01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੁਰਬਾਣੀ ਦੇ ਅਰਥਾਂ ਦਾ ਅਨਮੋਲ ਵਿਆਖਿਆਕਾਰ: ਪ੍ਰੋ: ਸਾਹਿਬ ਸਿੰਘ

ਗੁਰਬਾਣੀ ਦੇ ਅਰਥਾਂ ਦਾ ਅਨਮੋਲ ਵਿਆਖਿਆਕਾਰ: ਪ੍ਰੋ: ਸਾਹਿਬ ਸਿੰਘ

ਅਜੀਤ ਡੈਸਕ 01-11-2026

ਇਕੋ ਤੁਕ ਦੇ ਵੱਖ-ਵੱਖ ਅਰਥ ਸੁਣ ਕੇ ਜਿਗਿਆਸੂ ਮਨ ਪੁੱਛਦਾ ਹੈ ਕਿ ਸਹੀ ਅਰਥ ਦੀ ਕਸਵੱਟੀ ਕੀ ਹੈ | ਪ੍ਰੋ. ਸਾਹਿਬ ਸਿੰਘ ਨੇ ਇਸ ਸਵਾਲ ਦਾ ਉੱਤਰ ਗੁਰਬਾਣੀ ਦੀ ਭਾਸ਼ਾ ਅਤੇ ਵਿਆਕਰਣ ਵਿਚ ਲੱਭਿਆ | ਲੱਗਾਂ-ਮਾਤ੍ਰਾਂ ਦੀ ਬਾਰੀਕ ਪੜਤਾਲ ਪਿੱਛੇ ਤੇਰ੍ਹਾਂ ਵਰਿ੍ਹਆਂ ਦੀ ਮਿਹਨਤ ਸੀ | ਉਨ੍ਹਾਂ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਸ਼ਰਧਾ ਨਾਲ ਅਧਿਐਨ ਦੀ ਸੂਝ ਜੁੜੇ ਤਾਂ ਗਿਆਨ ਹੋਰ ਡੂੰਘਾ ਅਤੇ ਪਹੁੰਚਯੋਗ ਬਣਦਾ ਹੈ |

ਪ੍ਰੋ. ਸਾਹਿਬ ਸਿੰਘ ਦਾ ਜਨਮ 16 ਫ਼ਰਵਰੀ 1892 ਈ. ਨੂੰ  ਪਿੰਡ ਫੱਤੇਵਾਲੀ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਭਾਈ ਹੀਰਾ ਨੰਦ ਦੇ ਘਰ ਹੋਇਆ | ਪਰਿਵਾਰ ਹਿੰਦੂ ਸੀ ਅਤੇ ਬਾਲਕ ਦਾ ਨਾਂ ਨੱਥੂ ਰਾਮ ਰੱਖਿਆ ਗਿਆ | ਅੰਮਿ੍ਤ ਛਕਣ ਉਪਰੰਤ ਉਨ੍ਹਾਂ ਦਾ ਨਾਂਅ ਸਾਹਿਬ ਸਿੰਘ ਹੋਇਆ, ਅਤੇ ਇਸੇ ਨਾਂਅ ਨਾਲ ਉਹ ਸਿੱਖ ਵਿਦਵਤਾ ਦੇ ਇਤਿਹਾਸ ਵਿਚ ਸਦਾ ਲਈ ਦਰਜ ਹੋ ਗਏ |
ਮੁੱਢਲੀ ਵਿੱਦਿਆ ਉਨ੍ਹਾਂ ਨੇ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ | ਦਸਵੀਂ ਪਾਸ ਕਰਨ ਮਗਰੋਂ ਉਹ ਸਾਂਗਲਾ ਦੇ ਮਿਡਲ ਸਕੂਲ ਵਿਚ ਪੜ੍ਹਾਉਣ ਲੱਗ ਪਏ | ਸੰਨ 1910 ਈ. ਵਿਚ ਉਹਨਾਂ ਨੇ ਡਾਕਖ਼ਾਨੇ ਵਿਚ ਕਲਰਕੀ ਸੰਭਾਲੀ, ਪਰ ਸਾਲ ਕੁ ਬਾਅਦ ਨੌਕਰੀ ਛੱਡ ਕੇ ਦਿਆਲ ਸਿੰਘ ਕਾਲਜ, ਲਾਹੌਰ ਵਿਚ ਦਾਖ਼ਲ ਹੋ ਗਏ | ਅੱਗੇ ਚੱਲ ਕੇ ਉਨ੍ਹਾਂ ਨੇ ਲਾਹੌਰ ਤੋਂ ਹੀ ਬੀ.