‘ਮਾਈ ਭਾਗੋ ਦੀ ਫ਼ੌਜ’ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ- ਹਰਸਿਮਰਤ ਕੌਰ
ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਣਾਈ ‘ਮਾਈ ਭਾਗੋ ਦੀ ਫ਼ੌਜ’ ਨਾ ਸਿਰਫ਼ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ ਬਲਕਿ ਉਹ ਇਕ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਨਸ਼ਾ ਤਸਕਰਾਂ ਨੂੰ ਵੀ ਜੇਲ੍ਹਾਂ ਵਿਚ ਪਹੁੰਚਾਏਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਨਾਲ ‘ਮਾਵਾਂ-ਧੀਆਂ ਦੀ ਲਲਕਾਰ’ ਮੁਹਿੰਮ ਤਹਿਤ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਬਠਿੰਡਾ, 12 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਣਾਈ ‘ਮਾਈ ਭਾਗੋ ਦੀ ਫ਼ੌਜ’ ਨਾ ਸਿਰਫ਼ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਕਾਬੂ ਕਰਵਾਏਗੀ ਬਲਕਿ ਉਹ ਇਕ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰਨ ਲਈ ਜ਼ਿੰਮੇਵਾਰ ਨਸ਼ਾ ਤਸਕਰਾਂ ਨੂੰ ਵੀ ਜੇਲ੍ਹਾਂ ਵਿਚ ਪਹੁੰਚਾਏਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੇ ਨਾਲ ‘ਮਾਵਾਂ-ਧੀਆਂ ਦੀ ਲਲਕਾਰ’ ਮੁਹਿੰਮ ਤਹਿਤ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾ ਕੇਵਲ ਚਾਰ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਨਾਕਾਮ ਰਹੀ ਹੈ, ਬਲਕਿ ਉਹ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ‘ਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਅੱਜ ਭਗਵੰਤ ਮਾਨ ਨੂੰ ਪੁੱਛ ਰਹੀਆਂ ਹਨ ਕਿ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਅੱਜ ਸ਼ਰ੍ਹੇਆਮ ਖੁੱਲ੍ਹੇ ਕਿਉਂ ਘੁੰਮ ਰਹੇ ਹਨ ਤੇ ਉਨ੍ਹਾਂ ਦੇ ਪੁੱਤਰ ਚਿੱਟੇ ਦੀ ਓਵਰਡੋਜ਼ ਨਾਲ ਕਿਉਂ ਮਰ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ‘ਮਾਈ ਭਾਗੋ ਦੀ ਫ਼ੌਜ’ ਹੁਣ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਆਕਾਵਾਂ ਦੇ ਨਾਮ ਦਰਜ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਵੀ ਦਰਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਅਗਲੀ ਅਕਾਲੀ ਦਲ ਦੀ ਸਰਕਾਰ 2027 ਵਿਚ ਬਣੇਗੀ ਤਾਂ ਇਹ ਸਾਰੇ ਅੰਕੜੇ ਮਹਿਲਾ ਡੀ.ਜੀ.ਪੀ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਨਾਲ ਸਾਂਝੇ ਕੀਤੇ ਜਾਣਗੇ, ਜੋ ਇਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰੇਗੀ। ਉਨ੍ਹਾਂ ਨੇ ਬਠਿੰਡਾ ਵਿਚ ਨਸ਼ਾ ਤਸਕਰੀ ਦੀ ਗੱਲ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਇਕ ਵੀਡੀਓ ‘ਚ ਕੁਝ ਕੁੜੀਆਂ ਨਸ਼ੇ ਦਾ ਸੇਵਨ ਕਰਦੀਆਂ ਨਜ਼ਰ ਆਈਆਂ। ਹਰਸਿਮਰਤ ਕੌਰ ਬਾਦਲ ਨੇ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆਉਣ ਵਾਲੀਆਂ ਮਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ੀਰਾ ਤੋਂ ਪ੍ਰੀਤੋ ਨਾਮ ਦੀ ਮਹਿਲਾ ਨੇ ਆਪਣੇ ਚਾਰ ਪੁੱਤਰ ਨਸ਼ਿਆਂ ਕਾਰਨ ਗੁਆ ਲਏ, ਜਦੋਂਕਿ ਸੁਲਤਾਨਪੁਰ ਲੋਧੀ ਦੀ ਮਨਜੀਤ ਕੌਰ ਨੇ ਪੰਜ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਗਏ। ਉਨ੍ਹਾਂ ਕਿਹਾ ਕਿ ਹਰ ਮੁਹਾਜ਼ ‘ਤੇ ਅਸਫਲ ਹੋਣ ਵਾਲੀ ‘ਆਪ’ ਸਰਕਾਰ ਹੁਣ ਔਰਤਾਂ ਨੂੰ 3-3 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ, ਜਦੋਂ ਕਿ ਸਰਕਾਰ ਵੱਲ ਔਰਤਾਂ ਦਾ 60-60 ਹਜ਼ਾਰ ਰੁਪਏ ਬਕਾਇਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ‘ਆਪ’ ਸਰਕਾਰ ਭਗਵੰਤ ਮਾਨ ਦੇ ਇਮਾਨਦਾਰ ਮੁੱਖ ਮੰਤਰੀ ਹੋਣ ਦੇ ਬੋਰਡ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਮਾਨਦਾਰ ਹੁੰਦਾ ਤਾਂ ਈ.ਡੀ ਗਮਾਡਾ ਵਿਚ 10 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਨਾ ਕਰਦੀ। ਇਸ ਮੌਕੇ ਬਲਜੀਤ ਸਿੰਘ ਬੀੜ ਬਹਿਮਣ, ਗੁਰਚਰਨ ਸਿੰਘ ਕੋਆਰਡੀਨੇਟਰ, ਸੁਸ਼ੀਲ ਕੁਮਾਰ ਗੋਲਡੀ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ, ਡਾ ਓਮ ਪ੍ਰਕਾਸ਼ ਸ਼ਰਮਾ, ਗੁਰਸੇਵਕ ਸਿੰਘ ਮਾਨ, ਮਨਮੋਹਨ ਕੁੱਕੂ, ਮੋਹਨਜੀਤ ਪੁਰੀ, ਆਕਾਸ਼ਦੀਪ ਮਿੱਡੂਖੇੜਾ, ਜੋਗਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ., ਬਲਵਿੰਦਰ ਕੌਰ ਸ਼ਹਿਰੀ ਪ੍ਰਧਾਨ, ਦਵਿੰਦਰ ਕੌਰ ਸਾਬਕਾ ਮੈਂਬਰ ਐਸਜੀਪੀਸੀ ਆਦਿ ਵੀ ਹਾਜ਼ਰ ਸਨ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ-ਦਿੱਲੀ-ਬਠਿੰਡਾ ਹਵਾਈ ਸੇਵਾ ਮੁੜ ਸ਼ੁਰੂ ਕਰਵਾਉਣ ’ਚ ਅਸਫਲ ਰਹਿਣ ‘ਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਹ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹੀ ਹੈ, ਜਦੋਂਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਹਵਾਈ ਸੇਵਾ ਸ਼ੁਰੂ ਕਰਵਾਈ ਸੀ।