ਬਠਿੰਡਾ, 27 ਨਵੰਬਰ (ਅਵਤਾਰ ਸਿੰਘ ਕੈਂਥ): ਜ਼ਿਲ੍ਹਾ ਅਤੇ ਸੈਸ਼ਨ ਜੱਜ ਅਤੇ ਸੀ.ਜੇ.ਐਮ. ਬਲਵਿੰਦਰ ਕੌਰ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਰਾ ਲੀਗਲ ਵਲੰਟੀਅਰ ਸ਼ਸ਼ੀ ਮਿੱਤਲ ਵਲੋਂ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਿਵਲ ਸਟੇਸ਼ਨ ਅਤੇ ਦਸਮੇਸ਼ ਪਬਲਿਕ ਸਕੂਲ ਵਿਖੇ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਸੈਮੀਨਾਰ ਲਗਾਏ ਗਏ। ਵੱਖ-ਵੱਖ ਪੜਾਵਾਂ ਵਿਚ ਲਗਾਏ ਇਨ੍ਹਾਂ ਦੋ ਸੈਮੀਨਾਰਾਂ ਦੌਰਾਨ ਸਕੂਲ ਦੇ ਲਗਭਗ 235 ਵਿਦਿਆਰਥੀਆਂ ਅਤੇ 23 ਅਧਿਆਪਕ ਸਾਹਿਬਾਨਾਂ ਨੂੰ ਨਾਲਸਾ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼ਸ਼ੀ ਮਿੱਤਲ ਨੇ ਵਿਦਿਆਰਥੀਆਂ ਨੂੰ ‘ਲੀਗਲ ਸਰਵਿਸਿਜ਼ ਟੂ ਵਿਕਟਿਮਜ਼ ਆਫ਼ ਐਸਿਡ ਅਟੈਕ ਸਕੀਮ-2016’, ‘ਕੰਪਨਸੇਸ਼ਨ ਸਕੀਮ ਫ਼ਾਰ ਵੂਮੈਨ ਵਿਕਟਿਮਜ਼/ਸਰਵਾਈਵਰਜ਼ ਆਫ਼ ਸੈਕਸੂਅਲ ਅਸਾਲਟ/ਅਦਰ ਕ੍ਰਾਈਮ-2018’ ਅਤੇ ‘ਨਾਲਸਾ ਸੰਵਾਦ ਸਕੀਮ-2025’ ਬਾਰੇ ਜਾਗਰੂਕ ਕੀਤਾ। ਉਨ੍ਹਾਂ 12 ਦਸੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਸਕੂਲ ਪ੍ਰਿੰਸੀਪਲ ਵਲੋਂ ਦੱਸਿਆ ਗਿਆ ਕਿ ਇਹ ਸੈਮੀਨਾਰ ਬੱਚਿਆਂ ਅਤੇ ਸਟਾਫ਼ ਲਈ ਬੇਹੱਦ ਲਾਭਦਾਇਕ ਸਾਬਤ ਹੋਏ ਹਨ। ਅਖੀਰ ਵਿਚ ਸਕੂਲ ਪ੍ਰਬੰਧਕਾਂ ਵਲੋਂ ਪਹੁੰਚੀ ਟੀਮ ਦਾ ਧੰਨਵਾਦ ਕੀਤਾ ਗਿਆ।