ਪਿਆਰੇ ਬੱਚਿਓ! ਤੁਸੀਂ ਸਾਰਿਆਂ ਨੇ ਸਾਈਕਲ ਜ਼ਰੂਰ ਚਲਾਇਆ ਹੋਵੇਗਾ | ਤੁਸੀਂ ਇਸ ਵਿਚ ਲੱਗੇ ਵੱਖ-ਵੱਖ ਪੁਰਜੇ ਵੀ ਵੇਖੇ ਹੋਣਗੇ | ਅੱਜ ਆਪਾਂ ਇਸ ਸਾਈਕਲ ਵਿਚ ਛੁਪੇ ਵਿਗਿਆਨ ਦੇ ਵੱਖ-ਵੱਖ ਸਿਧਾਂਤਾਂ ਬਾਰੇ ਗੱਲ ਕਰਾਂਗੇ | ਸਾਈਕਲ ਦੀ ਪਹਿਲੀ ਵਾਰ ਖੋਜ ਜਰਮਨੀ ਦੇਸ਼ ਦੇ ਖੋਜਕਰਤਾ ਕਾਰਲ ਵਾੱਨ ਡਰੈਸ ਨੇ ਸੰਨ 1817 ਵਿਚ ਕੱਢੀ ਸੀ | ਇਸ ਵਿਚ ਪੈਡਲ ਨਹੀਂ ਸਨ ਅਤੇ ਇਸ ਦਾ ਢਾਂਚਾ ਲੱਕੜੀ ਦੇ ਬੀਮ ਦਾ ਬਣਿਆ ਸੀ |
ਸਾਈਕਲ ਦੀ ਵਰਤੋਂ ਕਈ ਕੰਮਾਂ ਲਈ ਕੀਤੀ ਜਾਂਦੀ ਹੈ, ਜਿਵੇਂ ਰੋਜ਼ਾਨਾ ਆਵਾਜਾਈ, ਸਿਹਤ ਅਤੇ ਤੰਦਰੁਸਤੀ, ਮਨੋਰੰਜਨ ਅਤੇ ਖੇਡਾਂ, ਸਾਈਕਲ ਰੈਲੀ, ਯਾਤਰਾ, ਟਰੈਕ ਰੇਸ, ਕੋਰੀਅਰ, ਡਾਕ ਆਦਿ ਸਾਮਾਨ ਦੀ ਡਿਲਿਵਰੀ | ਰੋਜ਼ਾਨਾ ਸਾਈਕਲ ਚਲਾਉਣ ਨਾਲ ਵਿਅਕਤੀ ਮੋਟਾਪਾ, ਸ਼ੂਗਰ, ਗਠੀਆ ਆਦਿ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ | ਤੰਦਰੁਸਤੀ ਬਰਕਰਾਰ ਰੱਖਣ ਲਈ ਸਾਈਕਲ ਵਰਜਿਸ਼ ਦਾ ਬਹੁਤ ਵਧੀਆ ਢੰਗ ਹੈ | ਸਾਈਕਲ ਵਾਤਾਵਰਨ-ਮਿੱਤਰ ਹੈ, ਪੈਟਰੋਲ-ਡੀਜ਼ਲ ਦੀ ਬੱਚਤ ਹੁੰਦੀ ਹੈ | ਸਾਈਕਲ ਕੋਈ ਗਰੀਨ-ਹਾਊਸ ਗੈਸ ਨਹੀਂ ਛੱਡਦਾ | ਇਸ ਨੂੰ ਚਲਾਉਣ ਲਈ ਸਿਰਫ ਮਨੁੱਖੀ ਸ਼ਕਤੀ ਦੀ ਵਰਤੋਂ ਹੁੰਦੀ ਹੈ | ਮੋਟਰਸਾਈਕਲਾਂ ਨਾਲੋਂ ਸਾਈਕਲ ਬਹੁਤ ਸਸਤੇ ਹੁੰਦੇ ਹਨ |
