08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਸਰਕਾਰ ਵਲੋਂ ਪਿੰਡ ਹਮੀਦੀ ਦੇ 3300 ਏਕੜ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਪ੍ਰੋਜੈਕਟ ਸ਼ੁਰੂ

ਅਜੀਤ ਡੈਸਕ 20-07-2026

ਮਹਿਲ ਕਲਾਂ, 19 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ ਦੇ ਕਿਸਾਨਾਂ ਲਈ ਕਰੀਬ 3300 ਏਕੜ ਖੇਤੀਬਾੜੀ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਯੋਜਨਾ ਤਹਿਤ ਕੁਰੜ ਮਾਈਨਰ ਦੇ ਮੋਘਾ ਨੰਬਰ 30316 ਐਲ ਲਈ ਪਹਿਲੇ ਪੜਾਅ ਵਿਚ ਨਵੀਆਂ ਪਾਈਪਾਂ ਪਿੰਡ ਹਮੀਦੀ ਪਹੁੰਚ ਗਈਆਂ ਹਨ। ਜਿਸ ਨਾਲ ਪਿੰਡ ਦੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਪਿੱਛੇ ਪਿੰਡ ਦੇ ਸਰਪੰਚ ਓਮਨਦੀਪ ਸਿੰਘ ਸੋਹੀ ਅਤੇ ਸਮੂਹ ਗ੍ਰਾਮ ਪੰਚਾਇਤ ਦੀ ਅਹਿਮ ਭੂਮਿਕਾ ਹੈ। ਸਰਪੰਚ ਸੋਹੀ ਨੇ 8 ਜੁਲਾਈ ਨੂੰ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਿੰਡ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੰਗ ਰੱਖੀ ਸੀ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਨੇ ਪਿੰਡ ਦੇ ਵਿਕਾਸ ਨੂੰ ਪਹਿਲ ਦਿੰਦਿਆਂ ਆਪਣੇ 10 ਹਜ਼ਾਰ ਰੁਪਏ ਮਾਣ-ਭੱਤੇ ਦਾ ਤਿਆਗ ਕਰਨ ਦਾ ਐਲਾਨ ਵੀ ਕੀਤਾ ਸੀ, ਜਿਸ ਦੀ ਭਾਰੀ ਚਰਚਾ ਹੋਈ। ਸਰਪੰਚ ਸੋਹੀ ਨੇ ਦੱਸਿਆ ਕਿ 11 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਖ਼ੁਦ ਉਨ੍ਹਾਂ ਨੂੰ ਟੈਲੀਫ਼ੋਨ ਕਰ ਕੇ ਜਾਣਕਾਰੀ ਦਿੱਤੀ ਕਿ ਮਾਨ ਸਰਕਾਰ ਨੇ ਪਿੰਡ ਹਮੀਦੀ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਮਨਜ਼ੂਰ ਕਰ ਲਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਪਰੰਤ ਸਿੰਚਾਈ ਵਿਭਾਗ ਸਮੇਤ ਵੱਖ-ਵੱਖ ਮਹਿਕਮਿਆਂ ਦੀਆਂ ਟੀਮਾਂ ਨੇ ਪਿੰਡ ਵਿਚ ਪਹੁੰਚ ਕੇ ਮੌਕੇ ਦਾ ਵਿਸਥਾਰ ਪੂਰਵਕ ਸਰਵੇ ਕੀਤਾ। ਸਰਵੇ ਦੌਰਾਨ ਖੇਤੀਬਾੜੀ ਰਕਬੇ, ਪਾਣੀ ਦੀ ਲੋੜ ਅਤੇ ਪਾਈਪ ਲਾਈਨ ਦੇ ਰੂਟ ਦਾ ਮੁਲਾਂਕਣ ਕੀਤਾ ਗਿਆ। ਸਰਵੇ ਮੁਕੰਮਲ ਹੋਣ ਉਪਰੰਤ ਅੱਜ ਪ੍ਰੋਜੈਕਟ ਦੇ ਪਹਿਲੇ ਪੜਾਅ ਵਜੋਂ ਕੁਰੜ ਮਾਈਨਰ ਦੇ ਮੋਘਾ ਨੰਬਰ 30316 ਲਈ ਨਵੀਆਂ ਪਾਈਪਾਂ ਪਿੰਡ ਹਮੀਦੀ ਪਹੁੰਚਾ ਦਿੱਤੀਆਂ ਗਈਆਂ ਹਨ। ਸਰਪੰਚ ਓਮਨਦੀਪ ਸਿੰਘ ਸੋਹੀ, ਹਰਪ੍ਰੀਤ ਸਿੰਘ ਦਿਉਲ, ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ’ਤੇ ਲਗਭਗ 3 ਕਰੋੜ ਰੁਪਏ ਖ਼ਰਚ ਆਉਣਗੇ। ਪਾਈਪ ਲਾਈਨ ਵਿਛਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਕਰੀਬ 150 ਕਿਸਾਨਾਂ ਦੀ ਖੇਤੀਬਾੜੀ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਿੱਧੀ ਸਹੂਲਤ ਮਿਲੇਗੀ। ਇਸ ਨਾਲ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ, ਭੂ-ਗਰਭ ਜਲ ਦੀ ਬੱਚਤ ਹੋਵੇਗੀ, ਬਿਜਲੀ ਦੀ ਖਪਤ ਘਟੇਗੀ ਅਤੇ ਕਿਸਾਨਾਂ ਦੀ ਸਿੰਚਾਈ ਲਾਗਤ ਵਿਚ ਵੀ ਵੱਡੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਦਾ ਇੱਕੋ-ਇੱਕ ਟੀਚਾ ਪਿੰਡ ਹਮੀਦੀ ਨੂੰ ਵਿਕਾਸ ਪੱਖੋਂ ਇੱਕ ਮਾਡਲ ਪਿੰਡ ਵਜੋਂ ਸਥਾਪਿਤ ਕਰਨਾ ਹੈ, ਜਿੱਥੇ ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਸਮੇਂ ਸਿਰ ਮਿਲ ਸਕੇ। ਕਿਸਾਨਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਪੰਚ ਓਮਨਦੀਪ ਸਿੰਘ ਸੋਹੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੀ ਇਹ ਮੰਗ ਪੂਰੀ ਹੋਣ ਨਾਲ ਖੇਤੀਬਾੜੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਮਿਲਣ ਨਾਲ ਫ਼ਸਲਾਂ ਦੀ ਪੈਦਾਵਾਰ ’ਚ ਵਾਧਾ ਹੋਵੇਗਾ ਅਤੇ ਭੂ-ਗਰਭ ਪਾਣੀ ਦੀ ਸੰਭਾਲ ਵਿਚ ਵੀ ਮਹੱਤਵਪੂਰਨ ਯੋਗਦਾਨ ਪਵੇਗਾ।

ਪਿਛਲੀ ਖ਼ਬਰ ਖੇਤ ’ਚ ਕੰਮ ਕਰਦਿਆਂ ਸੱਪ ਦੇ ਡੰਗਣ ਨਾਲ ਮਜ਼ਦੂਰ ਔਰਤ ਦੀ ਮੌਤ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਡਾਕਟਰ ਅਹਿਮ ਭੂਮਿਕਾ ਨਿਭਾਉਣ-ਵਿਧਾਇਕ ਲਾਭ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।