ਕੀ ਹੈ ਡਿਸਲੈਕਸੀਆ?
ਡਿਸਲੈਕਸੀਆ ਕੋਈ ਬਿਮਾਰੀ ਨਹੀਂ ਹੈ, ਬਲਕਿ ਇਕ ਨਿਊਰੋਲੋਜੀਕਲ ਸਥਿਤੀ ਹੈ | ਇਸ ਵਿਚ ਬੱਚੇ ਦਾ ਦਿਮਾਗ਼ ਭਾਸ਼ਾ, ਅੱਖਰਾਂ ਦੀ ਬਣਤਰ ਅਤੇ ਉਨ੍ਹਾਂ ਦੀਆਂ ਧੁਨੀਆਂ ਨੂੰ ਆਮ ਨਾਲੋਂ ਵੱਖਰੇ ਤਰੀਕੇ ਨਾਲ ਗ੍ਰਹਿਣ ਕਰਦਾ ਹੈ |

ਜਦੋਂ ਇਕ ਸਾਧਾਰਨ ਬੱਚਾ 'ਕ' ਜਾਂ 'ਮ' ਦੇਖਦਾ ਹੈ, ਤਾਂ ਉਸ ਦਾ ਦਿਮਾਗ਼ ਤੁਰੰਤ ਉਸ ਦੀ ਸ਼ਕਲ ਅਤੇ ਆਵਾਜ਼ ਦਾ ਸੰਬੰਧ ਜੋੜ ਲੈਂਦਾ ਹੈ | ਪਰ ਡਿਸਲੈਕਸੀਆ ਤੋਂ ਪ੍ਰਭਾਵਿਤ ਬੱਚਿਆਂ ਲਈ ਇਹ ਅੱਖਰ ਮਹਿਜ਼ ਕੁਝ ਘੁੰਮਾਵਦਾਰ ਅਤੇ ਉਲਝੀਆਂ ਹੋਈਆਂ ਲਾਈਨਾਂ ਵਰਗੇ ਹੁੰਦੇ ਹਨ | ਇਨ੍ਹਾਂ ਬੱਚਿਆਂ ਨੂੰ ਅੰਗਰੇਜ਼ੀ ਦੇ 'b' ਅਤੇ 'd' ਜਾਂ 'p' ਅਤੇ 'q' ਵਿਚ ਫਰਕ ਕਰਨਾ ਔਖਾ ਲੱਗਦਾ ਹੈ | ਜੇਕਰ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ, ਤਾਂ ਉਹ 'ਚ' ਅਤੇ 'ਖ', 'ਤ' ਅਤੇ 'ਭ', ਜਾਂ 'ਰ' ਅਤੇ 'ਗ' ਵਰਗੇ ਇਕੋ ਜਿਹੀ ਬਣਤਰ ਵਾਲੇ ਅੱਖਰਾਂ ਦੇ ਫਰਕ ਨੂੰ ਸਮਝਣ ਵਿਚ ਲੰਬਾ ਸਮਾਂ ਲੈਂਦੇ ਹਨ | ਕਈ ਵਾਰ ਉਹ ਅੱਖਰਾਂ ਨੂੰ ਪੁੱਠਾ ਲਿਖ ਦਿੰਦੇ ਹਨ, ਜਿਸ ਨੂੰ ਮਨੋਵਿਗਿਆਨ ਵਿਚ 'ਮਿਰਰ ਰਾਈਟਿੰਗ' ਕਿਹਾ ਜਾਂਦਾ ਹੈ |
ਬਾਲ-ਮਨ ਦੀ ਪੀੜ, ਝਿੜਕਾਂ ਨਹੀਂ, ਹਮਦਰਦੀ ਦੀ ਲੋੜ : ਜਦੋਂ ਅੱਖਰਾਂ ਨਾਲ ਜੂਝਦੇ ਇਨ੍ਹਾਂ ਬੱਚਿਆਂ ਨੂੰ ਸਕੂਲ ਵਿਚ ਅਧਿਆਪਕਾਂ ਵਲੋਂ ਅਤੇ ਘਰ ਵਿਚ ਮਾਪਿਆਂ ਵਲੋਂ ਲਗਾਤਾਰ ਡਾਂਟ, ਨਕਾਰਾਤਮਕ ਟਿੱਪਣੀਆਂ ਜਾਂ ਦੂਜੇ ਬੱਚਿਆਂ ਨਾਲ ਤੁਲਨਾ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ | ਬੱਚਾ ਅੰਦਰੋਂ-ਅੰਦਰੀਂ ਹੀਣਭਾਵਨਾ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ | ਉਹ ਪੜ੍ਹਾਈ ਅਤੇ ਕਿਤਾਬਾਂ ਤੋਂ ਦੂਰ ਭੱਜਣ ਲੱਗਦਾ ਹੈ , ਉਸ ਨੂੰ ਲੱਗਦਾ ਹੈ , ਉਹ ਬਾਕੀ ਬੱਚਿਆਂ ਵਾਂਗ 'ਸਮਾਰਟ' ਨਹੀਂ | ਸਾਨੂੰ ਬਤੌਰ ਸਮਾਜ, ਮਾਪੇ ਅਤੇ ਅਧਿਆਪਕ ਇਹ ਸਮਝਣਾ ਹੋਵੇਗਾ,ਇਹ ਬੱਚੇ ਜਾਣਬੁੱਝ ਕੇ ਸ਼ਰਾਰਤ ਜਾਂ ਆਲਸ ਨਹੀਂ ਕਰ ਰਹੇ ਹੁੰਦੇ |
ਸਿੱਖਣ ਦੇ ਰਚਨਾਤਮਕ ਅਤੇ ਦੇਸੀ ਤਰੀਕੇ : ਡਿਸਲੈਕਸੀਆ ਅਤੇ ਲਰਨਿੰਗ ਡਿਸਐਬਿਲਿਟੀ ਵਾਲੇ ਬੱਚਿਆਂ ਦੀ ਮਦਦ ਲਈ ਸਾਨੂੰ ਕਾਪੀ-ਕਿਤਾਬ ਅਤੇ ਰੱਟਾ ਪ੍ਰਣਾਲੀ ਦੇ ਰਵਾਇਤੀ ਦਾਇਰੇ ਤੋਂ ਬਾਹਰ ਨਿਕਲਣਾ ਪਵੇਗਾ | ਮਨੋਵਿਗਿਆਨੀਆਂ ਅਨੁਸਾਰ ਇਨ੍ਹਾਂ ਬੱਚਿਆਂ ਲਈ 'ਮਲਟੀ-ਸੈਂਸਰੀ ਤਰੀਕਾ' ਸਭ ਤੋਂ ਕਾਰਗਰ ਸਿੱਧ ਹੁੰਦਾ ਹੈ, ਜਿਸ ਵਿਚ ਦੇਖਣ, ਸੁਣਨ ਅਤੇ ਛੂਹਣ ਦੀਆਂ ਇੰਦਰੀਆਂ ਦੀ ਇਕੋ ਵੇਲੇ ਵਰਤੋਂ ਕੀਤੀ ਜਾਂਦੀ ਹੈ
ਵਿਜ਼ੂਅਲ ਅਤੇ ਫਲੈਸ਼ ਕਾਰਡ : ਅੱਖਰਾਂ ਨੂੰ ਸਿੱਧਾ ਲਿਖਵਾਉਣ ਦੀ ਬਜਾਏ ਆਕਰਸ਼ਕ ਅਤੇ ਰੰਗਦਾਰ ਚਿੱਤਰਾਂ ਨਾਲ ਜੋੜੋ | ਜਿਵੇਂ 'ੳ' ਦੇ ਨਾਲ ਊਠ ਦੀ ਵੱਡੀ ਅਤੇ ਰੰਗੀਨ ਤਸਵੀਰ ਦੇਖ ਕੇ ਬੱਚੇ ਦੀ ਵਿਜ਼ੂਅਲ ਮੈਮੋਰੀ ਤੇਜ਼ੀ ਨਾਲ ਕੰਮ ਕਰਦੀ ਹੈ |
ਸੁਣ ਕੇ ਸਿੱਖਣਾ : ਇਹ ਬੱਚੇ ਅਕਸਰ ਦੇਖ ਕੇ ਪੜ੍ਹਨ ਨਾਲੋਂ ਸੁਣ ਕੇ ਜ਼ਿਆਦਾ ਜਲਦੀ ਸਿੱਖਦੇ ਹਨ | ਅੱਖਰਾਂ ਦੀਆਂ ਆਵਾਜ਼ਾਂ ਨੂੰ ਕਵਿਤਾਵਾਂ, ਗੀਤਾਂ ਜਾਂ ਛੋਟੀਆਂ ਬੁਝਾਰਤਾਂ ਰਾਹੀਂ ਉਨ੍ਹਾਂ ਦੇ ਕੰਨਾਂ ਤੱਕ ਪਹੁੰਚਾਓ |
