾਨ ਵਿਰੁੱਧ ਲੜਾਈ ਵਿਚ ਕੁੱਦਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨਾਲ ਈਰਾਨ ਵਿਰੁੱਧ ਲੜਾਈ ਦਾ ਇਕ ਹੋਰ ਮੁਹਾਜ਼ ਖੁੱਲ੍ਹ ਜਾਵੇਗਾ, ਕਿਉਂਕਿ ਇਨ੍ਹਾਂ ਦੇਸ਼ਾਂ ਨੇ ਆਪਣੀ ਅਥਾਹ ਦੌਲਤ ਦੇ ਵਸੀਲਿਆਂ ਨਾਲ ਲਗਾਤਾਰ ਆਧੁਨਿਕ ਹਥਿਆਰਾਂ ਦੇ ਜ਼ਖ਼ੀਰੇ ਵੀ ਜਮ੍ਹਾਂ ਕੀਤੇ ਹੋਏ ਹਨ। ਖਾੜੀ ਦੇ ਇਨ੍ਹਾਂ ਦੇਸ਼ਾਂ ਦੀ ਹੁਣ ਇਕ ਵੱਡੀ ਚਿੰਤਾ ਇਹ ਬਣ ਗਈ ਹੈ ਕਿ ਈਰਾਨ ਨੇ ਹੋਰਮੁਜ਼ ਦੀ ਖਾੜੀ 'ਤੇ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਕਬਜ਼ਾ ਕੀਤਾ ਹੈ, ਉਸ ਨਾਲ ਆਉਂਦੇ ਸਮੇਂ ਵਿਚ ਵੀ ਈਰਾਨ ਖਾੜੀ ਦੇਸ਼ਾਂ ਸਮੇਤ ਕੌਮਾਂਤਰੀ ਸਮੁੰਦਰੀ ਆਵਾਜਾਈ ਦੇ ਇਸ ਸਮੁੰਦਰੀ ਮਾਰਗ 'ਤੇ ਆਪਣਾ ਵੱਡਾ ਪ੍ਰਭਾਵ ਜਮਾਅ ਲਵੇਗਾ, ਜੋ ਹਮੇਸ਼ਾ ਲਈ ਇਨ੍ਹਾਂ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਲਈ ਖ਼ਤਰਾ ਬਣਿਆ ਰਹੇਗਾ। ਲੜਾਈ ਦੇ ਸ਼ੁਰੂ 'ਚ ਇਨ੍ਹਾਂ ਕੁਝ ਦੇਸ਼ਾਂ ਉੱਤੇ ਈਰਾਨ ਵਲੋਂ ਕੀਤੇ ਗਏ ਮਿਜ਼ਾਈਲੀ ਹਮਲਿਆਂ ਤੋਂ ਬਾਅਦ ਈਰਾਨ ਵਲੋਂ ਇਹ ਬਿਆਨ ਦਿੱਤੇ ਗਏ ਸਨ, ਕਿ ਉਹ ਆਪਣੇ ਗੁਆਂਢੀ ਖਾੜੀ ਦੇ ਦੇਸ਼ਾਂ 'ਤੇ ਹਮਲੇ ਨਹੀਂ ਕਰੇਗਾ, ਪਰ ਇਜ਼ਰਾਈਲ ਵਲੋਂ ਈਰਾਨ ਦੇ ਸਭ ਤੋਂ ਮਹੱਤਵਪੂਰਨ ਊਰਜਾ ਖੇਤਰ ਸਾਊਥ ਪਾਰਸ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਈਰਾਨ ਨੇ ਗੁੱਸੇ ਭਰੇ ਪ੍ਰਤੀਕਰਮ ਵਜੋਂ ਹੁਣ ਖਾੜੀ ਦੇਸ਼ਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਅਜਿਹੀ ਸਥਿਤੀ ਨਾਲ ਹਾਲਾਤ ਦੇ ਹੋਰ ਵੀ ਵਿਗੜਨ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ, ਜੋ ਖਾੜੀ ਦੇਸ਼ਾਂ ਤੇ ਗੁਆਂਢੀ ਅਰਬ ਮੁਲਕਾਂ ਲਈ ਅਜਿਹੀ ਤਬਾਹੀ ਲਿਆ ਸਕਦੇ ਹਨ, ਜਿਸ ਦਾ ਨੁਕਸਾਨ ਦਹਾਕਿਆਂ 'ਚ ਪੂਰਾ ਕੀਤਾ ਜਾਣਾ ਵੀ ਮੁਸ਼ਕਿਲ ਹੋਵੇਗਾ।

-ਬਰਜਿੰਦਰ ਸਿੰਘ ਹਮਦਰਦ

ਪਿਛਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਸਲਾ ਤੇ ਕਾਨੂੰਨ ਅਗਲੀ ਖ਼ਬਰ ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।