ਮਾਛੀਵਾੜਾ ਸਾਹਿਬ, 31 ਮਾਰਚ (ਰਾਜਦੀਪ ਸਿੰਘ ਅਲਬੇਲਾ)-ਕੂੰਮਕਲਾਂ ਪੁਲਿਸ ਵਲੋਂ ਪੇਕੇ ਪਰਿਵਾਰ ਦੇ ਆਉਣ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਨੇ ਮਿ੍ਤਕ ਵਿਆਹੁਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਤੇ ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਅਧਾਰ 'ਤੇ ਸਹੁਰਾ ਪਰਿਵਾਰ ਦੇ 6 ਵਿਅਕਤੀਆਂ ਸੱਸ ਅੱਕੀ ਕੌਰ, ਸਹੁਰਾ ਜੀਤੀ, ਧਰਮਾ ਸਿੰਘ, ਕਰਮਜੀਤ ਸਿੰਘ ਬਾਬਾ (ਦੋਵੇਂ ਦਿਓਰ) ਅਤੇ ਮਾਸੀ ਭੂੰਡੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਕੋਲ ਦਲਜੀਤ ਸਿੰਘ ਵਾਸੀ ਪਿੰਡ ਬੂਟਾ, ਥਾਣਾ ਸੁਭਾਨਪੁਰ ਨੇ ਬਿਆਨ ਦਰਜ ਕਰਵਾਏ ਕਿ ਉਸਦੀ ਲੜਕੀ ਪੂਜਾ ਨੇ ਸੰਨ 2021 ਵਿਚ ਆਪਣੀ ਮਰਜ਼ੀ ਨਾਲ ਚਰਨਜੀਤ ਸਿੰਘ ਉਰਫ਼ ਚੰਨਾ ਵਾਸੀ ਚੌਂਤਾ ਨਾਲ ਲਵ-ਮੈਰਿਜ ਕਰਵਾਈ ਸੀ | ਮੇਰੇ ਲੜਕੀ ਦੇ ਇੱਕ ਧੀ ਪੈਦਾ ਹੋਈ ਅਤੇ ਉਸਦਾ ਜਵਾਈ ਚਰਨਜੀਤ ਸਿੰਘ ਚੰਨਾ ਇਸ ਸਮੇਂ ਜੇਲ੍ਹ ਵਿਚ ਬੰਦ ਹੈ | ਪਿਤਾ ਅਨੁਸਾਰ ਲੜਕੀ ਵਲੋਂ ਲਵ ਮੈਰਿਜ ਕਰਵਾਉਣ ਉਸਦੇ ਸਹੁਰਾ ਘਰ ਸਾਡਾ ਆਉਣਾ ਜਾਣਾ ਬਹੁਤ ਘੱਟ ਸੀ | ਲੰਘੀ 27 ਮਾਰਚ ਨੂੰ ਸਵੇਰੇ ਲੜਕੀ ਦੇ ਸਹੁਰਾ ਪਰਿਵਾਰ ਦਾ ਫੋਨ ਆਇਆ ਕਿ ਪੂਜਾ ਦੀ ਮੌਤ ਹੋ ਗਈ ਹੈ ਜਿਸ 'ਤੇ ਅਸੀਂ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਫ਼ੋਨ ਕੀਤਾ ਕਿ ਉਸਦਾ ਅੰਤਿਮ ਸੰਸਕਾਰ ਸਾਡੇ ਆਏ 'ਤੇ ਹੀ ਕਰਿਓ | ਅੱਗੋਂ ਪੂਜਾ ਦੀ ਸੱਸ ਨੇ ਕਿਹਾ ਕਿ ਅਸੀਂ ਅੰਤਿਮ ਸੰਸਕਾਰ ਕਰ ਦਿੱਤਾ ਹੈ | ਪਿਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਜਦੋਂ ਉਹ ਪਿੰਡ ਚੌਂਤਾ ਪੁੱਜੇ ਤਾਂ ਸਾਨੂੰ ਆਪਣੇ ਤੌਰ 'ਤੇ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਲੜਕੀ ਪੂਜਾ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਨਹੀਂ ਹੋਈ | ਬਿਆਨਕਰਤਾ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੈ ਕਿ ਸਹੁਰਾ ਪਰਿਵਾਰ ਦੀ ਵਧੀਕੀ ਕਾਰਨ ਪੂਜਾ ਦੀ ਮੌਤ ਹੋਈ ਹੈ, ਪੁਲਿਸ ਵਲੋਂ ਇਸ ਸਬੰਧੀ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ |