ਟੱਲੇਵਾਲ, 30 ਸਤੰਬਰ (ਸੋਨੀ ਚੀਮਾ)-ਐੱਸ.ਐੱਸ.ਪੀ. ਬਰਨਾਲਾ ਸ੍ਰੀ ਸਰਫ਼ਰਾਜ਼ ਆਲਮ ਦੀਆਂ ਸਖ਼ਤ ਹਦਾਇਤਾਂ ਅਤੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਅੱਜ ਜ਼ਿਲ੍ਹੇ ਦੇ ਨਸ਼ਾ ਸਬੰਧੀ ਸ਼ੱਕੀ ਗਤੀਵਿਧੀਆਂ ਦੇ ਹਾਟ ਸਪਾਟ ਵਜੋਂ ਚੁਣੇ ਗਏ ਪਿੰਡ ਚੀਮਾ ਵਿਖੇ ‘ਆਪ੍ਰੇਸ਼ਨ ਕਾਸੋ’ ਤਹਿਤ ਰਾਜਿੰਦਰਪਾਲ ਸਿੰਘ ਡੀ.ਐਸ.ਪੀ ਬਰਨਾਲਾ ਦੀ ਅਗਵਾਈ ਵਿਚ ਵੱਡੀ ਦਬਿਸ਼ ਦਿੱਤੀ ਗਈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਪਿੰਡ ਦੇ ਅੱਧੀ ਦਰਜਨ ਤੋਂ ਵੱਧ ਸ਼ੱਕੀ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿਚ ਜਾ ਕੇ ਸਰਚ ਅਪ੍ਰੇਸ਼ਨ ਚਲਾਇਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਹੈ। ਹਾਟ ਸਪਾਟ ਇਲਾਕਿਆਂ ਵਿਚ ਅਜਿਹੀਆਂ ਅਚਨਚੇਤ ਛਾਪੇਮਾਰੀਆਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਿਆ ਜਾ ਸਕੇ। ਪੁਲਿਸ ਵਲੋਂ ਚਲਾਏ ਗਏ ਇਸ ‘ਆਪ੍ਰੇਸ਼ਨ ਕਾਸੋ’ ਕਾਰਨ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿਚ ਸਰਗਰਮ ਮਾੜੇ ਅਨਸਰਾਂ ਵਿਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਜਦਕਿ ਆਮ ਜਨਤਾ ਨੇ ਪੁਲਿਸ ਦੀ ਇਸ ਸਖ਼ਤ ਕਾਰਵਾਈ ਦਾ ਸਵਾਗਤ ਕੀਤਾ ਹੈ। ਇਸ ਮੌਕੇ ਲਖਵੀਰ ਸਿੰਘ ਥਾਣਾ ਮੁਖੀ ਸਿਟੀ-1, ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਸਦਰ, ਤਰਸੇਮ ਸਿੰਘ ਚੌਂਕੀ ਇੰਚਾਰਜ ਹੰਡਿਆਇਆ, ਕਰਮਜੀਤ ਸਿੰਘ ਚੌਕੀ ਇੰਚਾਰਜ ਪੱਖੋ ਕੈਂਚੀਆਂ ਤੋਂ ਇਲਾਵਾ ਹੋਰ ਵੀ ਕਈ ਪੁਲਿਸ ਮੁਲਾਜ਼ਮ ਇਸ ਅਪਰੇਸ਼ਨ ਦੌਰਾਨ ਹਾਜ਼ਰ ਸਨ। ਭਰੋਸੇਯੋਗ ਸੂਤਰਾਂ ਅਨੁਸਾਰ ਪਿੰਡ ਵਿਚੋਂ ਕੁੱਝ ਸ਼ੱਕੀ ਵਿਅਕਤੀ ਨੂੰ ਪੁਲਿਸ ਵਲੋਂ ਆਪਣੇ ਨਾਲ ਵੀ ਲਿਜਾਇਆ ਗਿਆ ਹੈ।