ਏ. ਕੀਤੀ | ਇਹ ਵੇਰਵਾ ਧਿਆਨ ਮੰਗਦਾ ਹੈ | ਸਧਾਰਨ ਪਰਿਵਾਰ ਦੇ ਮੁੰਡੇ ਲਈ ਪੱਕੀ ਸਰਕਾਰੀ ਨੌਕਰੀ ਛੱਡ ਕੇ ਮੁੜ ਵਿਦਿਆਰਥੀ ਬਣਨਾ ਸੌਖਾ ਫ਼ੈਸਲਾ ਨਹੀਂ ਸੀ | ਪਰ ਉਨ੍ਹਾਂ ਦੀ ਸਾਰੀ ਜੀਵਨ-ਕਹਾਣੀ ਵਿਚ ਇਹੀ ਨਮੂਨਾ ਵਾਰ-ਵਾਰ ਦਿਸਦਾ ਹੈ ਸੁਖ ਦੀ ਥਾਂ ਕੰਮ ਦੀ ਚੋਣ |
ਅਧਿਆਪਨ ਦੇ ਨਾਲ-ਨਾਲ ਉਹ ਉਸ ਦੌਰ ਦੀਆਂ ਪੰਥਕ ਸਰਗਰਮੀਆਂ ਨਾਲ ਵੀ ਜੁੜੇ ਰਹੇ | ਗੁਰਦੁਆਰਾ ਸੁਧਾਰ ਲਹਿਰ ਦੇ ਦਿਨਾਂ ਵਿਚ, 13 ਅਕਤੂਬਰ 1923 ਈ. ਨੂੰ , ਉਨ੍ਹਾਂ ਨੂੰ  ਹੋਰ ਅਕਾਲੀਆਂ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ | ਲਗਭਗ ਸਵਾ ਦੋ ਵਰ੍ਹੇ ਜੇਲ੍ਹ ਵਿਚ ਰਹਿਣ ਮਗਰੋਂ ਉਹ ਜਨਵਰੀ 1926 ਈ. ਵਿਚ ਰਿਹਾਅ ਹੋਏ | ਇਸ ਅਰਸੇ ਨੇ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਹੋਰ ਪੱਕੀ ਕਰ ਦਿੱਤੀ | ਰਿਹਾਈ ਮਗਰੋਂ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਗੁਰਬਾਣੀ ਦੇ ਅਧਿਐਨ ਵੱਲ ਮੋੜ ਲਿਆ |
ਪ੍ਰੋ. ਸਾਹਿਬ ਸਿੰਘ ਨੇ ਭਾਈ ਜੋਧ ਸਿੰਘ ਦੇ ਪ੍ਰਭਾਵ ਅਧੀਨ ਗੁਰਬਾਣੀ ਦੀ ਵਿਆਖਿਆ ਦਾ ਕਾਰਜ ਆਰੰਭ ਕੀਤਾ | ਪਰ ਛੇਤੀ ਹੀ ਉਨ੍ਹਾਂ ਸਾਹਮਣੇ ਇਕ ਬੁਨਿਆਦੀ ਸਮੱਸਿਆ ਆ ਖੜ੍ਹੀ ਹੋਈ | ਉਸ ਸਮੇਂ ਦੀ ਪ੍ਰਚਲਿਤ ਟੀਕਾਕਾਰੀ ਵਿਚ ਇਕੋ ਤੁਕ ਜਾਂ ਸ਼ਬਦ ਦੇ ਵੀਹ-ਵੀਹ ਅਰਥ ਕੀਤੇ ਜਾਂਦੇ ਸਨ | ਹਰ ਟੀਕਾਕਾਰ ਆਪਣੀ ਸਮਝ ਅਤੇ ਆਪਣੀ ਪਰੰਪਰਾ ਅਨੁਸਾਰ ਅਰਥ ਕੱਢਦਾ ਸੀ ਅਤੇ ਕਈ ਵਾਰ ਇਸ ਨਾਲ ਬਾਣੀ ਦੇ ਅਰਥ ਦੇ ਅਨਰਥ ਵੀ ਹੋ ਜਾਂਦੇ ਸਨ | ਪ੍ਰਸ਼ਨ ਇਹ ਸੀ ਕਿ ਸਹੀ ਅਰਥ ਤੈਅ ਕਰਨ ਦੀ ਕਸੌਟੀ ਕੀ ਹੋਵੇ | ਉਨ੍ਹਾਂ ਅਨੁਸਾਰ ਅਰਥਾਂ ਦੀ ਪਰਖ ਲਈ ਭਾਸ਼ਾ ਦਾ ਵਿਆਕਰਣ ਮਹੱਤਵਪੂਰਨ ਕਸਵੱਟੀ ਹੈ | ਗੁਰਬਾਣੀ ਦੀਆਂ ਲੱਗਾਂ-ਮਾਤ੍ਰਾਂ ਦੇ ਨੇਮ ਸਮਝ ਕੇ ਸ਼ਬਦਾਂ ਦੇ ਆਪਸੀ ਸੰਬੰਧ ਅਤੇ ਅਰਥ ਸਪੱਸ਼ਟ ਕੀਤੇ ਜਾ ਸਕਦੇ ਹਨ | ਇਸ ਪਹੁੰਚ ਨੇ ਸ਼ਰਧਾ ਦੇ ਨਾਲ ਅਨੁਸ਼ਾਸਿਤ ਅਧਿਐਨ ਨੂੰ  ਜੋੜਿਆ | ਗੁਰਬਾਣੀ ਨੇਮਾਂ ਦੀ ਖੋਜ ਉਪਰੰਤ ਸੰਨ 1939 ਵਿਚ 'ਗੁਰਬਾਣੀ ਵਿਆਕਰਣ' ਪ੍ਰਕਾਸ਼ਿਤ ਹੋਇਆ | ਇਸ ਨੇ ਗੁਰਬਾਣੀ ਦੀ ਵਿਆਖਿਆ ਨੂੰ  ਵਿਆਕਰਣਿਕ ਆਧਾਰ ਉੱਤੇ ਪਰਖਣ ਲਈ ਵਿਵਸਥਿਤ ਵਿਧੀ ਦਿੱਤੀ | ਸਿੱਖ ਵਿਆਖਿਆ-ਪਰੰਪਰਾ ਵਿਚ ਇਹ ਓਨੀ ਹੀ ਵੱਡੀ ਘਟਨਾ ਹੈ ਜਿੰਨੀ ਇਤਿਹਾਸਕਾਰੀ ਵਿਚ ਸਰੋਤ-ਆਲੋਚਨਾ ਦੀ ਆਮਦ | ਦੋਹਾਂ ਦਾ ਮੂਲ ਸਵਾਲ ਇਕੋ ਹੈ ਦਾਅਵੇ ਪਿੱਛੇ ਕਸੌਟੀ ਕੀ ਹੈ |
ਵਿਆਕਰਣ ਦੇ ਨੇਮ ਲੱਭਣ ਮਗਰੋਂ ਉਹਨਾਂ ਨੇ ਉਸੇ ਆਧਾਰ ਉੱਤੇ ਵੱਖ-ਵੱਖ ਬਾਣੀਆਂ ਦੇ ਲਗਭਗ ਵੀਹ ਟੀਕੇ ਲਿਖੇ | ਇਨ੍ਹਾਂ ਦਾ ਮੁੱਢਲਾ ਉਦੇਸ਼ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨਾ ਸੀ | ਅੱਗੇ ਚੱਲ ਕੇ ਇਹ ਸਾਰੇ ਟੀਕੇ ਇਕੋ ਵੱਡੇ ਕਾਰਜ ਵਿਚ ਸਮੋ ਦਿੱਤੇ ਗਏ, 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ', ਜੋ ਦਸ ਸੈਂਚੀਆਂ ਵਿਚ 