11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਕੂੜੇ ਦੇ ਢੇਰਾਂ ਵਿਚ ਤਬਦੀਲ

ਅਜੀਤ ਡੈਸਕ 17-07-2026

ਬਰਨਾਲਾ, 16 ਜੁਲਾਈ (ਨਰਿੰਦਰ ਅਰੋੜਾ)-ਬਰਨਾਲਾ ਵਿਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ, ਗਲੀਆਂ-ਮੁਹੱਲਿਆਂ ਅਤੇ ਜਨਤਕ ਥਾਵਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਕਈ ਦਿਨਾਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਇਲਾਕਿਆਂ ਵਿਚ ਬਦਬੂ ਫੈਲ ਰਹੀ ਹੈ, ਜਿਸ ਨਾਲ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਨਾਗਰਿਕਾਂ ਨੂੰ ਡਰ ਹੈ ਕਿ ਜੇਕਰ ਜਲਦ ਹੱਲ ਨਾ ਨਿਕਲਿਆ ਤਾਂ ਗੰਦਗੀ ਕਾਰਨ ਡੇਂਗੂ, ਮਲੇਰੀਆ, ਦਸਤ ਅਤੇ ਹੋਰ ਸੰਕਰਾਮਕ ਬਿਮਾਰੀਆਂ ਫੈਲ ਸਕਦੀਆਂ ਹਨ। ਸਫ਼ਾਈ ਸੇਵਕ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿਚ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਈ ਵਾਰ ਭਰੋਸੇ ਦਿੱਤੇ ਗਏ, ਪਰ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ। ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਨਿੱਜੀ ਲਾਭ ਲਈ ਨਹੀਂ, ਸਗੋਂ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਭਰ ਵਿਚ ਹੜਤਾਲ ਜਾਰੀ ਰਹੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਮਸਲਾ ਕਾਫ਼ੀ ਸਮੇਂ ਤੋਂ ਲਟਕਿਆ ਹੋਇਆ ਹੈ, ਪਰ ਇਸ ਦਾ ਹੱਲ ਕਰਨ ਲਈ ਕੋਈ ਢੁਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਪਾਸੇ ਸਫ਼ਾਈ ਸੇਵਕ ਨਗਰ ਨਿਗਮ ਦਫ਼ਤਰ ਅੱਗੇ ਆਪਣੀਆਂ ਮੰਗਾਂ ਲਈ ਧਰਨੇ ’ਤੇ ਬੈਠੇ ਹਨ, ਜਦਕਿ ਦੂਜੇ ਪਾਸੇ ਮੈਂਬਰ ਪਾਰਲੀਮੈਂਟ ਅਤੇ ਨਗਰ ਨਿਗਮ ਦੇ ਮੇਅਰ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਅੱਖੋਂ ਪਰੋਖੀਆਂ ਕਰ ਕੇ ਨਗਰ ਨਿਗਮ ਦੇ ਬਿਲਕੁਲ ਸਾਹਮਣੇ ਬਰਨਾਲਾ ਕਲੱਬ ਵਿਚ ਰੋਜ਼ ਬੈਡਮਿੰਟਨ ਖੇਲ੍ਹਣ ਆਉਂਦੇ ਹਨ ਉਹ ਇਨ੍ਹਾਂ ਦੀ ਸਾਰ ਵੀ ਨਹੀਂ ਲੈ ਰਹੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮਸਲੇ ਦਾ ਜਲਦ ਅਤੇ ਗੰਭੀਰਤਾ ਨਾਲ ਹੱਲ ਕੀਤਾ ਜਾਵੇ। ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਕਿਹਾ ਕਿ ਸਫ਼ਾਈ ਸੇਵਕ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਢੁਕਵਾਂ ਨਿਆਂ ਨਹੀਂ ਮਿਲਿਆ। ਉਨ੍ਹਾਂ ਬਰਨਾਲੇ ਵਿਚ ਲੱਗੇ ਕੂੜੇ ਦੇ ਢੇਰਾਂ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਜੇ ਕੋਈ ਵੱਡੀ ਬਿਮਾਰੀ ਫੈਲਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕੱਢਣਾ ਚਾਹੀਦਾ ਹੈ ਅਤੇ ਇਨ੍ਹਾਂ ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਹਨ। ਦੂਜੇ ਪਾਸੇ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਫ਼ਾਈ ਸੇਵਕਾਂ ਦੇ ਆਗੂਆਂ ਵਿਚਾਲੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਮੀਦ ਹੈ ਕਿ ਹੜਤਾਲ ਦਾ ਜਲਦ ਹੀ ਹੱਲ ਨਿਕਲ ਆਵੇਗਾ।
