ਬਰਨਾਲਾ, 26 ਮਾਰਚ (ਰਾਜ ਪਨੇਸਰ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਰਨਾਲਾ ਦੇ ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਦਰਾਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਿਛਲੇ 4 ਸਾਲਾਂ ਤੋਂ ਚੁਟਕਲੇ, ਝੂਠ ਬੋਲ ਕੇ ਸੱਤਾ ਵਿਚ ਆਈ 'ਆਪ' ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕਈ ਖੋਖਲੇ ਵਾਅਦੇ ਕੀਤੇ ਸਨ | ਜਿਨ੍ਹਾਂ ਵਿਚ ਇਕ ਅਹਿਮ ਮੁੱਦਾ ਪੰਜਾਬ ਵਿਚ ਵਗਦੇ ਛੇਵੇਂ ਦਰਿਆ ਨੱਸਿਆ ਨੂੰ ਠੱਲ੍ਹ ਪਾਉਣ ਦੀ ਗੱਲ ਦਾ ਗਲੀ ਗਲੀ ਪ੍ਰਚਾਰ ਕੀਤਾ ਗਿਆ ਸੀ | ਸੱਤਾ ਦਾ ਆਨੰਦ ਮਾਣਦਿਆਂ 'ਆਪ' ਸਰਕਾਰ ਕੀਤੇ ਵੱਧ ਭੁੱਲ ਗਈ ਅਤੇ ਨਤੀਜਾ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਨਸ਼ਾ ਬੰਦ ਤਾਂ ਕੀ ਹੋਣਾ ਸੀ ਉਲਟਾ ਘਰ-ਘਰ ਪਹੁੰਚ ਗਿਆ ਹੈ, ਜੋ ਇਕ ਗੰਭੀਰ ਮੁੱਦਾ ਹੈ | ਪੰਜਾਬ ਦੀ ਅੱਧੀ ਜਵਾਨੀ ਵਿਦੇਸ਼ਾਂ 'ਚ ਜਾ ਕੇ ਵੱਸ ਗਈ, ਬਾਕੀ ਰਹਿੰਦੀ ਨਸ਼ਿਆਂ ਦੇ ਦਰਿਆ 'ਚ ਡੁੱਬ ਚੁੱਕੀ ਹੈ | ਸ: ਦਰਾਕਾ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੁੱਝ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਅੰਦਰ ਅਫ਼ੀਮ ਤੇ ਭੁੱਕੀ ਦੇ ਠੇਕੇ ਖੋਲ੍ਹਣ 'ਤੇ ਵਿਚਾਰ ਕੀਤੀ ਜਾਵੇ ਤਾਂ ਜੋ ਰਹਿੰਦੀ ਖੰੂਹਦੀ ਜਵਾਨੀ ਨੂੰ ਬਚਾਇਆ ਜਾ ਸਕੇ |