ਮਾਛੀਵਾੜਾ ਸਾਹਿਬ, 31 ਮਾਰਚ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਅੱਜ ਮਾਛੀਵਾੜਾ-ਕੁਹਾੜਾ ਮਾਰਗ 'ਤੇ ਸਥਿਤ ਪਿੰਡ ਹਾੜੀਆਂ ਦੇ ਮਾਲਵਾ ਚੌਂਕ ਵਿਖੇ ਕਾਂਗਰਸ ਪਾਰਟੀ ਅਤੇ ਇਲਾਕਾ ਨਿਵਾਸੀਆਂ ਵਲੋਂ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਾਤਲਾਂ ਨੂੰ ਨਾ ਫੜੇ ਜਾਣ ਦੇ ਰੋਸ ਵਜੋਂ ਧਰਨਾ ਲਗਾਇਆ ਗਿਆ | ਲੋਕਾਂ ਵਲੋਂ ਉੱਥੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਮੁਰਦਾਬਾਦ ਦੇ ਨਾਅਰੇ ਲਗਾਉਂਦਿਆਂ ਮੰਗ ਕੀਤੀ ਕਿ ਜਦੋਂ ਤੱਕ ਕਤਲ ਦਾ ਮੁੱਖ ਮੁਲਜ਼ਮ ਤੇ ਇਸਦੇ ਪਿੱਛੇ ਜੋ ਸਾਜਿਸ਼ਕਰਤਾ ਹਨ, ਉਹ ਗਿ੍ਫ਼ਤਾਰ ਨਹੀਂ ਹੁੰਦੇ ਉਦੋਂ ਤੱਕ ਮਿ੍ਤਕ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹਲਕਾ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ, ਜ਼ਿਲਾ ਉਪ ਪ੍ਰਧਾਨ ਜੇ. ਪੀ. ਮੱਕੜ, ਸਾਬਕਾ ਚੇਅਰਮੈਨ ਦਰਸ਼ਨ ਕੁੰਦਰਾ, ਸਾਬਕਾ ਚੇਅਰਮੈਨ ਜਗਜੀਤ ਪਿ੍ਥੀਪੁਰ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਸੁਖਦੀਪ ਸਿੰਘ ਸੋਨੀ, ਨੰਦ ਕਿਸ਼ੋਰ, ਸ਼ੰਮੀ ਪਹਿਲਵਾਨ, ਅਸ਼ੋਕ ਸੂਦ, ਸੁਰਿੰਦਰ ਛਿੰਦੀ (ਦੋਵੇਂ ਕੌਂਸਲਰ), ਮਹਿਲਾ ਵਿੰਗ ਪ੍ਰਧਾਨ ਮਨਜੀਤ ਕੁਮਾਰੀ, ਸੁਭਾਸ਼ ਬੀਟਨ, ਚੇਤਨ ਕੁਮਾਰ, ਵਿਨੀਤ ਕੁਮਾਰ ਝੜੌਦੀ, ਯੁਵਰਾਜਜੀਤ ਰਾਏ, ਗੁਰਮੁਖ ਸਿੰਘ, ਹਰਚੰਦ ਸਿੰਘ, ਸਰਪੰਚ ਜਗਦੀਸ਼ ਸਿੰਘ ਵੀ ਮੌਜੂਦ ਸਨ | ਅੱਜ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਇੰਚਾਰਜ ਰਾਜਾ ਗਿੱਲ ਨੇ ਕਿਹਾ ਕਿ 2 ਦਿਨ ਬੀਤ ਗਏ ਪਰ ਅਜੇ ਤੱਕ ਪੁਲਿਸ ਤੋਂ ਮੁੱਖ ਮੁਲਜ਼ਮ ਗਿ੍ਫ਼ਤਾਰ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਕੂੰਮਕਲਾਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਇੱਥੋਂ ਸਾਬਿਤ ਹੁੰਦੀ ਹੈ ਕਿ ਕਤਲ ਦੇ ਕਈ ਘੰਟੇ ਬਾਅਦ ਵੀ ਪੁਲਸ ਨਹੀਂ ਪੁੱਜੀ ਅਤੇ ਕਾਤਲ ਨੂੰ ਭੱਜਣ ਦਾ ਮੌਕਾ ਮਿਲ ਗਿਆ | ਰਾਜਾ ਗਿੱਲ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੁਲਜ਼ਮ ਨਹੀਂ ਫੜਿਆ ਜਾਂਦਾ, ਉਦੋਂ ਤੱਕ ਪਰਿਵਾਰ ਦੀ ਸਹਿਮਤੀ ਹੈ ਕਿ ਪਰਮਿੰਦਰ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ | ਰਾਜਾ ਗਿੱਲ ਨੇ ਨਾਲ ਇਹ ਵੀ ਚਿਤਾਵਨੀ ਦਿੱਤੀ ਕਿ ਕਾਂਗਰਸ ਹਾਈਕਮਾਂਡ ਦੇ ਇਹ ਵੀ ਨਿਰਦੇਸ਼ ਹਨ ਕਿ ਪੁਲਸ ਕਾਤਲਾਂ ਤੇ ਸਾਜਿਸ਼ਕਰਤਾਵਾਂ ਨੂੰ ਫੜਨ ਵਿਚ ਨਾਕਾਮਯਾਬ ਰਹਿੰਦੀ ਹੈ ਤਾਂ ਫਿਰ ਸੰਘਰਸ਼ ਨੂੰ ਤੇਜ਼ ਕਰਦਿਆਂ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਸ਼ਹਿਰ ਦੀਆਂ ਸੜਕਾਂ 'ਤੇ ਚੱਕਾ ਜਾਮ ਕੀਤਾ ਜਾਵੇਗਾ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਕਤਲ ਦੀਆਂ ਘਟਨਾਵਾਂ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਹੋ ਚੁੱਕਾ ਹੈ | ਮਿ੍ਤਕ ਪਰਮਿੰਦਰ ਤਿਵਾੜੀ ਦੇ ਪਰਿਵਾਰ ਵਲੋਂ ਉਸਦੇ ਜੀਜਾ ਪਵਨ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਸ ਪੰਚਾਇਤੀ ਜ਼ਮੀਨ ਦੇ ਵਿਵਾਦ ਦੀ ਰੰਜਸ਼ ਕਹਿ ਕੇ ਕੇਸ ਨੂੰ ਗੁਮਰਾਹ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਵਾਲਾ ਵਿਵਾਦ ਡੇਢ ਸਾਲ ਪੁਰਾਣਾ ਹੈ, ਇਸ ਲਈ ਇਸ ਕਤਲ ਕਰਵਾਉਣ ਪਿੱਛੇ ਜੋ ਵੀ ਸਾਜਿਸ਼ਕਰਤਾ ਹਨ ਉਨ੍ਹਾਂ ਨੂੰ ਵੀ ਮੁੱਖ ਮੁਲਜ਼ਮ ਨਾਲ ਗਿ੍ਫ਼ਤਾਰ ਕੀਤਾ ਜਾਵੇ |