02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬੀ ਸੱਭਿਆਚਾਰ ਦਾ ਸ਼ਾਹਜਹਾਨ ਐਮ.ਐੱਸ. ਰੰਧਾਵਾ

ਅਜੀਤ ਡੈਸਕ 01-02-2026

2 ਫਰਵਰੀ 2026 ਤੋਂ 7 ਫਰਵਰੀ 2026 ਤੱਕ ਚੰਡੀਗੜ੍ਹ ਦੇ 16 ਸੈਕਟਰ ਵਾਲੇ ਕਲਾ ਭਵਨ ਵਿਚ ਮਹਿੰਦਰ ਸਿੰਘ ਰੰਧਾਵਾ ਸਾਹਿਤ ਕਲਾ ਉਤਸਵ ਮਨਾਇਆ ਜਾ ਰਿਹਾ ਹੈ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਐਮ.ਐੱਸ. ਗੋਸਲ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਕਰਨਗੇ, ਜਿਸ ਵਿਚ ਮੇਰੇ ਸਵ. ਮਿੱਤਰ ਡਾ. ਹਰਿਭਜਨ ਸਿੰਘ ਦਾ ਕਲਾ ਪ੍ਰੇਮੀ ਸਪੁੱਤਰ ਮਦਨ ਗੋਪਾਲ ਸਿੰਘ ਮੁੱਖ ਭਾਸ਼ਨ ਦੇਵੇਗਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸੱਭਿਆਚਾਰਕ ਮਾਮਲੇ, ਪੇਂਡੂ ਵਿਕਾਸ ਤੇ ਪੰਚਾਇਤਾਂ ਹੋਣਗੇ ਅਤੇ ਸਮਾਪਤੀ ਵਾਸਤੇ ਨਿਵੇਦਿਤਾ ਸਿੰਘ ਦਾ ਵਿਰਾਸਤੀ ਸੰਗੀਤ ਵਿਉਂਤਿਆ ਗਿਆ ਹੈ।
ਉਦਘਾਟਨੀ ਪ੍ਰੋਗਰਾਮ ਉਪਰੰਤ ਪੰਜਾਬ ਦੀ ਹਰੀ ਕ੍ਰਾਂਤੀ ਤੋਂ ਸੱਭਿਆਚਾਰਕ ਕ੍ਰਾਂਤੀ ਤੱਕ ਦੀਆਂ ਮੱਲਾਂ ਦੇ ਵਿਸ਼ੇ 'ਤੇ ਸੈਮੀਨਾਰ ਵਿਉਂਤਿਆ ਗਿਆ ਹੈ, ਜਿਸ ਵਿਚ ਅਮਰਜੀਤ ਗਰੇਵਾਲ, ਆਰ.ਐੱਸ. ਘੁੰਮਣ ਤੇ ਗਗਨਦੀਪ ਸ਼ਰਮਾ ਵਿਚਾਰ ਪੇਸ਼ ਕਰਨਗੇ ਤੇ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਕਰਨਗੇ। ਇਸ ਪ੍ਰੋਗਰਾਮ ਦੇ ਮੰਚ ਸੰਚਾਲਕ ਪੰਜਾਬ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਜਸਵੰਤ ਜ਼ਫਰ ਹੋਣਗੇ।