ਕੂੜੇ ਦੇ ਢੇਰਾਂ ਤੋਂ ਦੁਖੀ ਸ਼ਹਿਰ ਵਾਸੀਆਂ ਨੇ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਗਟ
ਕੂੜੇ ਦੇ ਢੇਰਾਂ ਕਾਰਨ ਪ੍ਰੇਸ਼ਾਨ ਸ਼ਹਿਰ ਵਾਸੀਆਂ ਬਿੰਦੂ, ਸੰਤੋਸ਼ ਕੁਮਾਰੀ, ਜੈਸਮੀਨ, ਜਸਵਿੰਦਰ ਕੌਰ, ਸਰੋਜ, ਰਾਕੇਸ਼ ਕੁਮਾਰ, ਸੂਜਲ ਅਰੋੜਾ, ਆਤੁਲ, ਜਾਫ਼ਰ, ਬੱਬੂ, ਸੁਖਰਾਜ ਅਤੇ ਫਰਮਾਨ ਨੇ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਫ਼ਾਈ ਸੇਵਕਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਦੇ ਹਨ, ਪਰ ਸ਼ਹਿਰ ਵਾਸੀਆਂ ਨੂੰ ਇਸ ਦਾ ਖ਼ਮਿਆਜ਼ਾ ਨਹੀਂ ਭੁਗਤਣਾ ਚਾਹੀਦਾ। ਉਨ੍ਹਾਂ ਕਿਹਾ, ਸਾਡਾ ਕੀ ਕਸੂਰ ਹੈ? ਜਿਨ੍ਹਾਂ ਨਾਲ ਤੁਹਾਡੀ ਲੜਾਈ ਹੈ, ਉਨ੍ਹਾਂ ਕੋਲ ਆਪਣਾ ਰੋਸ ਪ੍ਰਗਟ ਕਰੋ। ਆਮ ਲੋਕਾਂ ਨੂੰ ਗੰਦਗੀ ਅਤੇ ਬਦਬੂ ਵਿਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਸਵੇਰੇ ਪਾਰਕ ਵਿਚ ਸੈਰ ਕਰਨ ਆਉਂਦੇ ਹਨ ਤਾਂ ਜੋ ਤੰਦਰੁਸਤ ਰਹਿ ਸਕਣ ਪਰ ਉਹ ਪਾਰਕ ਦੇ ਬਾਹਰ ਪਏ ਕੂੜੇ ਕਰਕਟਾਂ ਦੇ ਢੇਰਾਂ ਤੋਂ ਤੰਦਰੁਸਤ ਹੋਣ ਦੀ ਜਗ੍ਹਾ ਬਿਮਾਰ ਹੋ ਕੇ ਹੀ ਜਾਂਦੇ ਹਨ ਅਤੇ ਦੂਜੇ ਪਾਸੇ ਸਿਵਲ ਹਸਪਤਾਲ ਜੱਚਾ-ਬੱਚਾ ਹਸਪਤਾਲ ਦੇ ਬਾਹਰ ਲੱਗੇ ਕੂੜੇ ਕਰਕਟਾਂ ਦੇ ਢੇਰਾਂ ਸਬੰਧੀ ਉਨ੍ਹਾਂ ਕਿਹਾ ਕਿ ਉੱਥੇ ਲੋਕ ਇਲਾਜ ਕਰਵਾਉਣ ਆਉਂਦੇ ਹਨ ਪਰ ਬਾਹਰ ਪਏ ਕੂੜੇ ਕਰਕਟਾਂ ਦੇ ਢੇਰਾਂ ਕਾਰਨ ਹੋਰ ਬਿਮਾਰ ਹੋ ਕੇ ਜਾਂਦੇ ਹਨ। ਸ਼ਹਿਰ ਵਾਸੀਆਂ ਨੇ ਸਰਕਾਰ ਅਤੇ ਨਗਰ ਨਿਗਮ ਬਰਨਾਲਾ ਤੋਂ ਮੰਗ ਕੀਤੀ ਕਿ ਜਦੋਂ ਤੱਕ ਹੜਤਾਲ ਜਾਰੀ ਹੈ, ਉਦੋਂ ਤੱਕ ਸਫ਼ਾਈ ਲਈ ਕੋਈ ਵਿਕਲਪਕ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਸੰਭਾਵਿਤ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਫ਼ਿਲਹਾਲ ਹੜਤਾਲ ਜਾਰੀ ਰਹਿਣ ਕਾਰਨ ਬਰਨਾਲਾ ਵਿਚ ਹਰ ਦਿਨ ਕੂੜੇ ਦੇ ਢੇਰ ਵੱਧਦੇ ਜਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ। ਹੁਣ ਸਭ ਦੀਆਂ ਨਜ਼ਰਾਂ ਸਰਕਾਰ ਅਤੇ ਸਫ਼ਾਈ ਸੇਵਕਾਂ ਵਿਚਾਲੇ ਹੋ ਰਹੀਆਂ ਗੱਲਬਾਤਾਂ ’ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਇਹ ਮਸਲਾ ਕਦੋਂ ਸੁਲਝੇਗਾ ਅਤੇ ਸ਼ਹਿਰ ਨੂੰ ਗੰਦਗੀ ਤੋਂ ਕਦੋਂ ਰਾਹਤ ਮਿਲੇਗੀ।

ਪਿਛਲੀ ਖ਼ਬਰ ਪੰਜਾਬ ਦੇ ਕਾਲੇ ਦੌਰ ਦੇ ਸੱਚ ਨੂੰ ਉਜਾਗਰ ਕਰਨ ਵਾਲੀ ‘ਸਤਲੁਜ’ ਫ਼ਿਲਮ ਬਿਨਾਂ ਰੋਕ ਲਗਾਤਾਰ ਦਿਖਾਈ ਜਾਵੇ-ਬਾਪੂ ਤਰਸੇਮ ਸਿੰ... ਅਗਲੀ ਖ਼ਬਰ ਪਿੰਡ ਰਾਏਸਰ ਪੰਜਾਬ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਔਰਤਾਂ ਨੇ ਦੂਸਰੇ ਦਿਨ ਰੋਸ ਪ੍ਰਦਰਸ਼ਨ ਰੱਖਿਆ ਬਰਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।