31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬੱਚਿਆਂ ਨੂੰ ਦਿੱਤੀ ਤਕਨਾਲੋਜੀ ਦੇ ਨਾਲ-ਨਾਲ ਸੰਸਕਾਰਾਂ ਦੀ ਗੁੜ੍ਹਤੀ

ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਅਮਲੋਹ ਰੋਡ ਸਥਿਤ ਰਘਵੀਰ ਸਿੰਘ ਫਰੀਡਮ ਫਾਈਟਰ ਪੀ. ਐੱਮ.

ਸਰਕਾਰੀ ਹਾਈ ਸਕੂਲ ਵਿਚ ਏ. ਆਈ. ਲੈਬ ਦਾ ਉਦਘਾਟਨ ਕਰਨ ਉਪਰੰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਕੂਲ ਅਧਿਆਪਕਾਂ ਨਾਲ। ਤਸਵੀਰ : ਸੋਨੀ ਗਿੱਲ 31-10-2026
ਖੰਨਾ, 30 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਅਮਲੋਹ ਰੋਡ ਸਥਿਤ ਰਘਵੀਰ ਸਿੰਘ ਫਰੀਡਮ ਫਾਈਟਰ ਪੀ. ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਵਿਖੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਸਥਾਪਤ ਕੀਤੀ ਗਈ ਅਤਿ-ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਬ ਦਾ ਉਦਘਾਟਨ ਕੀਤਾ। ਹੁਣ ਸਰਕਾਰੀ ਸਕੂਲਾਂ ਤੇ ਆਮ ਪਰਿਵਾਰਾਂ ਦੇ ਬੱਚੇ ਵੀ ਵਿਸ਼ਵ ਪੱਧਰੀ ਡਿਜੀਟਲ ਤਕਨਾਲੋਜੀ ਦਾ ਲਾਹਾ ਲੈ ਸਕਣਗੇ। ਇਸ ਮੌਕੇ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ. ) ਵਿਗਿਆਨ ਦਾ ਇਕ ਅਜਿਹਾ ਚਮਤਕਾਰ ਹੈ ਜਿਸ ਦੇ ਜਿਥੇ ਅਣਗਿਣਤ ਫ਼ਾਇਦੇ ਹਨ, ਉੱਥੇ ਹੀ ਇਸ ਦੇ ਕੁਝ ਗੰਭੀਰ ਨਕਾਰਾਤਮਿਕ ਪਹਿਲੂ ਵੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਤਕਨਾਲੋਜੀ ਦੇ ਸਕਾਰਾਤਮਿਕ ਅਤੇ ਚੰਗੇ ਹਿੱਸੇ ਨੂੰ ਅਪਨਾਉਣਾ ਚਾਹੀਦਾ ਹੈ। ਮੰਤਰੀ ਸੌਂਦ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਵੀ ਇਨਸਾਨ ਚਾਹੇ ਕਿੰਨੀ ਵੀ ਉੱਚੀ ਪੜ੍ਹਾਈ ਕਰ ਲਵੇ ਜਾਂ ਦੁਨੀਆਂ ਦੀ ਸਭ ਤੋਂ ਵੱਡੀ ਤਕਨਾਲੋਜੀ ਸਿੱਖ ਲਵੇ ਪਰ ਜੇਕਰ ਉਸ ਦੇ ਜੀਵਨ ਵਿਚ ਉੱਚੇ ਸੰਸਕਾਰ ਨਹੀਂ ਹਨ ਅਤੇ ਉਹ ਆਪਣੇ ਮਾਤਾ-ਪਿਤਾ ਦਾ ਸਤਿਕਾਰ ਨਹੀਂ ਕਰਦਾ ਤਾਂ ਉਸ ਦੀ ਸਾਰੀ ਸਿੱਖਿਆ ਵਿਅਰਥ ਹੈ। ਉਨ੍ਹਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਮਾਪਿਆਂ ਦੇ ਚਰਨ ਸਪਰਸ਼ ਕਰਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਹਮੇਸ਼ਾ ਸਤਿਕਾਰ ਕਰਨ। ਮੰਤਰੀ ਸੌਂਦ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਤਾਬੀ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਜ਼ਰੂਰ ਪੜ੍ਹਾਉਣ। ਇਸ ਮੌਕੇ ਲੈਬ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਵਿਚ ਪ੍ਰਾਜੈਕਟਰ, ਸੀ. ਪੀ. ਯੂ. ਅਤੇ ਵਰਚੂਅਲ ਰਿਐਲਿਟੀ ਸੈੱਟ ਵਰਗੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਵਲੋਂ ਬੱਚਿਆਂ ਦੀ ਸਹੂਲਤ ਲਈ 8 ਹਾਈਟੈੱਕ ਟੈਬਲੇਟ ਅਤੇ ਹੈੱਡਫੋਨ ਵੀ ਲੈਬ ਵਿਚ ਸਥਾਪਤ ਕੀਤੇ ਗਏ ਹਨ। ਇਸ ਲੈਬ ਵਿਚ ‘ਸਵਿਫਟੀ ਏ.ਆਈ. ’ ਨਾਮਕ ਇੱਕ ਵਿਸ਼ੇਸ਼ ਸਾਫਟਵੇਅਰ ਸਥਾਪਤ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਦੇ ਸਾਰੇ ਵਿਸ਼ਿਆਂ ਨਾਲ ਸੰਬੰਧਿਤ ਔਖੇ ਤੋਂ ਔਖੇ ਸਵਾਲਾਂ ਦੇ ਤੁਰੰਤ ਜਵਾਬ ਦੇਵੇਗਾ। ਇਹ ਸੌਫਟਵੇਅਰ ਸਿਰਫ਼ ਸਵਾਲਾਂ ਦੇ ਜਵਾਬ ਹੀ ਨਹੀਂ ਦੇਵੇਗਾ, ਬਲਕਿ 34 ਪਿਕਚਰਾਈਜ਼ੇਸ਼ਨ (ਤਿੰਨ-ਪਸਾਰੀ ਜਿੱਥੇ ਚਿੱਤਰ ਜਿਉਂਦੇ ਜਾਗਦੇ ਪ੍ਰਤੀਤ ਹੁੰਦੇ ਹਨ) ਰਾਹੀਂ ਵਿਸ਼ਿਆਂ ਨੂੰ ਬਹੁਤ ਸਰਲ ਤਰੀਕੇ ਨਾਲ ਸਮਝਾਏਗਾ। ਲੈਬ ਵਿਚ ਮੌਜੂਦ ਵੀ. ਆਰ. ਤਕਨਾਲੋਜੀ ਰਾਹੀਂ ਵਿਦਿਆਰਥੀ ਵਿਗਿਆਨ ਅਤੇ ਗਣਿਤ ਦੇ ਗੁੰਝਲਦਾਰ ਸੰਕਲਪਾਂ ਨੂੰ ਬੜੀ ਆਸਾਨੀ ਨਾਲ ਅਤੇ ਅਮਲੀ ਰੂਪ ਵਿਚ ਦੇਖ ਅਤੇ ਸਮਝ ਸਕਣਗੇ। ਸਮਾਗਮ ਦੇ ਅਖੀਰ ਵਿਚ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਵੀਂ ਉਡਾਣ ਦੇਣ ਵਾਲੀ ਇਸ ਆਧੁਨਿਕ ਲੈਬ ਨੂੰ ਸਥਾਪਿਤ ਕਰਨ ਲਈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਦਾ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਓ. ਐੱਸ. ਡੀ. ਕਰੁਣ ਅਰੋੜਾ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਉਪ ਪ੍ਰਧਾਨ ਕਰਮਜੀਤ ਸਿਫਤੀ, ਐੱਮ. ਸੀ. ਰਾਜ ਲਖੀਆ, ਮਨਰੀਤ ਨਾਗਰਾ, ਕੁਲਵੰਤ ਮਹਿਮੀ, ਐੱਮ. ਸੀ. ਨਿਧੀ ਗਰਗ, ਸੰਗਠਨ ਇੰਚਾਰਜ ਮਾਸਟਰ ਅਵਤਾਰ ਸਿੰਘ ਅਤੇ ਕਰਨ ਵਰਮਾ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਆਗੂ ਅਤੇ ਮਾਪੇ ਹਾਜ਼ਰ ਸਨ।
ਪਿਛਲੀ ਖ਼ਬਰ 2027 ਦੀਆਂ ਚੋਣਾਂ ’ ਚ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣਾਏਗੀ - ਸੁਖਮਨਜੀਤ ਬਡਗੁੱਜਰ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਆਪਕ ਕਰਨਗੇ ਕੱਲ੍ਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ-ਸੂਬਾ ਆਗੂ ਪਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।