02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਡੂੰਘੇ ਅਰਥ ਰੱਖਦੀ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ

ਅਜੀਤ ਡੈਸਕ 13-07-2026

ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਹਿਤ ਨਕਸ਼ਾ ਤਿਆਰ ਕਰਨ ਵੇਲੇ ਵਰਤੇ ਗਏ ਮਹਾਨ ਪ੍ਰਤੀਕਾਂ ਦੀ ਜੇ ਗੱਲ ਕਰੀਏ ਤਾਂ ਸੀਸ ਸਹਿਜੇ ਹੀ ਝੁਕ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਅਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੁਝ ਇਸ ਤਰ੍ਹਾਂ ਕੀਤੀ ਸੀ ਕਿ ਵੱਖ-ਵੱਖ ਪ੍ਰਤੀਕਾਂ ਰਾਹੀਂ ਗੁਰੂ ਘਰ ਦੀ ਮਰਿਆਦਾ ਪੂਰਨ ਰੂਪ ਵਿਚ ਸਪੱਸ਼ਟ ਕਰ ਦਿੱਤੀ ਸੀ।
ਪੰਦਰ੍ਹਵੀਂ, ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਦੌਰਾਨ ਬਣਨ ਵਾਲੇ ਸਮੂਹ ਹਿੰਦੂ ਜਾਂ ਮੁਸਲਿਮ ਧਰਮ ਅਸਥਾਨਾਂ ਦੀ ਬਣਤਰ ਕੁਝ ਇਸ ਤਰ੍ਹਾਂ ਦੀ ਸੀ ਕਿ ਪੂਜਾ ਸਥਲ ਅਕਸਰ ਹੀ ਪ੍ਰਵੇਸ਼ ਦੁਆਰ ਨਾਲੋਂ ਉੱਚਾ ਹੁੰਦਾ ਸੀ ਤੇ ਸ਼ਰਧਾਲੂਆਂ ਨੂੰ ਕੁਝ ਜਾਂ ਬਹੁਤ ਸਾਰੀਆਂ ਪੌੜ੍ਹੀਆਂ ਚੜ੍ਹ ਕੇ ਪੂਜਾ ਸਥਲ ਤੱਕ ਪੁੱਜਣਾ ਪੈਂਦਾ ਸੀ, ਪਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਿੱਖਾਂ ਨੂੰ ਗੁਰੂ ਘਰ ਆਉਣ ਸਮੇਂ ਆਪਣੀ ਹਓਮੈ, ਆਪਣਾ ਹੰਕਾਰ ਤਿਆਗਣ ਦੀ ਸਿੱਖਿਆ ਦੇਣ ਦੇ ਮਕਸਦ ਨਾਲ ਨੀਵੇਂ ਹੋ ਕੇ ਆਉਣ ਦੀ ਤਾਕੀਦ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਸਥਾਨ ਚੁਫ਼ੇਰੇ ਦੀ ਉੱਚਾਈ ਦੇ ਮੁਕਾਬਲਤਨ ਨੀਵਾਂ ਰੱਖਿਆ ਤੇ ਦਰਸਾਇਆ ਕਿ ਗੁਰੂ ਦਰਸ਼ਨਾਂ ਲਈ ਆਉਣ ਵੇਲੇ ਹਰ ਸਿੱਖ ਨੂੰ ਜਾਂ ਹਰ ਸ਼ਰਧਾਲੂ ਨੂੰ ਹੰਕਾਰ ਦੀ ਉੱਚਾਈ ਤਿਆਗ ਕੇ ਨਿਮਰਤਾ ਦੀਆਂ ਪੌੜੀਆਂ ਉਤਰ ਕੇ ਹੇਠਾਂ ਆਉਣਾ ਪਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਗੁਰੂ ਜੀ ਨੇ ਪ੍ਰਤੀਕਾਤਮਿਕ ਤੌਰ 'ਤੇ ਦਰਸਾ ਦਿੱਤਾ ਸੀ ਕਿ ਇਹ ਅਸਥਾਨ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਦੇ ਦਾਖ਼ਲੇ ਤੱਕ ਸੀਮਤ ਨਹੀਂ, ਸਗੋਂ ਗੁਰਮਤਿ ਸਿਧਾਂਤ