ਧੀਰਜ ਅਤੇ ਨਿਰੰਤਰਤਾ : ਸਭ ਤੋਂ ਵੱਡੀ ਕੁੰਜੀ ਹੈ ਧੀਰਜ | ਰੋਜ਼ਾਨਾ ਬਿਨਾਂ ਗੁੱਸਾ ਕੀਤੇ, ਛੋਟੇ-ਛੋਟੇ ਕਦਮਾਂ ਨਾਲ ਕੀਤੀ ਗਈ ਦੁਹਰਾਈ ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆ ਸਕਦੀ ਹੈ | ਇਤਿਹਾਸ ਗਵਾਹ ਹੈ ਕਿ ਡਿਸਲੈਕਸੀਆ ਅਤੇ ਲਰਨਿੰਗ ਡਿਸਐਬਿਲਿਟੀ ਵਾਲੇ ਬੱਚੇ ਕਦੇ ਨਾਕਾਮਯਾਬ ਨਹੀਂ ਹੁੰਦੇ, ਬਲਕਿ ਉਹ ਬਹੁਤ ਹੀ ਰਚਨਾਤਮਕ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਹੁੰਦੇ ਹਨ | ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ, ਪ੍ਰਸਿੱਧ ਚਿੱਤਰਕਾਰ ਲਿਓਨਾਰਡੋ ਦਾ ਵਿੰਚੀ, ਐਪਲ ਕੰਪਨੀ ਦੇ ਸੰਸਥਾਪਕ ਸਟੀਵ ਜੌਬਸ ਅਤੇ ਫ਼ਿਲਮੀ ਅਦਾਕਾਰ ਅਭਿਸ਼ੇਕ ਬੱਚਨ ਵਰਗੀਆਂ ਨਾਮਵਰ ਸ਼ਖ਼ਸੀਅਤਾਂ ਵੀ ਬਚਪਨ ਵਿਚ ਇਸੇ ਸਥਿਤੀ ਵਿਚੋਂ ਲੰਘੀਆਂ ਸਨ | ਉਨ੍ਹਾਂ ਦੀ ਸਫ਼ਲਤਾ ਦਾ ਰਾਜ਼, ਉਨ੍ਹਾਂ ਨੂੰ ਸਮੇਂ ਸਿਰ ਸਹੀ ਸਹਿਯੋਗ ਅਤੇ ਹੌਸਲਾ ਮਿਲਿਆ |
ਲੋੜ ਹੈ ਤਾਂ ਸਿਰਫ਼ ਮਾਪਿਆਂ ਅਤੇ ਅਧਿਆਪਕਾਂ ਵਲੋਂ ਆਪਣੇ ਨਜ਼ਰੀਏ ਨੂੰ ਬਦਲਣ ਦੀ | ਸਾਨੂੰ ਇਨ੍ਹਾਂ ਬੱਚਿਆਂ ਦੀ ਚੁਣੌਤੀ ਨੂੰ ਸਮੇਂ ਸਿਰ ਪਛਾਣਨਾ ਪਵੇਗਾ ਅਤੇ ਉਨ੍ਹਾਂ ਨੂੰ ਅਖੌਤੀ 'ਰੇਸ' ਵਿਚ ਦੌੜਾਉਣ ਦੀ ਬਜਾਏ ਉਨ੍ਹਾਂ ਦੇ ਸਿੱਖਣ ਦੇ ਵੱਖਰੇ ਅੰਦਾਜ਼ ਅਤੇ ਮਨ ਨੂੰ ਸਵੀਕਾਰ ਕਰਨਾ ਪਵੇਗਾ | ਜਦੋਂ ਅਸੀਂ ਉਨ੍ਹਾਂ ਦੇ ਬਾਲ-ਮਨ ਨੂੰ ਸਮਝ ਕੇ ਪਿਆਰ ਅਤੇ ਸਹੀ ਤਰੀਕੇ ਦੀ ਉਂਗਲ ਫੜਾਵਾਂਗੇ, ਤਾਂ ਇਹ ਬੱਚੇ ਵੀ ਅਕਾਦਮਿਕ ਅਤੇ ਸਮਾਜਿਕ ਖੇਤਰ ਵਿਚ ਸਭ ਨੂੰ ਹੈਰਾਨ ਕਰ ਦੇਣ ਵਾਲੀਆਂ ਉੱਚੀਆਂ ਉਡਾਣਾਂ ਭਰਨ ਦੇ ਸਮਰੱਥ ਹੋਣਗੇ |
-(ਬਰਨਾਲਾ) ਸੰਪਰਕ : 94171-63426