ਸਾਈਕਲ ਵਿਚ ਦੋ ਪਹੀਏ ਹੁੰਦੇ ਹਨ | ਇਸ ਨੂੰ ਪੈਰਾਂ ਨਾਲ ਚਲਾਇਆ ਜਾਂਦਾ ਹੈ | ਦੋ ਪਹੀਆਂ ਕਰ ਕੇ ਇਸ ਨੂੰ 'ਬਾਈਸਾਈਕਲ' (ਬਾਈ ਮਤਲਬ ਦੋ, ਸਾਈਕਲ ਯਾਨੀ ਚੱਕਰ ਜਾਂ ਪਹੀਆ) ਵੀ ਕਿਹਾ ਜਾਂਦਾ ਹੈ | ਇਕ ਪਹੀਏ ਵਾਲੇ ਸਾਈਕਲ ਨੂੰ ਯੁਨੀਸਾਈਕਲ, ਦੋ ਵਾਲੇ ਨੂੰ ਬਾਈਸਾਈਕਲ ਅਤੇ ਤਿੰਨ ਪਹੀਏ ਵਾਲੇ ਸਾਈਕਲ ਨੂੰ ਟਰਾਈਸਾਈਕਲ ਕਹਿੰਦੇ ਹਨ | ਹਰ ਸਾਲ 3 ਜੂਨ ਨੂੰ 'ਕੌਮਾਂਤਰੀ ਸਾਈਕਲ ਦਿਵਸ' ਮਨਾਇਆ ਜਾਂਦਾ ਹੈ | ਸਾਈਕਲ ਚਲਾਉਣ ਵਾਲੇ ਵਿਅਕਤੀ ਨੂੰ 'ਸਾਈਕਲਿਸਟ' ਕਿਹਾ ਜਾਂਦਾ ਹੈ |
ਸਾਈਕਲ ਵਿਚ ਵਧੇਰੇ ਕਰਕੇ ਭੌਤਿਕ ਵਿਗਿਆਨ, ਪਦਾਰਥ ਵਿਗਿਆਨ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ ਸਿਧਾਂਤਾਂ ਦੀ ਵਰਤੋਂ ਹੁੰਦੀ ਹੈ | ਸਾਈਕਲ ਵਿਚ ਐਕਸਲ, ਬੈਰਿੰਗ, ਘੰਟੀ, ਗੇਅਰ, ਚੇਨ, ਪੈਡਲ,ਰਿਮ, ਹੱਬ, ਸਪੋਕਸ, ਕਰਾਸਬਾਰ, ਬਰੇਕ ਹੈਂਡਲ ਆਦਿ ਮੁੱਖ ਪੁਰਜੇ ਹੁੰਦੇ ਹਨ | ਸਾਈਕਲ ਦਾ ਫਰੇਮ ਹਲਕੇ ਮਟੀਰੀਅਲ ਜਿਵੇਂ ਸਟੀਲ, ਐਲੂਮੀਨੀਅਮ, ਕਾਰਬਨ ਫਾਈਬਰ ਆਦਿ ਦਾ ਬਣਿਆ ਹੁੰਦਾ ਹੈ | ਸਾਈਕਲ ਚਲਾਉਣ ਵਾਲੇ ਦਾ ਭਾਰ ਦੋਨੋਂ ਪਹੀਆਂ 'ਤੇ ਸਹੀ ਵੰਡਿਆ ਜਾਂਦਾ ਹੈ | ਰਿਮ ਪਹੀਏ ਦੇ ਘੇਰੇ ਨੂੰ ਬਣਾਉਂਦਾ ਹੈ, ਜਿਸ ਉਪਰ ਰਬੜ ਦਾ ਟਾਇਰ ਚੜ੍ਹਾਇਆ ਜਾਂਦਾ ਹੈ | ਪਹੀਏ ਦੇ ਕੇਂਦਰ 'ਤੇ ਹੱਬ ਹੁੰਦੀ ਹੈ ਜਿਸ ਵਿਚੋਂ ਤਾਰਾਂ (ਸਪੋਕਸ) ਨਿਕਲਦੀਆਂ ਹਨ | ਪਹੀਏ ਵਿਚ ਤਾਰਾਂ (ਸਪੋਕਸ) ਇਸ ਨੂੰ ਮਜ਼ਬੂਤ ਅਤੇ ਹਲਕਾ ਬਣਾਉਂਦੀਆਂ ਹਨ ਅਤੇ ਹਵਾ ਰੋਧਕ ਬਲ ਨੂੰ ਘੱਟ ਕਰਦੀਆਂ ਹਨ | ਹੱਬ ਦੇ ਅੰਦਰ ਬੈਰਿੰਗ ਹੁੰਦਾ ਹੈ, ਜੋ ਘਸਰਵੀਂ ਰਗੜ ਨੂੰ ਘੁੰਮਣੀ ਰਗੜ ਵਿਚ ਤਬਦੀਲ ਕਰਦਾ ਹੈ | ਇਸ ਨਾਲ ਸਾਈਕਲ ਚਲਾਉਣ ਲਈ ਘੱਟ ਬਲ ਦੀ ਲੋੜ ਪੈਂਦੀ ਹੈ | ਸਾਈਕਲ ਦੀ ਚੇਨ ਗਤੀ ਨੂੰ ਪਿਛਲੇ ਪਹੀਏ ਤੱਕ ਲਿਜਾਂਦੀ ਹੈ |
ਜਦੋਂ ਅਸੀਂ ਸਾਈਕਲ ਦਾ ਪੈਡਲ ਮਾਰਦੇ ਹਾਂ ਤਾਂ ਸਾਡੀ ਭੋਜਨ ਵਿਚਲੀ ਊਰਜਾ ਚੱਕਰੀ ਗਤੀ ਵਿਚ ਤਬਦੀਲ ਹੋ ਜਾਂਦੀ ਹੈ | ਸਾਈਕਲ ਚਲਾਉਣ ਸਮੇਂ ਲਗਭਗ 90 ਫ਼ੀਸਦੀ ਮਨੁੱਖੀ ਊਰਜਾ ਗਤਿਜ ਊਰਜਾ ਵਿਚ ਤਬਦੀਲ ਹੁੰਦੀ ਹੈ | ਇਹ ਊਰਜਾ ਦੇ ਸੁਰੱਖਿਅਣ ਨਿਯਮ ਨੂੰ ਦਰਸਾਉਂਦਾ ਹੈ |
ਟਾਇਰਾਂ ਅਤੇ ਸੜਕ ਵਿਚਕਾਰ ਰਗੜ ਬਲ ਸਾਈਕਲ ਨੂੰ ਚਲਾਉਣ ਵਿਚ ਸਹਾਈ ਹੁੰਦਾ ਹੈ | ਰਗੜ ਕਾਰਨ ਬਰੇਕ ਸ਼ੂਅ ਊਰਜਾ ਨੂੰ ਤਾਪ ਵਿਚ ਤਬਦੀਲ ਕਰਦੇ ਹਨ ਅਤੇ ਸਾਈਕਲ ਨੂੰ ਹੌਲੀ ਕਰਨ ਵਿਚ ਮਦਦ ਮਿਲਦੀ ਹੈ | ਜਦੋਂ ਪਿਛਲਾ ਪਹੀਆ ਘੁੰਮਦਾ ਹੈ ਤਾਂ ਸਥਿਰ ਰਗੜ ਕਾਰਨ ਸੜਕ ਨਾਲ ਪਕੜ ਬਣਾਉਂਦਾ ਹੈ ਅਤੇ ਸਾਈਕਲ ਨੂੰ ਅੱਗੇ ਵੱਲ ਧੱਕਦਾ ਹੈ | ਟਾਇਰ 'ਚ ਪੂਰੀ ਹਵਾ ਹੋਣੀ ਜ਼ਰੂਰੀ ਹੁੰਦੀ ਹੈ | ਘੱਟ ਹਵਾ ਸੜਕ ਨਾਲ ਵੱਧ ਸੰਪਰਕ ਅਤੇ ਵੱਧ ਰੋਲਿੰਗ ਪ੍ਰਤੀਰੋਧ ਪੈਦਾ ਕਰਦੀ ਹੈ | ਟਾਇਰ ਦੀ ਘਸਾਈ ਘੱਟ ਕਰਨ ਲਈ ਇਸ ਵਿਚ ਪੂਰੀ ਹਵਾ ਭਰਨੀ ਚਾਹੀਦੀ ਹੈ |
