18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਰੀ ਬਰਸਾਤ ਦੇ ਬਾਵਜੂਦ ਖੰਨਾ ਜ਼ਿਲ੍ਹਾ ਬਣਾਉਣ ਲਈ ਭੁੱਖ ਹੜਤਾਲ 19ਵੇਂ ਦਿਨ ਵੀ ਜਾਰੀ

ਅਜੀਤ ਡੈਸਕ 24-01-2026
ਖੰਨਾ, 23 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਨੂੰ ਜ਼ਿਲ੍ਹਾ ਬਣਾਉਣ ਅਤੇ ਹੜ੍ਹ ਪ੍ਰਭਾਵਿਤ ਜ਼ਮੀਨ 'ਤੇ ਬਣ ਰਹੇ ਅਦਾਲਤੀ ਕੰਪਲੈਕਸ ਦੇ ਵਿਰੋਧ ਵਿਚ ਉਪ ਮੰਡਲ ਮੈਜਿਸਟਰੇਟ ਖੰਨਾ ਦੇ ਦਫ਼ਤਰ ਸਾਹਮਣੇ ਚੱਲ ਰਹੀ ਭੁੱਖ ਹੜਤਾਲ ਅੱਜ 19ਵੇਂ ਦਿਨ ਵੀ ਭਾਰੀ ਬਰਸਾਤ ਦੇ ਬਾਵਜੂਦ ਜਾਰੀ ਰਹੀ | ਹਾਲਾਂਕਿ ਬਰਸਾਤ ਕਾਰਨ ਮੋਰਚੇ ਵਾਲੇ ਟੈਂਟ ਵਿਚ ਪਾਣੀ ਭਰ ਗਿਆ, ਜਿਸ ਕਾਰਨ ਮਜਬੂਰੀ ਵੱਸ ਹੜਤਾਲ ਕਰਦੇ ਵਿਅਕਤੀਆਂ ਨੂੰ ਵਰ੍ਹਦੇ ਮੀਂਹ ਵਿਚ ਆਪਣੀਆਂ ਗੱਡੀਆਂ ਵਿਚ ਬੈਠ ਕੇ ਹੀ ਭੁੱਖ ਹੜਤਾਲ ਜਾਰੀ ਰੱਖਣੀ ਪਈ | ਇਸ ਮੌਕੇ ਕਾਮਰੇਡ ਕਰਨੈਲ ਸਿੰਘ ਇਕੋਲਾਹਾ (ਕੌਮੀ ਜਨਰਲ ਸਕੱਤਰ, ਆਲ ਇੰਡੀਆ ਸੰਯੁਕਤ ਕਿਸਾਨ ਸਭਾ), ਜਥੇਦਾਰ ਸਰਬਜੀਤ ਸਿੰਘ ਖ਼ਾਲਸਾ (ਕੇਂਦਰੀ ਕਮੇਟੀ ਮੈਂਬਰ, ਯੂਨਾਈਟੇਡ ਟਰੇਡਜ਼ ਯੂਨੀਅਨ ਕਾਂਗਰਸ), ਦਵਿੰਦਰ ਸਿੰਘ ਲਲਹੇੜੀ ਅਤੇ ਕਿਰਪਾਲ ਸਿੰਘ ਖ਼ਾਲਸਾ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ ਮੋਰਚੇ 'ਤੇ ਡਟੇ ਰਹੇ | ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੜ੍ਹ-ਪ੍ਰਭਾਵਿਤ ਜ਼ਮੀਨ 'ਤੇ ਕੋਰਟ ਕੰਪਲੈਕਸ ਬਣਾਉਣਾ ਲੋਕਾਂ ਦੀ ਜਾਨ ਨਾਲ ਖੇਡ ਹੈ | ਅੱਜ ਦੀ ਬਰਸਾਤ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਕਿਹੜੀ ਤਰ੍ਹਾਂ ਦੀ ਜ਼ਮੀਨ 'ਤੇ ਕੋਰਟ ਬਣਾਉਣ ਦਾ ਵਿਰੋਧ ਕਰ ਰਹੇ ਹਾਂ | ਸਰਕਾਰ ਦੀ ਇਹ ਜ਼ਿੱਦ ਭਵਿੱਖ ਵਿਚ ਵੱਡੀ ਤਬਾਹੀ ਨੂੰ ਜਨਮ ਦੇ ਸਕਦੀ ਹੈ | ਉਨ੍ਹਾਂ ਦੱਸਿਆ ਕਿ 'ਗੈਬ ਦੀ ਪੁਲੀ' ਖੰਨਾ ਸ਼ਹਿਰ ਦਾ ਇਕੱਲਾ ਵਰਖਾ-ਪਾਣੀ ਨਿਕਾਸੀ ਮਾਰਗ ਹੈ ਅਤੇ ਇਸ ਨਾਲ ਛੇੜਛਾੜ ਪੂਰੇ ਸ਼ਹਿਰ ਨੂੰ ਹੜ੍ਹ ਦੇ ਭਿਆਨਕ ਖ਼ਤਰੇ ਵਿਚ ਧੱਕ ਸਕਦੀ ਹੈ, ਜੋ ਸਿੱਧੀ ਤੌਰ 'ਤੇ ਲੋਕਾਂ ਦੀ ਜਾਨ-ਮਾਲ ਲਈ ਖ਼ਤਰਾ ਹੈ | ਆਗੂਆਂ ਨੇ ਕਿਹਾ ਕਿ ਜਦੋਂ ਖੰਨਾ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਹੈ ਅਤੇ ਪੂਰਨ ਜ਼ਿਲ੍ਹਾ ਬਣਨ ਦੀ ਪੂਰੀ ਯੋਗਤਾ ਰੱਖਦਾ ਹੈ ਤਾਂ ਅਜਿਹੀ ਹੜ੍ਹ-ਪ੍ਰਭਾਵਿਤ ਅਤੇ ਅਸੁਰੱਖਿਅਤ ਜ਼ਮੀਨ 'ਤੇ ਅਦਾਲਤੀ ਕੰਪਲੈਕਸ ਬਣਾਉਣਾ ਸਰਕਾਰ ਦੀ ਅਣਦੂਰਦਰਸ਼ੀ ਅਤੇ ਲੋਕ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ | ਭੁੱਖ ਹੜਤਾਲ 'ਤੇ ਬੈਠੇ ਆਗੂਆਂ ਨੇ ਸਰਕਾਰ ਨੂੰ ਫਿਰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਤੁਰੰਤ ਖੰਨਾ ਨੂੰ ਪੂਰਨ ਜ਼ਿਲ੍ਹਾ ਘੋਸ਼ਿਤ ਨਾ ਕੀਤਾ ਗਿਆ ਅਤੇ ਬੁੱਲੇਪੁਰ ਵਿਚ ਬਣ ਰਹੇ ਖ਼ਤਰਨਾਕ ਅਦਾਲਤੀ ਕੰਪਲੈਕਸ ਦਾ ਫ਼ੈਸਲਾ ਰੱਦ ਨਾ ਹੋਇਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬਹਾਲ ਸਿੰਘ ਨਾਗਰਾ ਆਗੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਐਡਵੋਕੇਟ ਅਸ਼ੋਕ ਕੁਮਾਰ ਮੱਗੂ, ਐਡਵੋਕੇਟ ਸੋਹਣ ਸਹੋਤਾ, ਅਮਨਜੋਤ ਸਿੰਘ ਖੱਟੜਾ, ਐਡਵੋਕੇਟ ਰਾਜਵੀਰ ਸਿੰਘ, ਗੁਲਜ਼ਾਰ ਸਿੰਘ ਰਹਾਉਣ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਿਜਲੀ ਦੀਆਂ ਤਾਰਾਂ 'ਚ ਪਲਾਸਟਿਕ ਡੋਰ ਨਾਲ ਉਲਝ ਕੇ ਲਟਕ ਰਹੇ ਪੰਛੀ ਨੂੰ ਕਰਵਾਇਆ ਮੁਕਤ ਅਗਲੀ ਖ਼ਬਰ ਖੰਨਾ ਤੇ ਆਸਪਾਸ ਦੇ ਸ਼ਹਿਰਾਂ 'ਚ ਮੀਂਹ ਨਾਲ ਠੰਢ ਵਧੀ ਕਈ ਇਲਾਕਿਆਂ ਵਿਚ ਭਰਿਆ ਪਾਣੀ, ਰਾਤ ਭਰ ਬਿਜਲੀ ਰਹੀ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।