11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਵਿਸ਼ਵ ਹਾਕੀ ਕੱਪ ਦੀ ਟਰਾਫ਼ੀ ਦਾ ਇਤਿਹਾਸ

ਵਿਸ਼ਵ ਹਾਕੀ ਕੱਪ ਦੀ ਟਰਾਫ਼ੀ ਦਾ ਇਤਿਹਾਸ

ਅਜੀਤ ਡੈਸਕ 11-08-2026

 

ਵਿਸ਼ਵ ਕੱਪ ਹਾਕੀ ਟੂਰਨਾਮੈਂਟ ਹੋਂਦ 'ਚ ਆਉਣ ਤੋਂ ਪਹਿਲਾਂ ਕੌਮਾਂਤਰੀ ਪੱਧਰ 'ਤੇ ਉਲੰਪਿਕ ਹਾਕੀ ਮੁਕਾਬਲੇ ਹੀ ਹੋਇਆ ਕਰਦੇ ਸਨ। ਇਕ ਉਲੰਪਿਕ ਤੋਂ ਦੂਜੇ ਉਲੰਪਿਕ ਮੁਕਾਬਲੇ ਹੋਣ ਵਿਚ ਚਾਰ ਸਾਲਾਂ ਦੇ ਲੰਬੇ ਫ਼ਰਕ ਨੂੰ ਦੇਖਦਿਆਂ 1969 ਵਿਚ ਸੰਸਾਰ ਦੇ ਹਾਕੀ ਮਾਹਿਰਾਂ ਨੇ ਸੋਚਿਆ ਕਿ ਵਿਸ਼ਵ ਪੱਧਰ 'ਤੇ ਇਕ ਵੱਖਰਾ ਅਤੇ ਨਿਰ੍ਹਾ ਹਾਕੀ ਦਾ ਟੂਰਨਾਮੈਂਟ ਹੋਂਦ 'ਚ ਲਿਆਂਦਾ ਜਾਵੇ। ਫਲਸਰੂਪ ਕੌਮਾਂਤਰੀ ਹਾਕੀ ਸੰਘ ਵਲੋਂ ਵਿਸ਼ਵ ਹਾਕੀ ਕੱਪ ਦੀ ਸ਼ੁਰੂਆਤ ਕੀਤੀ ਗਈ। ਪਹਿਲਾਂ ਇਹ ਨਿਸਚਿਤ ਕੀਤਾ ਗਿਆ ਕਿ ਵਿਸ਼ਵ ਹਾਕੀ ਕੱਪ ਮੁਕਾਬਲਾ ਹਰ ਦੋ ਸਾਲਾਂ ਬਾਅਦ ਕਰਵਾਇਆ ਜਾਇਆ ਕਰੇਗਾ। ਇਸ ਫ਼ੈਸਲੇ ਮੁਤਾਬਿਕ ਪਹਿਲੇ ਤਿੰਨ ਵਿਸ਼ਵ ਕੱਪ 1971, 1973 ਤੇ 1975 ਦੇ ਮੁਕਾਬਲੇ ਦੋ ਸਾਲਾਂ ਦੇ ਅੰਤਰ ਨਾਲ ਕਰਵਾਏ ਗਏ। 29 ਸਤੰਬਰ 1974 ਨੂੰ ਕੌਮਾਂਤਰੀ ਹਾਕੀ ਸੰਘ ਨੇ ਇਸ ਟੂਰਨਾਮੈਂਟ ਨੂੰ ਦੋ ਦੀ ਬਜਾਏ ਚਾਰ ਸਾਲਾਂ ਦੇ ਅੰਤਰ ਨਾਲ ਕਰਨ ਦਾ ਫ਼ੈਸਲਾ ਕੀਤਾ। ਇਸ ਪਿੱਛੋਂ ਇਹ ਟੂਰਨਾਮੈਂਟ ਹਰ ਚਾਰ ਸਾਲਾਂ ਬਾਅਦ ਹੀ ਆਯੋਜਿਤ ਕੀਤਾ ਜਾਂਦਾ ਹੈ।
ਵਿਸ਼ਵ ਕੱਪ ਹਾਕੀ ਜਿਸ ਨੂੰ ਜਿੱਤਣ ਲਈ ਸੰਸਾਰ ਦੀਆਂ ਚੋਟੀ ਦੀਆਂ ਟੀਮਾਂ ਜਾਨ ਮਾਰ ਕੇ ਹਾਕੀ ਖੇਡਦੀਆਂ ਹਨ, ਦੀ ਪਹਿਲੀ ਟਰਾਫੀ ਪਾਕਿਸਤਾਨ ਨੇ ਤਿਆਰ ਕਰਕੇ 27 ਮਾਰਚ 1971 ਨੂੰ ਬ੍ਰਸਲਜ਼ (ਬੈਲਜੀਅਮ) ਵਿਖੇ ਕੌਮਾਂਤਰੀ ਹਾਕੀ ਸੰਘ ਦੇ ਪ੍ਰਧਾਨ ਰੈਨੇ ਫ੍ਰੈਂਕ ਨੂੰ ਸੌਂਪੀ ਸੀ। ਵਿਸ਼ਵ ਕੱਪ ਦੀ ਬਣਤਰ ਵਿਚ ਜਿਹੜੀ ਸਮੱਗਰੀ ਵਰਤੋਂ 'ਚ ਆਈ, ਉਸ ਵਿਚ ਸੋਨਾ 895 ਗ੍ਰਾਮ, ਚਾਂਦੀ 6815 ਗ੍ਰਾਮ, ਹਾਥੀ ਦੰਦ 350 ਗ੍ਰਾਮ ਅਤੇ ਟੀਕ ਦੀ ਲੱਕੜੀ 3500 ਗ੍ਰਾਮ ਸੀ। ਪਲੇਠਾ ਵਿਸ਼ਵ ਹਾਕੀ ਕੱਪ ਟੂਰਨਾਮੈਂਟ 1971 'ਚ ਲਾਹੌਰ (ਪਾਕਿਸਤਾਨ) ਵਿਖੇ ਹੋਣਾ ਤੈਅ ਹੋਇਆ ਸੀ, ਪਰ ਉਸ ਸਮੇਂ ਭਾਰਤ ਤੇ ਪਾਕਿਸਤਾਨ ਵਿਚਕਾਰ ਰਾਜਨੀਤਕ ਸੰਬੰਧ ਅਤੇ ਹਾਲਾਤ ਅਨੁਕੂਲ ਨਾ ਹੋਣ ਕਾਰਨ ਇਹ ਮੁਕਾਬਲਾ ਪਾਕਿਸਤਾਨ ਵਿਚ ਨਾ ਹੋ ਕੇ 15 ਤੋਂ 24 ਅਕਤੂਬਰ 1971 ਤੱਕ ਬਾਰਸੀਲੋਨਾ (ਸਪੇਨ) ਵਿਖੇ ਕਰਵਾਇਆ ਗਿਆ। 1971 ਤੋਂ 2023 ਤੱਕ ਵਿਸ਼ਵ ਹਾਕੀ ਕੱਪ 15 ਵਾਰ ਕਰਵਾਇਆ ਗਿਆ। ਭਾਰਤ ਨੂੰ ਹੁਣ ਤੱਕ ਕੇਵਲ 1975 ਦਾ ਇਕੋ ਇਕ ਵਿਸ਼ਵ ਕੱਪ ਜਿੱਤਣ ਦਾ ਮਾਣ ਪ੍ਰਾਪਤ ਹੈ। ਹੁਣ 16ਵਾਂ ਹਾਕੀ ਵਿਸ਼ਵ ਕੱਪ ਨੀਦਰਲੈਂਡਜ਼ ਅਤੇ ਬੈਲਜੀਅਮ ਵਿਖੇ 15 ਤੋਂ 30 ਅਗਸਤ 2026 ਤੱਕ ਕਰਵਾਇਆ ਜਾ ਰਿਹਾ ਹੈ। ਭਾਰਤੀ ਖੇਡ ਪ੍ਰੇਮੀ 1975 ਤੋਂ ਬਾਅਦ ਹਰ ਵਾਰ ਇਸ ਟਰਾਫੀ ਨੂੰ ਭਾਰਤੀ ਖਿਡਾਰੀਆਂ ਦੇ ਹੱਥਾਂ ਵਿਚ ਦੇਖਣਾ ਲੋਚਦੇ ਹਨ ਪਰ ਹਰ ਵਾਰ ਨਿਰਾਸ਼ ਹੋ ਜਾਂਦੇ ਹਨ। ਇਸ ਵਾਰ ਫਿਰ ਇਹੋ ਆਸ ਲਗਾਈ ਜਾ ਰਹੀ ਹੈ।
-2101/7, ਮੁਹਾਲੀ।
ਮੋਬਾਈਲ : 99140-22101

ਪਿਛਲੀ ਖ਼ਬਰ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਪੈਰਾ ਖਿਡਾਰੀਆਂ ਨੇ ਗੱਡੇ ਝੰਡੇ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਨਸ਼ਿਆਂ ਬਾਰੇ ਪ੍ਰਗਟਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।