1962 ਤੋਂ 1964 ਈ. ਦੌਰਾਨ ਪ੍ਰਕਾਸ਼ਿਤ ਹੋਇਆ | ਇਸ ਟੀਕੇ ਵਿਚ ਸ਼ਬਦਾਂ ਦੇ ਅਰਥ ਵਿਆਕਰਣਿਕ ਆਧਾਰ ਸਮਝਾ ਕੇ ਕੀਤੇ ਗਏ ਹਨ | ਪਾਠਕ ਨੂੰ  ਅਰਥ ਦੇ ਨਾਲ ਉਸ ਦੀ ਵਿਆਖਿਆ ਦਾ ਆਧਾਰ ਵੀ ਮਿਲਦਾ ਹੈ | ਇਸ ਨਾਲ ਉਹ ਬਾਣੀ ਨੂੰ  ਆਪ ਸਮਝਣ ਅਤੇ ਵਿਚਾਰਨ ਵੱਲ ਵਧਦਾ ਹੈ | 'ਦਰਪਣ' ਦੇ ਆਉਣ ਨਾਲ ਆਮ ਸਿੱਖ ਲਈ ਗੁਰਬਾਣੀ ਦੇ ਅਰਥ ਸਿੱਧੇ ਪਹੁੰਚ ਵਿਚ ਆ ਗਏ ਅਤੇ ਉਸ ਦੀ ਵਿਆਖਿਆ ਲਈ ਕਿਸੇ ਵਿਚੋਲੇ ਉੱਤੇ ਨਿਰਭਰਤਾ ਘਟ ਗਈ |
ਪ੍ਰੋ. ਸਾਹਿਬ ਸਿੰਘ ਦੀ ਦੂਜੀ ਵੱਡੀ ਦੇਣ ਉਨ੍ਹਾਂ ਦੇ ਚੌਦਾਂ ਖੋਜ-ਪ੍ਰਧਾਨ ਲੇਖ-ਸੰਗ੍ਰਹਿ ਹਨ, ਜਿਨ੍ਹਾਂ ਵਿਚ ਧਾਰਮਿਕ, ਸਮਾਜਿਕ ਅਤੇ ਗੁਰਬਾਣੀ ਸੰਬੰਧੀ ਵਿਸ਼ੇ ਸ਼ਾਮਿਲ ਹਨ | ਇਹ ਲੇਖ ਪਹਿਲਾਂ ਅਖ਼ਬਾਰਾਂ ਤੇ ਰਸਾਲਿਆਂ ਵਿਚ ਛਪਦੇ ਰਹੇ ਅਤੇ ਬਾਅਦ ਵਿਚ ਪੁਸਤਕ-ਰੂਪ ਵਿਚ ਸੰਕਲਿਤ ਹੋਏ | ਤੀਜੀ ਦੇਣ ਜੀਵਨੀ-ਲੇਖਨ ਦੀ ਹੈ | ਉਨ੍ਹਾਂ ਨੇ ਸਾਰੇ ਗੁਰੂ ਸਾਹਿਬਾਨ ਦੇ ਜੀਵਨ-ਬਿ੍ਤਾਂਤ ਲਿਖੇ ਅਤੇ ਇਨ੍ਹਾਂ ਵਿਚ ਵੀ ਉਹੀ ਪਹੁੰਚ ਅਪਣਾਈ ਗੁਰਮਤਿ ਦੇ ਸਿਧਾਂਤ ਨੂੰ  ਕਸੌਟੀ ਬਣਾ ਕੇ ਪਰੰਪਰਾਗਤ ਬਿਰਤਾਂਤ ਦੀ ਪਰਖ | ਉਹਨਾਂ ਦੀ 'ਆਦਿ ਬੀੜ ਬਾਰੇ' ਪੁਸਤਕ ਵਿਚ ਆਦਿ ਗ੍ਰੰਥ ਦੇ ਸੰਪਾਦਨ ਨਾਲ ਜੁੜੇ ਪ੍ਰਸ਼ਨਾਂ ਨੂੰ  ਵਿਚਾਰਿਆ ਗਿਆ ਹੈ | ਸਾਲ 1927 ਤੋਂ 1977 ਈ. ਦੇ ਅਰਸੇ ਵਿਚ ਉਨ੍ਹਾਂ ਦੀਆਂ ਲਗਭਗ ਪੰਜਾਹ ਰਚਨਾਵਾਂ ਪ੍ਰਕਾਸ਼ਿਤ ਹੋਈਆਂ |
ਤੀਜੀ ਦੇਣ ਭਾਸ਼ਾਈ ਹੈ | 'ਗੁਰਬਾਣੀ ਵਿਆਕਰਣ' ਪੰਜਾਬੀ ਭਾਸ਼ਾ-ਵਿਗਿਆਨ ਦਾ ਵੀ ਬੁਨਿਆਦੀ ਗ੍ਰੰਥ ਹੈ, ਕਿਉਂਕਿ ਇਸ ਵਿਚ ਮੱਧਕਾਲੀ ਪੰਜਾਬੀ ਦੀ ਵਿਆਕਰਣਿਕ ਬਣਤਰ ਦਾ ਵਿਸ਼ਲੇਸ਼ਣ ਹੈ |
