ਮਹਿਲ ਕਲਾਂ, 27 ਜੁਲਾਈ (ਅਵਤਾਰ ਸਿੰਘ ਅਣਖੀ)-ਥਾਣਾ ਠੁੱਲੀਵਾਲ ਪੁਲਿਸ ਨੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਦੇ ਇੱਕ ਮਾਮਲੇ ’ਚ ਫ਼ਰਾਰ ਚੱਲ ਰਹੇ ਇੱਕ ਮੁਲਜ਼ਮ ਨੂੰ 3 ਕਿੱਲੋ ਤਾਂਬੇ ਸਮੇਤ ਕਾਬੂ ਕਰਨ ਦਾ ਪਤਾ ਲੱਗਿਆ ਹੈ। ਥਾਣਾ ਠੁੱਲੀਵਾਲ ਦੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ 15 ਮਾਰਚ ਨੂੰ ਥਾਣਾ ਠੁੱਲੀਵਾਲ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਖ਼ਿਲਾਫ਼ ਮਾਮਲਾ ਦਰਜ ਕਰ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਇੱਕ ਮੁਲਜ਼ਮ ਲਗਾਤਾਰ ਫ਼ਰਾਰ ਚੱਲ ਰਿਹਾ ਸੀ, ਜਿਸ ਦੀ ਭਾਲ ਲਈ ਪੁਲਿਸ ਵਲੋਂ ਨਿਰੰਤਰ ਤਫ਼ਤੀਸ਼ ਕੀਤੀ ਜਾ ਰਹੀ ਸੀ। ਇਸ ਮੌਕੇ ਏ.ਐਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਚੋਰੀ ਕੀਤੀਆਂ ਕੇਬਲਾਂ ਵਿਚੋਂ ਕੱਢਿਆ ਗਿਆ ਤਾਂਬਾ ਉਨ੍ਹਾਂ ਦੇ ਫ਼ਰਾਰ ਸਾਥੀ ਕੋਲ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਵਜੀਦਕੇ ਖ਼ੁਰਦ ਨੇੜੇ ਰਜਵਾਹੇ ਦੀ ਪਟੜੀ ਤੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਉਸ ਦੀ ਪਛਾਣ ਹੈਪੀ ਸਿੰਘ ਵਾਸੀ ਵਜੀਦਕੇ ਕਲਾਂ ਵਜੋਂ ਹੋਈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ 3 ਕਿੱਲੋ ਤਾਂਬਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਇਸ ਗਰੋਹ ਨਾਲ ਸਬੰਧਿਤ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।