ਉੱਚ ਰਗੜ ਬਲ ਅਤੇ ਪਕੜ, ਬਰੇਕ, ਸਪੀਡ ਵਧਾਉਣ, ਸੁਰੱਖਿਅਤ ਮੋੜ ਕੱਟਣ, ਝਟਕੇ ਸੋਖਣ ਕਾਰਨ ਟਾਇਰ ਰਬੜ ਦੇ ਬਣਾਏ ਜਾਂਦੇ ਹਨ |
ਖੜ੍ਹੇ ਸਾਈਕਲ ਨਾਲੋਂ ਚਲਦਾ ਸਾਈਕਲ ਵਧੇਰੇ ਸੰਤੁਲਨ 'ਚ ਰਹਿੰਦਾ ਹੈ | ਇਸ ਦਾ ਕਾਰਨ ਕੋਣੀ ਸੰਵੇਗ ਦਾ ਸੁਰੱਖਿਅਣ ਨਿਯਮ ਹੈ |
ਹੈੱਡਲਾਈਟ ਚਲਾਉਣ ਲਈ ਸਾਈਕਲ 'ਤੇ ਡਾਇਨਮੋ ਦੀ ਵੀ ਵਰਤੋਂ ਕੀਤੀ ਜਾਂਦੀ ਹੈ | ਇਸ ਵਿਚ ਸਾਈਕਲ ਦੀ ਯੰਤਰਿਕ ਊਰਜਾ ਬਿਜਲਈ ਊਰਜਾ ਵਿਚ ਤਬਦੀਲ ਹੁੰਦੀ ਹੈ | ਸਾਈਕਲ 'ਤੇ ਲਗਾਇਆ ਰਿਫਲੈਕਟਰ ਇਸ ਉਪਰ ਪੈਂਦੀ ਰੋਸ਼ਨੀ ਨੂੰ ਪ੍ਰਕਾਸ਼ ਦੇ ਪਰਾਵਰਤਨ ਕਾਰਨ ਸਰੋਤ ਵੱਲ ਮੋੜਦਾ ਹੈ | ਸਾਈਕਲ ਦੀ ਕਾਠੀ ਵਿਚ ਸਪਰਿੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ | ਸਪਰਿੰਗਾਂ ਦੀ ਲਚਕਤਾ ਕਾਰਨ ਸਾਈਕਲ ਚਲਾਉਣ ਵਾਲੇ ਨੂੰ ਝਟਕੇ ਘੱਟ ਲੱਗਦੇ ਹਨ | ਸੜਕ 'ਤੇ ਪੈਦਲ ਜਾ ਰਹੇ ਲੋਕਾਂ, ਹੋਰ ਸਾਈਕਲ ਸਵਾਰਾਂ ਜਾਂ ਸੜਕ 'ਤੇ ਮੌਜੂਦ ਹੋਰ ਲੋਕਾਂ ਨੂੰ ਸੁਚੇਤ ਕਰਨ ਲਈ ਸਾਈਕਲ 'ਤੇ ਲੱਗੀ ਘੰਟੀ ਵਜਾਈ ਜਾਂਦੀ ਹੈ | ਜਦੋਂ ਅਸੀਂ ਅੰਗੂਠੇ ਨਾਲ ਸਾਈਕਲ ਦੀ ਘੰਟੀ ਦਾ ਲੀਵਰ ਦਬਾਉਂਦੇ ਹਾਂ ਤਾਂ ਇਸ ਵਿਚ ਧਾਤੂ ਦੇ ਡਿਸਕ ਦੇ ਘੁੰਮਣ ਕਾਰਨ ਧੁਨੀ ਪੈਦਾ ਹੁੰਦੀ ਹੈ |
-ਮੋਬਾਈਲ : 98145-92534