ਮਹਿੰਦਰ ਸਿੰਘ ਰੰਧਾਵਾ ਉਤਸਵ ਵਿਚ ਪੰਜਾਬ ਕਲਾ ਪ੍ਰੀਸ਼ਦ ਦੀ ਸਿਨਮਾ ਤੇ ਡਿਜੀਟਲ ਆਰਟ ਨੂੰ ਪ੍ਰਨਾਈ ਨਵੀਂ ਅਕਾਦਮੀ ਸਮੇਤ ਕਲਾ ਪ੍ਰੀਸ਼ਦ ਦੀਆਂ ਸਾਹਿਤ, ਲਲਿਤ ਕਲਾ ਤੇ ਸੰਗੀਤ ਨਾਟਕ ਨਾਲ ਸੰਬੰਧਿਤ ਤਿੰਨੋਂ ਅਕਾਦਮੀਆਂ ਆਪੋ ਆਪਣੇ ਪ੍ਰੋਗਰਾਮ ਪੇਸ਼ ਕਰਨਗੀਆਂ, ਜਿੱਥੇ 'ਚੌਰਾਹੇ 'ਤੇ ਖੜ੍ਹਾ ਰੰਗ ਮੰਚ : ਭਵਿੱਖ ਤੇ ਚਿੰਤਾਵਾਂ' ਵਾਲੇ ਸੈਮੀਨਾਰ ਵਿਚ ਰਾਣੀ ਬਲਬੀਰ ਕੌਰ, ਨੀਲਮ ਮਾਨ ਸਿੰਘ, ਮਹਿੰਦਰ ਕੁਮਾਰ, ਸਾਹਿਬ ਸਿੰਘ ਤੇ ਕੇਵਲ ਧਾਲੀਵਾਲ ਬੁਲਾਰੇ ਹੋਣਗੇ ਤੇ ਇਸ ਵਰਗੇ ਹੀ ਇਕ ਹੋਰ ਸੈਮੀਨਾਰ ਵਿਚ ਹਰਿਭਜਨ ਸਿੰਘ ਭਾਟੀਆ ਤੇ ਈਸ਼ਵਰ ਦਿਆਲ ਗੌੜ ਮੁੱਖ ਬੁਲਾਰੇ ਹੋਣਗੇ, ਜਿਸ ਪਿੱਛੋਂ ਹੋਣ ਵਾਲੀ ਬਹਿਸ ਵਿਚ ਡਾ. ਯੋਗ ਰਾਜ, ਡਾ. ਪ੍ਰਵੀਨ ਅਤੇ ਗੁਰਬੀਰ ਸਿੰਘ ਬਰਾੜ ਸ਼ਿਰਕਤ ਕਰਨਗੇ।
ਸਿਨਮਾ ਤੇ ਡਿਜੀਟਲ ਆਰਟ ਨੂੰ ਪ੍ਰਨਾਈ ਅਕਾਦਮੀ ਵਾਲਾ ਪ੍ਰੋਗਰਾਮ ਭਾਵੇਂ ਅੰਤਲੇ ਦੌਰ ਲਈ ਉਲੀਕਿਆ ਗਿਆ ਹੈ ਪਰ ਇਸ ਵਿਚ ਚਰਚਾ ਦਾ ਵਿਸ਼ਾ ਪੰਜਾਬੀ ਸਿਨਮਾ ਦੇ ਵੱਖ-ਵੱਖ ਰੂਪਾਂ ਨੂੰ ਆਧਾਰ ਬਣਾ ਕੇ ਗੁਰਵਿੰਦਰ ਸਿੰਘ ਦੀ ਕਲਾਤਮਕ ਪ੍ਰਾਪਤੀ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਡਾ. ਗੁਰਮੁਖ ਸਿੰਘ ਦੇ ਸ਼ਬਦਾਂ ਵਿਚ ਇਹ 'ਖਾਮੋਸ਼ੀ ਦੀ ਜ਼ੁਬਾਨ ਹੈ' ਸਥਾਨਕਤਾ ਤੋਂ ਆਲਮੀ ਮੰਚਾਂ ਤੱਕ ਦੇ ਵੱਡੇ ਵਿਸ਼ੇ ਨੂੰ ਵਿਚਾਰੇ ਜਾਣ ਦੀ ਵਿਉਂਤ ਹੈ। ਖੁੱਲ੍ਹੀ ਚਰਚਾ ਕਰਨ ਲਈ ਜਸਬੀਰ ਮੰਡ ਸਮੇਤ ਗੁਰਵਿੰਦਰ ਸਿੰਘ, ਸੈਮੂਅਲ ਜ਼ੌਹਨ, ਵਿਵੇਕ ਸਚਦੇਵਾ ਤੇ ਜਸਦੀਪ ਸਿੰਘ ਦੇ ਹਾਜ਼ਰ ਹੋਣ ਦੀ ਸੰਭਾਵਨਾ ਹੈ। ਏਸ ਚਰਚਾ ਦੇ ਮੁੱਖ ਮਹਿਮਾਨ ਸ੍ਰੀ ਸੰਜੀਵ ਅਰੋੜਾ, ਕੈਬਨਿਟ ਮੰਤਰੀ ਸਥਾਨਕ ਸਰਕਾਰਾਂ, ਉਦਯੋਗ, ਵਣਜ ਤੇ ਐਨ.ਆਰ.ਆਈ. ਮਾਮਲੇ ਹੋਣਗੇ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਦੀਪ ਸਿੱਧੂ ਨੂੰ ਸੌਂਪੀ ਗਈ ਹੈ ਪਰ ਸਾਰੇ ਮਸਲੇ ਦਾ ਸਾਰਅੰਸ਼ ਪ੍ਰੀਤਮ ਰੁਪਾਲ ਆਪਣੇ ਧੰਨਵਾਦੀ ਸ਼ਬਦਾਂ ਵਿਚ ਪੇਸ਼ ਕਰੇਗਾ।
ਪੰਜਾਬ ਕਲਾ ਪ੍ਰੀਸ਼ਦ ਦੀ ਲਲਿਤ ਕਲਾ ਅਕਾਦਮੀ ਸ਼ਾਖਾ ਦੇ ਮੁਖੀ ਗੁਰਦੀਪ ਧੀਮਾਨ ਨੇ ਵੀ ਸੁਮੀਤ ਦੂਆ ਤੇ ਸਤਵੰਤ ਸੁਮੇਲ ਨਾਲ ਮਿਲ ਕੇ ਕੈਲੀਗ੍ਰਾਫੀ ਮੁਕਾਬਲਾ 2026 ਤੋਂ ਬਿਨਾਂ ਫੋਟੋ ਪ੍ਰਦਰਸ਼ਨੀ ਵੀ ਵਿਉਂਤ ਰੱਖੀ ਹੈ, ਜਿਸ ਬਾਰੇ ਚਰਚਾ ਲਈ ਯੋਗਰਾਜ ਤੇ ਅਮਰਜੀਤ ਗਰੇਵਾਲ ਹਾਜ਼ਰ ਹੋਣਗੇ ਤੇ ਉਸ ਤੋਂ ਪਿੱਛੋਂ ਵਿਉਂਤੇ ਗਏ ਪੇਟਿੰਗਜ਼ ਸਲਾਈਡ ਸ਼ੋਅ ਬਾਰੇ ਮਦਨ ਲਾਲ ਤੇ ਸੁਭਾਸ਼ ਪਰਿਹਾਰ ਚਾਨਣਾ ਪਾਉਣਗੇ।
ਇਸ ਉਤਸਵ ਦੀ ਇਕ ਬੈਠਕ ਵਜੋਂ ਕਵੀ ਦਰਬਾਰ ਵੀ ਵਿਉਂਤਿਆ ਗਿਆ ਹੈ, ਜਿਸ ਵਿਚ ਸਵਰਨਜੀਤ ਸਵੀ, ਅਮਰਜੀਤ ਗਰੇਵਾਲ, ਗੁਰਤੇਜ ਕੁਹਾਰਵਾਲਾ, ਵਿਜੇ ਵਿਵੇਕ, ਗੁਰਭਜਨ ਗਿੱਲ, ਮਨਜੀਤ ਇੰਦਰਾ, ਪਾਲ ਕੌਰ, ਜਸਵੰਤ ਜਫ਼ਰ, ਤ੍ਰੈਲੋਚਨ ਲੋਚੀ, ਨੀਤੂ, ਮਨਜਿੰਦਰ ਧਨੋਆ, ਹਰਮੀਤ ਵਿਦਿਆਰਥੀ, ਸੁਰਪ੍ਰੀਤ ਮਾਨਸਾ, ਅਮਰਜੀਤ ਕੌਂਕੇ, ਸੁਰਿੰਦਰ ਬੀਰ, ਅਰਤਿੰਦਰ ਸੰਧੂ, ਜਗਦੀਪ ਸਿੱਧੂ, ਬਲਵਿੰਦਰ ਸੰਧੂ, ਡਾ. ਜਸਲੀਨ, ਵਾਹਿਦ, ਵਿਪਨ ਪ੍ਰੀਤ, ਗੁਰਜੰਟ ਰਾਜੋਆਣਾ, ਬਲਵਿੰਦਰ ਚਹਿਲ, ਸੰਦੀਪ ਜਸਵਾਲ ਜਸਪ੍ਰੀਤ ਤੇ ਰਣਜੀਤ ਕੌਰ ਸਵੀ ਤੋਂ ਇਲਾਵਾ ਅਜਿਹੇ ਕਵੀ ਸਾਹਿਬਾਨ ਦੇ ਸ਼ਿਰਕਤ ਕਰਨ ਦੀ ਸੰਭਾਵਨਾ ਹੈ, ਜਿਹੜੇ ਕਿਸੇ ਬਿੱਧ ਮੌਕੇ ਉੱਤੇ ਹਾਜ਼ਰ ਹੋਣਗੇ।
