ਧਨੌਲਾ, 20 ਜਨਵਰੀ (ਜਤਿੰਦਰ ਸਿੰਘ ਧਨੌਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਖੂਨ ਦੀ ਕਮੀ ਦੀ ਜਾਂਚ ਅਤੇ ਢੁਕਵੇਂ ਆਹਾਰ ਸਬੰਧੀ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉੱਜਵਲ ਭਵਿੱਖ ਦੀਆਂ ਸਿਰਜਕ ਸਾਡੀਆਂ ਵਿਦਿਆਰਥਣਾਂ ਹਨ ਪ੍ਰੰਤੂ ਖ਼ੂਨ ਦੀ ਕਮੀ ਬਾਰੇ ਗੰਭੀਰ ਨਾ ਹੋਣਾ ਵੱਡੀ ਤ੍ਰਾਸਦੀ ਹੈ | ਉਨ੍ਹਾਂ ਆਖਿਆ ਕਿ ਅਸੀਂ ਜ਼ਿਲ੍ਹਾ ਪੱਧਰ 'ਤੇ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਵਿਦਿਆਰਥਣਾਂ ਦੀ ਖ਼ੁਰਾਕ ਬਾਰੇ ਗੰਭੀਰ ਹੋਣ ਸਬੰਧੀ 'ਕੁੜੀ ਦੀ ਸਿਹਤ ਪਰਿਵਾਰ ਦੀ ਬਰਕਤ' ਇਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਾਹਿਰਾਂ ਦੁਆਰਾ ਵਿਦਿਆਰਥਣਾਂ ਨੂੰ ਸੰਤੁਲਿਤ ਆਹਾਰ ਦੇਣ ਸਬੰਧੀ ਵਿਸ਼ੇਸ਼ ਸਿਫ਼ਾਰਿਸ਼ਾਂ ਇਸ ਕਿਤਾਬ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਸੇ ਕਿਤਾਬ ਵਿਚ ਪੰਜਾਬ ਦਿਨ ਦੀ ਸਿਹਤ ਦਾ ਲੇਖਾ ਜੋਖਾ ਰੱਖਣ ਲਈ ਵੀ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ | ਇਸ ਦੀ ਸਮੇਂ-ਸਮੇਂ ਸਿਰ ਰਿਪੋਰਟ ਕਰਨ ਸਬੰਧੀ ਅਧਿਆਪਕਾਂ ਦੀ ਵੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਗਈ ਹੈ | ਉਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਯੋਗ ਰਹਿਨੁਮਾਈ ਹੇਠ ਨੌਜਵਾਨ ਅਵਸਥਾ ਵਿਚ ਪ੍ਰਵੇਸ਼ ਕਰਨ ਸਮੇਂ ਸਿਹਤ ਪ੍ਰਤੀ ਗੰਭੀਰਤਾ ਅਤੇ ਉੱਜਵਲ ਭਵਿੱਖ ਲਈ ਢੁੱਕਵੀਂ ਉੱਚ ਵਿੱਦਿਆ ਵਿਚ ਦਾਖਲਾ ਲੈਣ ਬਾਰੇ ਗਾਈਡੈਂਸ ਕੌਂਸਲਿੰਗ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ | ਟੀ ਬੈਨਥ ਨੇ ਦੱਸਿਆ ਕਿ ਉਨ੍ਹਾਂ ਨਾਲ ਸਿੱਖਿਆ ਮਾਹਿਰ ਵੀ ਆਏ ਹਨ ਤਾਂ ਜੋ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਮਾਨਸਿਕਤਾ ਦੇ ਝੁਕਾਅ ਅਨੁਸਾਰ ਵੱਡੀਆਂ ਸ਼੍ਰੇਣੀਆਂ 'ਚ ਦਾਖਲਾ ਲੈਣ ਲਈ ਮਾਰਗ ਦਰਸ਼ਨ ਕੀਤਾ ਜਾ ਸਕੇ | ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਬਿਨਾਂ ਝਿਜਕ ਡਿਪਟੀ ਕਮਿਸ਼ਨਰ ਦਫ਼ਤਰ ਪੁੱਜ ਕੇ ਵੀ ਹਰ ਪ੍ਰਕਾਰ ਦੀ ਗਾਈਡੈਂਸ ਹਾਸਲ ਕਰ ਸਕਦੀਆਂ ਹਨ | ਉਨ੍ਹਾਂ ਆਖਿਆ ਕਿ ਮੇਰਾ ਅਤੇ ਮੇਰੀ ਟੀਮ ਦਾ ਟੀਚਾ ਇਹ ਹੋਵੇਗਾ ਕਿ ਅਸੀਂ ਜ਼ਿੰਮੇਵਾਰੀ ਨਾਲ ਸਾਡੀ ਨੌਜਵਾਨੀ ਨੂੰ ਸਿਹਤਯਾਬ ਬਣਾ ਕੇ ਕੰਮ ਕਿੱਤਿਆਂ ਦੇ ਸਮਰੱਥ ਬਣਾ ਸਕੀਏ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੀ ਸਿਹਤ ਮਾਹਿਰਾਂ ਦੀ ਟੀਮ ਵਲੋਂ 500 ਦੇ ਕਰੀਬ ਖ਼ੂਨ ਸੈਂਪਲ ਲੈ ਕੇ ਜਾਂਚ ਕੀਤੀ ਗਈ ਤਾਂ ਜੋ ਖ਼ੂਨ ਦੀ ਕਮੀ ਵਾਲੀਆਂ ਵਿਦਿਆਰਥਣਾਂ ਨੂੰ ਸਿਹਤਯਾਬ ਬਣਾਇਆ ਜਾ ਸਕੇ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਏ.ਡੀ.ਸੀ.(ਜ) ਸ਼ਿਵਾਂਸ਼ ਰਾਠੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ ਗਿੱਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ, ਸਕੂਲ ਇੰਚਾਰਜ ਸੁਖਵਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਸਤਵੰਤ ਸਿੰਘ ਅÏਜਲਾ ਨੇ ਵੀ ਵਿਚਾਰ ਪੇਸ਼ ਕੀਤੇ | ਇਸ ਮੌਕੇ ਪੁੱਜੇ ਪਤਵੰਤਿਆਂ ਵਲੋਂ 'ਕੁੜੀ ਦੀ ਸਿਹਤ ਪਰਿਵਾਰ ਦੀ ਬਰਕਤ' ਕਿਤਾਬ ਵੀ ਰਸਮੀ ਤੌਰ 'ਤੇ ਜਾਰੀ ਕੀਤੀ ਗਈ |