10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੁਖਦੇਵ ਰਿਆਤ ਦੀ ਹਿੰਦੀ ਕਾਵਿ ਪੁਸਤਕ ‘ਤੇਰੀ ਨਜ਼ਰ’ ਦਾ ਲੋਕ ਅਰਪਣ

ਅਜੀਤ ਡੈਸਕ 29-07-2026
ਬਰਨਾਲਾ, 28 ਜੁਲਾਈ (ਅਸ਼ੋਕ ਭਾਰਤੀ)-ਗ਼ਜ਼ਲ ਮੰਚ ਬਰਨਾਲਾ ਵਲੋਂ ਗ਼ਜ਼ਲਗੋ ਸੁਖਦੇਵ ਰਿਆਤ (ਲੁਧਿਆਣਾ) ਦੀ ਹਿੰਦੀ ਕਾਵਿ ਪੁਸਤਕ ‘ਤੇਰੀ ਨਜ਼ਰ’ ਨਜ਼ਮਾਂ ਤੇ ਗ਼ਜ਼ਲਾਂ ਦਾ ਲੋਕ ਅਰਪਣ ਬਾਬਾ ਆਲਾ ਸਿੰਘ ਪਾਰਕ ਵਿਚ ਕੀਤਾ ਗਿਆ। ਲੋਕ ਅਰਪਣ ਦੀ ਰਸਮ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਅਤੇ ਸ਼ਾਇਰ ਤਰਸੇਮ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਦੇ ਵਾਂਗ ਹਿੰਦੀ ਗ਼ਜ਼ਲ ਵੀ ਬਹੁਤ ਵਧੀਆ ਲਿਖੀ ਜਾ ਰਹੀ ਹੈ। ਪੰਜਾਬ ਵਿਚ ਹਿੰਦੀ ਗ਼ਜ਼ਲ ਲਿਖਣ ਵਾਲੇ ਬਹੁਤ ਥੋੜੇ ਲੇਖਕ ਹਨ। ਸੁਖਦੇਵ ਰਿਆਤ ਵਧਾਈ ਦੇ ਪਾਤਰ ਹਨ ਜਿੰਨਾ ਨੇ ਹਿੰਦੀ ਭਾਸ਼ਾ ਵਿਚ ਇਸ ਕਿਤਾਬ ਦੀ ਸਿਰਜਣਾ ਕੀਤੀ ਹੈ। ਸ਼ਾਇਰ ਤਰਸੇਮ ਨੇ ਕਿਹਾ ਕਿ ਸੁਖਦੇਵ ਰਿਆਤ ਦੀ ਕਵਿਤਾ ਰੋਮਾਂਸ ਦੇ ਨਾਲ ਸਮਾਜਵਾਦੀ ਵੀ ਹੈ। ਮੁਹੱਬਤ ਦੇ ਵਿਸ਼ੇ ਨੂੰ ਰਿਆਤ ਵਾਂਗ ਹਰ ਸ਼ਾਇਰ ਹੀ ਤਰਜੀਹ ਦਿੰਦਾ ਹੈ। ਡਾ: ਭੁਪਿੰਦਰ ਸਿੰਘ ਬੇਦੀ ਨੇ ਇਸ ਪੁਸਤਕ ਬਾਰੇ ਸੰਖੇਪ ਪੇਪਰ ਪੜ੍ਹਦਿਆਂ ਕਿਹਾ ਕਿ ਸ਼ਾਇਰ ਕੋਲ ਜੀਵਨ ਦਾ ਅਨੁਭਵ ਹੈ, ਅਹਿਸਾਸ ਹੈ, ਸ਼ਬਦਾਂ ਦੀ ਭਰਮਾਰ ਹੈ। ਉਸ ਦੀ ਕਵਿਤਾ ਮੀਂਹ ਵਾਂਗ ਵਰ੍ਹਦੀ, ਝਰਨੇ ਵਾਂਗ ਝਰਦੀ, ਫੁੱਲਾਂ ਵਾਂਗ ਸੁਗੰਧ ਵੰਡਦੀ ਹੈ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਹਿੰਦੀ ਕਾਵਿ ਦੀ ਮਿਠਾਸ ਦੀ ਗੱਲ ਕੀਤੀ, ਉਸ ਨੇ ਲੇਖਕ ਨੂੰ ਪੰਜਾਬੀ ਵਿਚ ਕਵਿਤਾ ਲਿਖਣ ਦੀ ਪ੍ਰੇਰਨਾ ਵੀ ਦਿੱਤੀ। ਡਾ: ਸੰਪੂਰਨ ਸਿੰਘੋ ਟੱਲਵਾਲੀਆ ਨੇ ਕਿਹਾ ਕਿ ਇਸ ਪੁਸਤਕ ’ਤੇ ਗੋਸ਼ਟੀ ਵੀ ਕਰਵਾਈ ਜਾਵੇਗੀ। ਉਸ ਨੇ ਲੇਖਕ ਅਤੇ ਬੇਦੀ ਨੂੰ ਵਧਾਈ ਦਿੱਤੀ ਕਿ ਜੀਵਨ ਭਰ ਦੀਆਂ ਕਵਿਤਾਵਾਂ ਨੂੰ ਇਕ ਪੁਸਤਕ ਵਿਚ ਸਾਂਭਿਆਂ ਗਿਆ ਹੈ। ਸ਼ਾਇਰ ਸੁਖਦੇਵ ਰਿਆਤ ਨੇ ਗ਼ਜ਼ਲ ਮੰਚ ਦੇ ਅਹੁਦੇਦਾਰਾਂ ਅਤੇ ਸਾਰੇ ਹੀ ਲੇਖਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾ: ਭੁਪਿੰਦਰ ਸਿੰਘ ਬੇਦੀ ਨੇ ਵਾਰ-ਵਾਰ ਲਿਖਣ ਅਤੇ ਇਸ ਪੁਸਤਕ ਨੂੰ ਤਿਆਰ ਕਰਵਾਉਣ ਤੇ ਲੋਕ ਅਰਪਣ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਹੈ। ਇਸ ਪੁਸਤਕ ਵਿਚੋਂ ਜੇਕਰ ਕਿਸੇ ਵੀ ਪਾਠਕ ਨੂੰ ਇਕ ਸਤਰ ਵੀ ਛੋਹ ਜਾਂਦੀ ਹੈ ਤਾਂ ਮੇਰੇ ਲਿਖਣ ਦਾ ਮਕਸਦ ਪੂਰਾ ਹੋ ਜਾਵੇਗਾ। ਸਮਾਗਮ ਦੌਰਾਨ ਲੇਖਕ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਡਾ: ਰਾਮ ਪਾਲ ਸ਼ਾਹਪੁਰੀ, ਲੇਖਕ ਪਾਠਕ ਸਾਹਿਤ ਸਭਾ ਰਜਿ: ਬਰਨਾਲਾ ਦੇ ਪ੍ਰਧਾਨ ਅਤੇ ਆਲੋਚਕ ਤੇਜਿੰਦਰ ਚੰਡਿਹੋਕ, ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਪਵਨ ਪਰਿੰਦਾ, ਮੇਜਰ ਸਿੰਘ ਸਹੌਰ, ਰਾਮ ਸਰੂਪ ਸ਼ਰਮਾ, ਰਘਬੀਰ ਸਿੰਘ ਗਿੱਲ ਕੱਟੂ, ਲਛਮਣ ਦਾਸ ਮੁਸਾਫਿਰ, ਹਾਕਮ ਰੂੜੇਕੇ, ਸਵਰਨਜੀਤ ਕੌਰ, ਪਾਲ ਸਿੰਘ ਲਹਿਰੀ, ਲਖਵਿੰਦਰ ਸਿੰਘ ਠੀਕਰੀਵਾਲ, ਮੋਹਿਤ ਸ਼ਰਮਾ, ਮੰਚ ਦੇ ਪ੍ਰਧਾਨ ਜਗਜੀਤ ਸਿੰਘ ਗੁਰਮ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ ’ਚ ਅਹਿਮ ਮਸਲੇ ਵਿਚਾਰੇ ਅਗਲੀ ਖ਼ਬਰ ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਾਗਰੂਕਤਾ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।