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ॥
(ਸੂਹੀ ਮਾ: 5, ਅੰਗ : 747)
ਦੇ ਸੰਕਲਪ ਦਾ ਲਖਾਇਕ ਹੈ। ਹਾਲਾਂਕਿ ਸੱਚਖੰਡ ਆਖੇ ਜਾਂਦੇ ਹਰਿਮੰਦਰ ਤੱਕ ਪੁੱਜਣ ਲਈ ਇਕ ਹੀ ਰਸਤਾ ਬਣਵਾਇਆ। ਆਮ ਤੌਰ 'ਤੇ ਚਾਰ ਦਰਵਾਜ਼ਿਆਂ ਵਾਲੀ ਇਮਾਰਤ ਨੂੰ ਚਾਰ ਰਸਤੇ ਹੀ ਲਗਦੇ ਹੁੰਦੇ ਹਨ ਪਰ ਗੁਰੂ ਸਾਹਿਬ ਆਪਣੀ ਅਦਭੁੱਤ ਨਕਸ਼ਾਨਵੀਸੀ ਤੇ ਬਾਕਮਾਲ ਭਵਨ ਨਿਰਮਾਣ ਦੀ ਸੂਝ ਰਾਹੀਂ ਇਹ ਦੱਸਣਾ ਚਾਹੁੰਦੇ ਸਨ ਕਿ ਧਰਮ, ਮਜ਼੍ਹਬ ਜਾਂ ਜਾਤ ਚਾਹੇ ਕੋਈ ਵੀ ਹੋਵੇ, ਪਰਮੇਸ਼ਰ ਕੇਵਲ ਇਕ ਹੈ ਤੇ ਉਸ ਤੱਕ ਪਹੁੰਚਣ ਦਾ ਮਾਰਗ ਵੀ ਕੇਵਲ ਇਕ ਹੈ। ਸੂਫ਼ੀ ਸੰਤ ਸਾਈਂ ਮੀਆਂ ਮੀਰ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਉਣਾ ਇਸ ਗੱਲ ਦਾ ਪ੍ਰਤੱਖ ਪ੍ਰਤੀਕ ਸੀ ਕਿ ਸਿੱਖੀ ਦਾ ਕਿਸੇ ਵੀ ਦੂਜੇ ਧਰਮ ਨਾਲ ਵੈਰ-ਵਿਰੋਧ ਨਹੀਂ ਹੈ, ਸਗੋਂ ਸਿੱਖ ਧਰਮ ਵਿਚ ਤਾਂ ਦੂਜੇ ਮਜ਼੍ਹਬ ਨੂੰ ਆਪਣੇ ਮਜ਼੍ਹਬ ਤੋਂ ਵੀ ਵੱਧ ਸਨਮਾਨ ਤੇ ਸਤਿਕਾਰ ਦਿੱਤਾ ਜਾਂਦਾ ਹੈ। ਪੰਜਾਬ ਸਮੇਤ ਦੁਨੀਆ ਭਰ ਦੇ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਨੂੰ ਉੱਚਾ ਸਥਾਨ ਬਣਾ ਕੇ ਤੇ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਜਾਂਦਾ ਹੈ, ਪਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਉੱਚੇ ਸਥਾਨ 'ਤੇ ਨਹੀਂ, ਸਗੋਂ ਇਸ ਸਮੁੱਚੀ ਇਮਾਰਤ ਦੇ ਸਭ ਤੋਂ ਨੀਵੇਂ ਸਥਾਨ 'ਤੇ ਅਤੇ ਕਿਸੇ ਸੁੰਦਰ ਪਾਲਕੀ ਦੀ ਥਾਂ ਇਕ ਪੀੜ੍ਹੀ ਦੇ ਉੱਤੇ ਬਿਰਾਜਮਾਨ ਕੀਤਾ ਗਿਆ ਹੈ, ਜੋ ਕਿ ਇਸ ਤੱਥ ਦਾ ਪ੍ਰਤੱਖ ਪ੍ਰਤੀਕ ਹੈ ਕਿ ਗੁਰੂ ਨੀਵਿਆਂ ਦੇ ਨਾਲ ਰਹਿੰਦਾ ਹੈ ਤੇ ਗੁਰੂ ਦਾ ਹੋਣ ਲਈ ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ-ਹੰਕਾਰ ਆਦਿ ਨੂੰ ਤਿਆਗਣਾ ਹੀ ਪਵੇਗਾ। ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ:-
ਨੀਚਾ ਅੰਦਰਿ ਨੀਚ ਜਾਤਿ
ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ॥
(ਸਿਰੀਰਾਗੁ, ਮਾ: 1, ਅੰਗ: 15)
ਇਨ੍ਹਾਂ ਸ਼ਬਦਾਂ ਦਾ ਸੱਚਾ-ਸੁੱਚਾ ਰੂਪਾਂਤਰਨ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਨਿਰਮਾਣ ਕਲਾ ਵਿਚ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ 'ਚੋਂ ਕਿਸੇ ਦਰਵਾਜ਼ੇ ਨੂੰ ਜਿੰਦਰਾ ਲਗਾਉਣ ਲਈ ਕੁੰਡੇ ਨਹੀਂ ਲਾਏ ਗਏ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਪਾਪ ਕਰਮਾਂ ਕਰਕੇ ਗੁਰੂ ਘਰ ਦੇ ਜਾਂ ਗੁਰੂ ਦੀ ਕਿਰਪਾ ਦੇ ਕਿਵਾੜ ਸਾਡੇ ਲਈ ਢੋਏ ਤਾਂ ਹੋ ਸਕਦੇ ਹਨ, ਪਰ ਬੰਦ ਕਦੇ ਨਹੀਂ ਹੋ ਸਕਦੇ। ਇਸ ਲਈ ਸਾਨੂੰ ਆਪਣੀਆਂ ਭੁੱਲਾਂ ਬਖ਼ਸ਼ਾਉਣ ਹਿਤ ਸਬਰ ਰੱਖਣ ਤੇ ਪਸ਼ਚਾਤਾਪ ਕਰਨ ਦੇ ਨਾਲ-ਨਾਲ ਤਨੋਂ-ਮਨੋਂ ਹੋ ਕੇ ਸੇਵਾ ਤੇ ਸਿਮਰਨ ਕਰਦਿਆਂ ਸੱਚੇ ਗੁਰੂ ਦਾ ਓਟ-ਆਸਰਾ ਲੈਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵੇਲੇ ਪਰਿਕਰਮਾ ਕਰਨ ਦਾ ਅਰਥ ਹੈ ਕਿ ਸਿੱਖ ਨੂੰ ਹਰ ਹਾਲ ਵਿਚ ਆਪਣੇ ਗੁਰੂ ਦੀ ਮਤ ਦੁਆਲੇ ਹੀ ਘੁੰਮਣਾ ਚਾਹੀਦਾ ਹੈ ਤੇ ਗੁਰੂ ਦੀ ਮਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੈ। ਸ੍ਰੀ ਹਰਿਮੰਦਰ ਸਾਹਿਬ ਅੰਦਰ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਨਤਮਸਤਕ ਹੋਣ ਲਈ ਲੰਮੀ ਕਤਾਰ ਵਿਚ ਲੰਮੇ ਸਮੇਂ ਤੱਕ ਖੜ੍ਹੇ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪਰਮਾਤਮਾ ਜਾਂ ਸਤਿਗੁਰੂ ਨੂੰ ਪਾਉਣ ਲਈ ਸਮਾਂ, ਮਿਹਨਤ ਤੇ ਸਬਰ ਦੀ ਹੀ ਜ਼ਰੂਰਤ ਹੁੰਦੀ ਹੈ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਜ਼ੁਲਮ ਦਾ ਟਾਕਰਾ ਕਰਨ ਲਈ ਅਤੇ ਭਗਤੀ ਤੇ 'ਸ਼ਕਤੀ ਦਾ ਸੁਮੇਲ ਕਰਨ ਲਈ ਪ੍ਰਤੀਕ ਵਜੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਹੀ ਨਹੀਂ ਪਹਿਨੀਆਂ ਸਨ, ਸਗੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਹੁਤ ਨਜ਼ਦੀਕ ਅਕਾਲ ਤਖ਼ਤ ਸਾਹਿਬ ਦਾ ਨਿਰਮਾਣ ਵੀ ਕਰਾਇਆ ਸੀ। ਗੁਰੂ ਅਰਜਨ ਦੇਵ ਜੀ ਵਾਲੀ ਸੂਝਬੂਝ ਨੂੰ ਅੱਗੇ ਵਧਾਉਂਦਿਆਂ ਤੇ ਭਵਨ ਨਿਰਮਾਣ ਕਲਾ 'ਚ ਪ੍ਰਤੀਕ ਵਰਤਦਿਆਂ ਛੇਵੇਂ ਪਾਤਿਸ਼ਾਹ ਨੇ ਅਕਾਲ ਤਖ਼ਤ ਦੀ ਇਮਾਰਤ ਦਾ ਨਿਰਮਾਣ ਇਕ ਅਜਿਹੇ ਕੋਣ ਤੋਂ ਕਰਾਇਆ ਕਿ ਇੱਥੇ ਬੈਠ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਤਾਂ ਕੀਤੇ ਜਾ ਸਕਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੈਠ ਕੇ ਅਕਾਲ ਤਖ਼ਤ ਨੂੰ ਨਹੀਂ ਵੇਖਿਆ ਜਾ ਸਕਦਾ। ਇਸ ਤਰ੍ਹਾਂ ਇਹ ਸਪੱਸ਼ਟ ਕਰਦਾ ਹੈ ਕਿ ਰਾਜਨੀਤੀ ਚਲਾਉਣ ਲਈ ਧਰਮ ਦੇ ਦਰਸ਼ਨ ਜਾਂ ਸੇਧ ਲਈ ਜਾ ਸਕਦੀ ਹੈ, ਪਰ ਧਰਮ ਚਲਾਉਣ ਲਈ ਸਿਆਸੀ ਤਖ਼ਤ ਤੋਂ ਸੇਧ ਲੈਣ ਦਾ ਕੋਈ ਸਿਧਾਂਤ ਨਹੀਂ। ਇਹ ਵੀ ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਅਸਲ ਵਿਚ ਦਿੱਲੀ ਦੇ ਤਖ਼ਤ ਤੋਂ ਡੇਢ ਫੁੱਟ ਉੱਚਾ ਰੱਖਿਆ ਗਿਆ ਸੀ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖਾਂ ਦਾ ਤਖ਼ਤ ਦਿੱਲੀ ਦੀ ਸੱਤਾ ਵਾਲੇ ਤਖ਼ਤ ਤੋਂ ਜ਼ਿਆਦਾ ਉੱਚਾ ਹੈ। ਛੇਵੇਂ ਪਾਤਿਸ਼ਾਹ ਨੇ ਸਿੱਖਾਂ ਲਈ ਤਖ਼ਤ ਸਥਾਪਤ ਕਰਕੇ ਉਸ ਨੂੰ ਆਪਣਾ ਜਾਂ ਕਿਸੇ ਸਿੱਖ ਦਾ ਤਖ਼ਤ ਆਖਣ ਦੀ ਥਾਂ ਅਕਾਲ ਦਾ ਤਖ਼ਤ ਭਾਵ ਅਕਾਲ ਤਖ਼ਤ ਆਖ਼ ਕੇ ਪਰਮਾਤਮਾ ਨੂੰ ਸਮਰਪਿਤ ਕੀਤਾ। ਇਵੇਂ ਹੀ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਜੇ ਖ਼ਾਲਸੇ ਨੂੰ ਅਤੇ ਆਪਣੀਆਂ ਸਮੂਹ ਜਿੱਤਾਂ ਨੂੰ ਆਪਣੀ ਪ੍ਰਾਪਤੀ ਕਹਿਣ ਦੀ ਥਾਂ 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ' ਆਖ ਕੇ ਸਭ ਕੁਝ ਪਰਮਾਤਮਾ ਦੇ ਨਾਂਅ ਨੂੰ ਹੀ ਸਮਰਪਿਤ ਕਰ ਦਿੱਤਾ ਸੀ। ਉਸੇ ਤਰ੍ਹਾਂ ਇੱਥੇ ਅਕਾਲ ਤਖ਼ਤ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਇਹ ਇਕ ਅਜਿਹਾ ਤਖ਼ਤ ਹੈ, ਜੋ ਕਾਲ ਦੀ ਪਕੜ ਤੋਂ ਪਰ੍ਹੇ ਹੈ। ਭਾਵ ਸਮਾਂ ਇਸ ਤਖ਼ਤ ਨੂੰ ਕਦੇ ਵੀ ਮਿਟਾ ਨਹੀਂ ਪਾਏਗਾ ਤੇ ਇਹ ਤਖ਼ਤ ਅਕਾਲ ਪੁਰਖ ਪਰਮਾਤਮਾ ਦੀ ਤਰ੍ਹਾਂ ਸਦੀਵੀ ਤੌਰ 'ਤੇ ਕਾਇਮ ਰਹੇਗਾ।

-#410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008

ਪਿਛਲੀ ਖ਼ਬਰ ਗੁਰੂ ਸਾਹਿਬਾਨ ਦਾ ਸ਼ਬਦ ਪ੍ਰਤੀ ਸਤਿਕਾਰ ਅਗਲੀ ਖ਼ਬਰ ਹਰ ਮਹਿਲਾ ਦੇ ਕਰੀਬ 50 ਹਜ਼ਾਰ ਡਕਾਰ ਗਈ ਮਾਨ ਸਰਕਾਰ-ਸੱਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।