ਚੌਥੀ ਦੇਣ ਸਿੱਖ ਮਿਸ਼ਨਰੀ ਲਹਿਰ ਨਾਲ ਜੁੜੀ ਹੋਈ ਹੈ | ਉਨ੍ਹਾਂ ਦੀਆਂ ਲਿਖਤਾਂ ਨੇ ਪ੍ਰਚਾਰਕਾਂ ਦੀ ਇਕ ਪੂਰੀ ਪੀੜ੍ਹੀ ਨੂੰ  ਸਿਧਾਂਤਕ ਆਧਾਰ ਦਿੱਤਾ |
ਜਪੁਜੀ ਸਾਹਿਬ, ਆਸਾ ਦੀ ਵਾਰ, ਸੁਖਮਨੀ ਸਾਹਿਬ ਅਤੇ ਭਗਤ ਬਾਣੀ ਦੇ ਸਟੀਕ ਵੀ ਉਨ੍ਹਾਂ ਦੇ ਵਿਆਖਿਆ ਕਾਰਜ ਦਾ ਹਿੱਸਾ ਹਨ |
ਉਨ੍ਹਾਂ ਦੀ ਵਿਦਵਤਾ ਦਾ ਸਨਮਾਨ ਵੀ ਹੋਇਆ | 'ਗੁਰਬਾਣੀ ਵਿਆਕਰਣ' ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਰਸਕਾਰ ਦਿੱਤਾ | 1952 ਵਿਚ ਪੈਪਸੂ ਸਰਕਾਰ ਨੇ ਪੰਜਾਬੀ ਸਾਹਿਤ ਦੀ ਸੇਵਾ ਬਦਲੇ ਸਨਮਾਨਿਤ ਕੀਤਾ | 7 ਜਨਵਰੀ 1971 ਨੂੰ  ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਨਰੇਰੀ ਡੀ.ਲਿੱਟ. ਦੀ ਉਪਾਧੀ ਦਿੱਤੀ ਅਤੇ ਅਧਿਆਪਨ ਲਈ ਉਨ੍ਹਾਂ ਦੀਆਂ ਸੇਵਾਵਾਂ ਵੀ ਪ੍ਰਾਪਤ ਕੀਤੀਆਂ |
29 ਅਕਤੂਬਰ 1977 ਨੂੰ  ਪਚਾਸੀ ਵਰਿ੍ਹਆਂ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋਇਆ | ਉਨ੍ਹਾਂ ਦੀ ਵਿਰਾਸਤ 'ਦਰਪਣ' ਅਤੇ ਖੋਜ-ਵਿਧੀ ਰਾਹੀਂ ਜੀਵੰਤ ਹੈ | ਗੁਰਬਾਣੀ ਦੇ ਅਰਥ ਸਮਝਣ ਲਈ ਉਨ੍ਹਾਂ ਦਾ ਕੰਮ ਪਾਠਕਾਂ ਨੂੰ  ਭਾਸ਼ਾ ਦੀ ਬਾਰੀਕੀ, ਪ੍ਰਸੰਗ ਅਤੇ ਵਿਚਾਰ ਦੀ ਇਕਸਾਰਤਾ ਵੱਲ ਧਿਆਨ ਦੇਣ ਲਈ ਪ੍ਰੇਰਦਾ ਹੈ | ਪੰਜਾਬੀ ਭਾਸ਼ਾ ਅਤੇ ਸਿੱਖ ਚਿੰਤਨ ਦੀ ਸੇਵਾ ਵਿਚ ਉਨ੍ਹਾਂ ਦਾ ਸਥਾਨ ਸਦੀਵੀ ਹੈ |
ਅੱਜ ਦੀ ਪੀੜ੍ਹੀ ਲਈ ਪੰਜ ਸਬਕ
ਸ਼ਰਧਾ ਨਾਲ ਸਮਝ ਵੀ ਜੋੜੋ: ਪਾਠ ਦੇ ਨਾਲ ਅਰਥ ਅਤੇ ਪ੍ਰਸੰਗ ਵਿਚਾਰੋ; ਸਵਾਲ ਪੁੱਛਣਾ ਅਧਿਐਨ ਨੂੰ  ਡੂੰਘਾ ਕਰਦਾ ਹੈ |
ਬਾਰੀਕੀਆਂ ਦਾ ਸਤਿਕਾਰ ਕਰੋ: ਛੋਟੀ ਲੱਗ ਜਾਂ ਮਾਤ੍ਰਾ ਵੀ ਅਰਥ ਲਈ ਮਹੱਤਵਪੂਰਨ ਹੋ ਸਕਦੀ ਹੈ; ਧਿਆਨ ਨਾਲ ਪੜ੍ਹਨ ਦੀ ਆਦਤ ਬਣਾਓ |
ਨਿਰੰਤਰ ਮਿਹਨਤ ਅਪਣਾਓ: ਤੇਰ੍ਹਾਂ ਵਰਿ੍ਹਆਂ ਦੀ ਅਣਥੱਕ ਖੋਜ ਇਹ ਸਿੱਖਿਆ ਦਿੰਦੀ ਹੈ ਕਿ ਸਥਾਈ ਅਤੇ ਸਾਰਥਕ ਯੋਗਦਾਨ ਕਿਸੇ ਕਾਹਲ ਦਾ ਨਹੀਂ, ਸਗੋਂ ਨਿਰੰਤਰ ਮਿਹਨਤ, ਅਟੱਲ ਧੀਰਜ ਅਤੇ ਅਨੁਸ਼ਾਸਿਤ ਸਾਧਨਾ ਦਾ ਫਲ ਹੁੰਦਾ ਹੈ |
ਸਿੱਖਣ ਲਈ ਹੌਸਲਾ ਰੱਖੋ: ਸੁਖਾਵੀਂ ਨੌਕਰੀ ਤੋਂ ਅੱਗੇ ਗਿਆਨ ਦੀ ਚੋਣ ਕਰਨਾ ਜੀਵਨ ਨੂੰ  ਨਵੀਂ ਦਿਸ਼ਾ ਦੇ ਸਕਦਾ ਹੈ |
ਗਿਆਨ ਸਾਂਝਾ ਕਰੋ: ਆਪਣੀ ਵਿਦਵਤਾ ਨੂੰ  ਸਰਲ ਅਤੇ ਪਹੁੰਚਯੋਗ ਬਣਾਓ, ਤਾਂ ਜੋ ਆਮ ਪਾਠਕ ਵੀ ਉਸ ਤੋਂ ਲਾਭ ਲੈ ਸਕੇ |
ਪ੍ਰੋ. ਸਾਹਿਬ ਸਿੰਘ ਦੀ ਜੀਵਨ-ਸਾਧਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਗੁਰਬਾਣੀ ਨੂੰ  ਕੇਵਲ ਪੜ੍ਹਨਾ ਹੀ ਨਹੀਂ, ਸਗੋਂ ਸ਼ਰਧਾ, ਭਾਸ਼ਾਈ ਸੂਝ ਅਤੇ ਡੂੰਘੇ ਵਿਚਾਰ ਨਾਲ ਸਮਝ ਕੇ ਜੀਵਨ ਵਿਚ ਉਤਾਰਨਾ ਵੀ ਜ਼ਰੂਰੀ ਹੈ |

-ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ
ਮੋਬਾਈਲ ਨੰ. +91-9876107837

ਪਿਛਲੀ ਖ਼ਬਰ ਅਣਲੋੜੀਂਦੀਆਂ ਸਰੀਰਕ ਗੰਢਾਂ ਦਾ ਇਲਾਜ-ਕਚਨਾਰ ਅਗਲੀ ਖ਼ਬਰ PM Modi Tributes Sardar Patel | ਰਾਸ਼ਟਰੀ ਏਕਤਾ ਦਿਵਸ ਸਮਾਰੋਹ , ਪ੍ਰਧਾਨ ਮੰਤਰੀ ਨੇ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।