ਮਹਿੰਦਰ ਸਿੰਘ ਰੰਧਾਵਾ ਅਖੰਡ ਹਿੰਦੁਸਤਾਨ ਦਾ ਅਜਿਹਾ ਸਪੂਤ ਸੀ, ਜਿਸ ਨੇ ਕੁੱਲੂ, ਕਾਂਗੜਾ ਤੇ ਹਰਿਆਣਾ ਸਮੇਤ ਸਮੁੱਚੇ ਪੰਜਾਬ ਦੇ ਸਾਹਿਤ ਤੇ ਸੱਭਿਆਚਾਰ ਨੂੰ ਆਪਣੇ ਦੇਸ਼ ਵਿਚ ਹੀ ਨਹੀਂ, ਬਾਹਰਲੇ ਦੇਸ਼ਾਂ ਵਿਚ ਵੀ ਪਹੁੰਚਾਇਆ। ਅੱਜ ਦੇ ਦਿਨ ਉਸ ਦਾ ਗੁਣਗਾਣ ਪੰਜਾਬ ਕਲਾ ਪ੍ਰੀਸ਼ਦ ਦੇ ਵਿਹੜੇ ਵਿਚ ਹੀ ਨਹੀਂ, ਯੂਟਿਊਬ ਦੇ ਪ੍ਰੋਗਰਾਮਾਂ ਵਿਚ ਵੀ ਹੋ ਰਿਹਾ ਹੈ। ਜੇ ਸਤਿੰਦਰ ਸਰਤਾਜ ਉਸ ਬਾਰੇ ਫਿਲਮ ਬਣਾ ਰਿਹਾ ਹੈ ਤਾਂ ਦਿੱਲੀ ਨਿਵਾਸੀ ਪਬਲਿਕ ਰਿਲੇਸ਼ਨਜ਼ ਨੂੰ ਪ੍ਰਨਾਇਆ ਤਰਲੋਚਨ ਸਿੰਘ ਉਸ ਵਲੋਂ 1947 ਵਿਚ ਦਿੱਲੀ ਦੀ ਸੰਭਾਲ ਤੇ ਉਸ ਤੋਂ ਪਿੱਛੋਂ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਚੁੱਕੇ ਗਏ ਇਤਿਹਾਸਕ ਕਦਮਾਂ ਦੀ ਬਾਤ ਵੀ ਪਾ ਰਿਹਾ ਹੈ। ਉਸ ਨੂੰ ਪੰਜਾਬੀ ਸੱਭਿਆਚਾਰ ਦਾ ਸ਼ਾਹਜਹਾਨ ਕਿਹਾ ਜਾਣਾ ਉਸ ਦੇ ਅਮਲਾਂ ਦੀ ਠੀਕ ਤਰਜਮਾਨੀ ਕਰਦਾ ਹੈ।
ਏਥੇ ਹੀ ਬੱਸ ਨਹੀਂ, ਉਸ ਨੇ 1947 ਵਿਚ ਨਵੀਂ ਦਿੱਲੀ ਦਾ ਡੀ.ਸੀ. ਹੁੰਦਿਆਂ ਗੁਰਬਖਸ਼ ਸਿੰਘ ਪ੍ਰੀਤਲੜੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਭਾਪਾ ਪ੍ਰੀਤਮ ਸਿੰਘ ਤੇ ਅਜੀਤ ਕੌਰ ਨੂੰ ਦਿੱਲੀ ਵਿਚ ਵਸਾ ਕੇ ਨਾਮਣਾ ਖੱਟਿਆ ਤੇ ਫੇਰ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਬਣਦੇ ਸਾਰ ਹੀ ਛੋਟੇ-ਵੱਡੇ ਫ਼ੌਜੀ ਅਫਸਰਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਵਿਚ ਪਲਾਟ ਅਲਾਟ ਕਰਨ ਸਮੇਂ ਉਨ੍ਹਾਂ ਦੀ ਦੇਸ਼ ਲਈ ਮਰ ਮਿਟਣ ਵਾਲੀ ਰੁਚੀ ਨੂੰ ਤਾਂ ਸਲਾਹਿਆ ਹੀ ਪਰ ਸੇਵਾਮੁਕਤੀ ਉਪਰੰਤ ਚੰਡੀਗੜ੍ਹ ਵਰਗੇ ਸੋਹਣੇ ਸ਼ਹਿਰ ਵਿਚ ਵਸਣ ਲਈ ਪ੍ਰੇਰਦਿਆਂ ਉਨ੍ਹਾਂ ਨੂੰ ਬਹੁਤ ਸਸਤੇ ਪਲਾਟ ਵੀ ਅਲਾਟ ਕੀਤੇ।
