ਸਮਰਾਲਾ, 29 ਮਾਰਚ (ਗੋਪਾਲ ਸੋਫਤ)-ਸਥਾਨਕ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਵਿਚ ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਸੈਸ਼ਨ 2025-26 ਦੌਰਾਨ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਸਮੁੱਚੀ ਪ੍ਰਗਤੀ ਬਾਰੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕਰਨਾ ਸੀ | ਇਸ ਦੋ ਦਿਨਾਂ ਸਲਾਨਾ ਮਾਪੇ ਅਧਿਆਪਕ ਮਿਲਣੀ ਦੌਰਾਨ ਫਾਊਾਡੇਸ਼ਨਲ ਸਟੇਜ ਦੇ ਯੂ. ਕੇ. ਜੀ., ਪ੍ਰਾਈਮਰੀ ਵਿੰਗ ਦੇ ਪੰਜਵੀਂ ਅਤੇ ਮਿਡਲ ਵਿੰਗ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਿਗਰੀ ਵੰਡ ਸਮਾਰੋਹ ਵੀ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਲਾਲ, ਨੀਲੇ ਅਤੇ ਕਾਲੇ ਰੰਗ ਦੇ ਗਾਊਨ ਪਹਿਨ ਕੇ ਬੜੇ ਉਤਸ਼ਾਹ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੇ ਇੰਦਰਜੀਤ ਕੌਰ, ਸਕੂਲ ਪ੍ਰੈਜ਼ੀਡੈਂਟ ਅਨਿਲ ਵਰਮਾ, ਮੈਨੇਜਰ ਰਮਨਦੀਪ ਸਿੰਘ ਅਤੇ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਪਾਸੋਂ ਆਪਣੇ ਸਰਟੀਫਿਕੇਟ ਪ੍ਰਾਪਤ ਕੀਤੇ, ਜਿਸ ਨਾਲ ਸਾਰੇ ਸਮਾਰੋਹ ਵਿਚ ਖੁਸ਼ੀ ਅਤੇ ਗੌਰਵ ਦਾ ਮਾਹੌਲ ਬਣ ਗਿਆ | ਮੀਟਿੰਗ ਦੌਰਾਨ ਨਰਸਰੀ ਤੋਂ ਨੌਵੀਂ ਤੇ ਗਿਆਰਵੀਂ ਜਮਾਤ ਦੇ ਅਧਿਆਪਕਾਂ ਵਲੋਂ ਜਿੱਥੇ ਮਾਪਿਆਂ ਨੂੰ ਪੂਰੇ ਸੈਸ਼ਨ ਦੌਰਾਨ ਉਨ੍ਹਾਂ ਦੇ ਬੱਚਿਆਂ ਦੇ ਅਕਾਦਮਿਕ ਪ੍ਰਦਰਸ਼ਨ, ਅਨੁਸ਼ਾਸਨ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉੱਥੇ ਹੀ ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਵਧੇਰੇ ਧਿਆਨ ਦੇਣ ਅਤੇ ਸਕੂਲ ਨਾਲ ਨਿਰੰਤਰ ਸਹਿਯੋਗ ਬਣਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਅਧਿਆਪਕਾਂ ਨੇ ਸੈਸ਼ਨ 2026-27 ਲਈ ਸਕੂਲ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਦੇ ਕੀਮਤੀ ਸੁਝਾਅ ਵੀ ਪ੍ਰਾਪਤ ਕੀਤੇ | ਇਸ ਦੇ ਨਾਲ ਹੀ ਪੂਰੇ ਸੈਸ਼ਨ ਦੌਰਾਨ ਸਾਰੀਆਂ ਜਮਾਤਾਂ ਵਿਚ ਵਧੀਆ ਅਕਾਦਮਿਕ ਪ੍ਰਦਰਸ਼ਨ ਕਰਨ, ਸਭ ਤੋਂ ਵੱਧ ਦਿਨ ਹਾਜ਼ਰ ਰਹਿਣ, ਵਧੀਆ ਅਨੁਸ਼ਾਸਨ ਬਣਾਈ ਰੱਖਣ, ਟੀਮ ਵਰਕ, ਰਚਨਾਤਮਕ ਗਤੀਵਿਧੀਆਂ ਅਤੇ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ | ਸਮਾਰੋਹ ਦੇ ਅੰਤ ਵਿਚ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਵਿਸ਼ੇਸ਼ ਮਹਿਮਾਨ, ਸਕੂਲ ਮੈਨੇਜਮੈਂਟ, ਸਮੂਹ ਸਟਾਫ਼ ਤੇ ਮਾਪਿਆਂ ਵਲੋਂ ਇਸ ਸਾਰੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨਪੇਰੇ ਚੜਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਅਤੇ ਮਾਪਿਆਂ ਦੇ ਸਾਂਝੇ ਯਤਨਾਂ ਨਾਲ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੈ | ਇਸ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਬਹੁਤ ਹੀ ਸਫਲਤਾਪੂਰਵਕ ਅਤੇ ਯਾਦਗਾਰ ਢੰਗ ਨਾਲ ਸੰਪੰਨ ਹੋਇਆ |