ਤਪਾ ਮੰਡੀ, 20 ਜਨਵਰੀ (ਪ੍ਰਵੀਨ ਗਰਗ)-ਇਕ ਵਾਰ ਫਿਰ ਇਲਾਕੇ ਅੰਦਰ ਲੁਟੇਰਿਆਂ ਦੀ ਦਹਿਸ਼ਤ ਵਧਣ ਲੱਗ ਪਈ ਹੈ ਜੋ ਬੇਖ਼ੌਫ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ | ਜਿਸ ਦੇ ਚੱਲਦਿਆਂ ਹੁਣ ਸਵੇਰ ਸਮੇਂ ਵੀ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਅਜਿਹੀ ਹੀ ਇਕ ਲੁੱਟ-ਖੋਹ ਦੀ ਘਟਨਾ ਬੀਤੇ ਦਿਨੀਂ ਤਪਾ ਘੁੰਨਸ ਲਿੰਕ ਰੋਡ 'ਤੇ ਵਾਪਰੀ ਜਦੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਕ ਸਕੂਟਰੀ ਸਵਾਰ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਧੱਕਾ ਦੇ ਕੇ ਉਸ ਦੇ ਗਿੱਝੇ ਵਿਚ ਪਿਆ ਬਟੂਆ ਝਪਟ ਕੇ ਫ਼ਰਾਰ ਹੋ ਗਏ | ਬਟੂਏ ਵਿਚ ਨਕਦੀ ਦੇ ਨਾਲ-ਨਾਲ ਵਪਾਰੀ ਦੇ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ | ਪੀੜਤ ਕੱਪੜਾ ਵਪਾਰੀ ਮਦਨ ਲਾਲ ਪੁੱਤਰ ਰਾਮਜੀ ਦਾਸ ਨੇ ਦੱਸਿਆ ਕਿ ਉਹ ਆਪਣੇ ਸਕੂਟਰੀ 'ਤੇ ਸਵਾਰ ਹੋ ਕੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਉਸ ਨੂੰ ਧੱਕਾ ਮਾਰਿਆ | ਸੰਤੁਲਨ ਵਿਗੜਨ ਕਾਰਨ ਉਹ ਘਬਰਾਹਟ 'ਚ ਆ ਗਿਆ ਅਤੇ ਇਸੀ ਦੌਰਾਨ ਲੁਟੇਰੇ ਉਸ ਦੇ ਗਿੱਝੇ 'ਚੋਂ ਬਟੂਆ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ | ਬਟੂਏ ਵਿਚ ਲਗਭਗ ਛੇ ਹਜ਼ਾਰ ਰੁਪਏ ਨਕਦ, ਆਧਾਰ ਕਾਰਡ, ਪਛਾਣ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ | ਘਟਨਾ ਤੋਂ ਬਾਅਦ ਉਸ ਨੇ ਇਲਾਕੇ 'ਚ ਕਾਫੀ ਭਾਲ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ | ਬਾਅਦ ਵਿਚ ਘਟਨਾ ਸਥਾਨ ਤੋਂ ਕਰੀਬ ਛੇ ਤੋਂ ਸੱਤ ਕਿੱਲੋਮੀਟਰ ਦੀ ਦੂਰੀ 'ਤੇ ਇਕ ਵਿਅਕਤੀ ਨੂੰ ਉਸ ਦਾ ਬਟੂਆ ਮਿਲਿਆ, ਜਿਸ ਵਿਚੋਂ ਨਕਦੀ ਗ਼ਾਇਬ ਸੀ ਪਰ ਸਾਰੇ ਦਸਤਾਵੇਜ਼ ਮੌਜੂਦ ਸਨ | ਇਸ ਸਬੰਧੀ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਇਲਾਕੇ ਅੰਦਰ ਵਾਪਰੀ ਇਸ ਘਟਨਾ ਤੋਂ ਬਾਅਦ ਵਪਾਰੀ ਸਹਿਮ ਦੇ ਮਾਹੌਲ 'ਚ ਹਨ |