ਉਹੀਓ ਸੀ, ਜਿਸ ਨੇ 15 ਅਗਸਤ 1947 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਤਿਰੰਗਾ ਲਹਿਰਾਉਣ ਦੀ ਰਸਮ ਮੌਕੇ ਹਾਜ਼ਰ ਹੋ ਕੇ ਸਮਾਗਮ ਨੂੰ ਨਿਰਵਿਘਨ ਨੇਪਰੇ ਚੜ੍ਹਾਇਆ।
ਉਸ ਦਾ ਸਾਨੀ ਹੋਣਾ ਸੌਖਾ ਨਹੀਂ।
ਚਾਈਨਾ ਡੋਰ ਦੀਆਂ ਕਰਤੂਤਾਂ
ਚਾਈਨਾ ਡੋਰ ਵਜੋਂ ਜਾਣੀ ਜਾਂਦੀ ਪਤੰਗਾਂ ਦੀ ਡੋਰ ਕਿਵੇਂ ਅਚਾਨਕ ਹੀ ਆਪਣੀ ਲਪੇਟ ਵਿਚ ਲੈ ਕੇ ਵਿਅਕਤੀ ਦੀ ਜਾਨ ਲੈ ਜਾਂਦੀ ਹੈ, ਇਹ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਰਿਹਾ। ਮੇਰੇ ਇਕ ਮਿੱਤਰ ਨੇ ਸਾਈਕਲ ਤੇ ਸਕੂਟਰ ਚਲਾਉਣ ਵਾਲਿਆਂ ਲਈ ਸੁਝਾਅ ਦਿੱਤਾ ਹੈ ਕਿ ਉਹ ਆਪਣੀ ਜੇਬ ਵਿਚ ਹਰ ਵੇਲੇ ਨੇਲ ਕਟਰ (ਨਹੁੰ ਕੱਟਣ ਵਾਲਾ ਔਜ਼ਾਰ) ਜ਼ਰੂਰ ਰੱਖਣ, ਜਿਹੜਾ ਚਾਈਨਾ ਡੋਰ ਨੂੰ ਕੱਟਣ ਵਿਚ ਫੋਰਾ ਵੀ ਨਹੀਂ ਲਗਾਉਂਦਾ।
ਅੰਤਿਕਾ
[ਧਨੀ ਰਾਮ ਚਾਤ੍ਰਿਕ]
ਕਿਸਮਤ ਕਿਸਮਤ ਆਖ ਕੇ ਢਿੱਲੜ ਚਿਲਾਂਦੇ,
ਹਿੰਮਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ।

ਈ-ਮੇਲ : sandhugulzar@yahoo.com

ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਰਾਜਾਂ ਤੇ ਲੋਕਾਂ ਦੇ ਹਿੱਤ ਵਿਚ ਨਹੀਂ ਅਗਲੀ ਖ਼ਬਰ ਪੰਜਾਬ ਦੇ ਭਖਦੇ ਮਸਲਿਆਂ ਲਈ ਗੰਭੀਰ ਹੋਣ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।