ਮਾਛੀਵਾੜਾ ਸਾਹਿਬ, 25 ਮਾਰਚ (ਰਾਜਦੀਪ ਸਿੰਘ ਅਲਬੇਲਾ)-ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ਲੰਗਰ ਦੀ ਪ੍ਰਥਾ 'ਤੇ ਗੈਸ ਸਿਲੰਡਰ ਦੀ ਕਮੀ ਦਾ ਕੋਈ ਵੀ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ | ਦਸਮ ਪਿਤਾ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜਿੱਥੇ ਰੋਜ਼ਾਨਾ ਸੈਂਕੜੇ ਦੀ ਗਿਣਤੀ 'ਚ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ ਉਨ੍ਹਾਂ ਲਈ ਲੰਗਰ ਦੀ ਕੋਈ ਕਮੀ ਨਹੀਂ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਨੇ ਦੱਸਿਆ ਕਿ ਈਰਾਨ ਤੇ ਇਜ਼ਰਾਈਲ ਦੀ ਜੰਗ ਕਾਰਨ ਐੱਲ. ਪੀ. ਜੀ. ਗੈਸ ਦੀ ਕਮੀ ਨੇ ਹਰੇਕ ਘਰ ਦੀ ਰਸੋਈ ਦਾ ਸੰਤੁਲਨ ਵਿਗਾੜ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਗੈਸ ਦੀ ਕਮੀ ਕਾਰਨ ਸਾਨੂੰ ਥੋੜੀ ਜਿਹੀ ਮੁਸ਼ਕਿਲ ਤਾਂ ਆ ਰਹੀ ਹੈ | ਪਰ ਸਾਡੇ ਵਲੋਂ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਲਈ ਲੰਗਰ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ | ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਸਟੀਮ ਬੁਆਇਲਰ ਨਾਲ ਦਾਲਾਂ, ਸਬਜ਼ੀਆਂ ਤਿਆਰ ਹੁੰਦੀਆਂ ਹਨ ਅਤੇ ਪਰਸ਼ਾਦਾ ਤਿਆਰ ਕਰਨ ਲਈ ਲੱਕੜ ਬਾਲਣ ਲਈ ਵੱਡੇ ਚੁੱਲ੍ਹੇ ਤਿਆਰ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਜਾਰੀ ਹੈ ਅਤੇ ਪ੍ਰਸ਼ਾਦੇ ਲੰਗਰ ਦੀ ਵੀ ਕੋਈ ਕਮੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸੇਵਾਦਾਰ ਪਹਿਲਾਂ ਦੀ ਤਰ੍ਹਾਂ ਲੰਗਰ ਤਿਆਰ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਖ਼ਜ਼ਾਨਚੀ ਜਸਪਿੰਦਰ ਸਿੰਘ ਵੀ ਮੌਜੂਦ ਸਨ |