ਬਠਿੰਡਾ ਤੋਂ ਲਾਪਤਾ ਵਿਅਕਤੀ ਦੀ ਜੀਵਨ ਸਿੰਘ ਵਾਲਾ ਡਰੇਨ ‘ਚੋਂ ਮਿਲੀ ਲਾਸ਼, ਕਤਲ ਦਾ ਅੰਦੇਸ਼ਾ
ਤਲਵੰਡੀ ਸਾਬੋ, 31 ਅਗਸਤ (ਰਣਜੀਤ ਸਿੰਘ ਰਾਜੂ)- ਬਠਿੰਡਾ ਸ਼ਹਿਰ ਦੇ ਇਕ ਮਹੱਲੇ ਚੋਂ ਕਰੀਬ 11 ਦਿਨ ਪਹਿਲਾਂ ਸ਼ੱਕੀ ਹਾਲਾਤਾਂ ’ਚ ਲਾਪਤਾ ਇਕ ਵਿਅਕਤੀ ਦੀ ਅੱਜ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਦੀ ਲੰਘਦੇ ਲਸਾੜਾ ਡਰੇਨ ਚੋਂ ਲਾਸ਼ ਮਿਲੀ ਹੈ। ਲਾਸ਼ ਦੀ ਹਾਲਤ ਤੋਂ ਜਿੱਥੇ ਉਕਤ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਅੰਦੇਸ਼ਾ ਪ੍ਰਗਟਾਇਆ ਜਾ ਰਿਹੈ ਉੱਥੇ ਵਾਰਿਸਾਂ ਮੁਤਾਬਿਕ ਇਹ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਹੈ।
ਤਲਵੰਡੀ ਸਾਬੋ, 31 ਅਗਸਤ (ਰਣਜੀਤ ਸਿੰਘ ਰਾਜੂ)- ਬਠਿੰਡਾ ਸ਼ਹਿਰ ਦੇ ਇਕ ਮਹੱਲੇ ਚੋਂ ਕਰੀਬ 11 ਦਿਨ ਪਹਿਲਾਂ ਸ਼ੱਕੀ ਹਾਲਾਤਾਂ ’ਚ ਲਾਪਤਾ ਇਕ ਵਿਅਕਤੀ ਦੀ ਅੱਜ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਦੀ ਲੰਘਦੇ ਲਸਾੜਾ ਡਰੇਨ ਚੋਂ ਲਾਸ਼ ਮਿਲੀ ਹੈ। ਲਾਸ਼ ਦੀ ਹਾਲਤ ਤੋਂ ਜਿੱਥੇ ਉਕਤ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਅੰਦੇਸ਼ਾ ਪ੍ਰਗਟਾਇਆ ਜਾ ਰਿਹੈ ਉੱਥੇ ਵਾਰਿਸਾਂ ਮੁਤਾਬਿਕ ਇਹ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਹੈ। ਪੁਲਿਸ ‘ਤੇ ਅਣਗਹਿਲੀ ਵਰਤਣ ਦੇ ਕਥਿਤ ਦੋਸ਼ ਲਾਉਂਦਿਆਂ ਉਨ੍ਹਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਤਲਵੰਡੀ ਸਾਬੋ ਪੁਲਿਸ ਨੂੰ ਜੀਵਨ ਸਿੰਘ ਵਾਲਾ ਡਰੇਨ ‘ਚ ਇਕ ਲਾਸ਼ ਪਏ ਹੋਣ ਦਾ ਪਤਾ ਲੱਗਾ। ਸਹਾਰਾ ਕਲੱਬ ਤਲਵੰਡੀ ਸਾਬੋ ਦੇ ਹੈਪੀ ਸਿੰਘ ਅਤੇ ਬਠਿੰਡਾ ਦੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦੇ ਸਹਿਯੋਗ ਨਾਲ ਪੁਲਿਸ ਵਲੋਂ ਲਾਸ਼ ਨੂੰ ਬ ਾਹਰ ਕਢਵਾਇਆ ਗਿਆ ਜੋ ਬਹੁਤ ਬੁਰੀ ਹਾਲਤ ‘ਚ ਸੀ। ਸਮਾਜ ਸੇਵੀ ਸੋਨੂੰ ਮਹੇਸ਼ਵਰੀ ਮੁਤਾਬਿਕ ਮ੍ਰਿਤਕ ਦੇ ਪੈਰ ਰੱਸੀਆਂ ਨਾਲ ਬੰਨੇ ਹੋਏ ਸਨ। ਪਹਿਲੀ ਨਜ਼ਰੇ ਹੀ ਲਾਸ਼ ਦੇਖਣ ਤੋਂ ਮਾਮਲਾ ਕਤਲ ਦਾ ਲੱਗ ਰਿਹਾ ਸੀ। ਮਾਮਲੇ ਸਬੰਧੀ ਐੱਸ.ਪੀ (ਐੱਚ) ਬਠਿੰਡਾ ਮਨੋਜ ਗੋਰਸੀ ਨੇ ਦੱਸਿਆ ਕਿ 20 ਅਗਸਤ ਨੂੰ ਥਾਣਾ ਸਦਰ ਬਠਿੰਡਾ ਅਧੀਨ ਆਉਂਦੇ ਬਾਬਾ ਫਰੀਦ ਨਗਰ ਤੋਂ ਵਿਸ਼ਵਨਾਥ ਨਾਂ ਦੇ ਵਿਅਕਤੀ ਦੇ ਗੁੰਮ ਹੋਣ ਸਬੰਧੀ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਅੱਜ ਉਸ ਦੀ ਲਾਸ਼ ਜੀਵਨ ਸਿੰਘ ਵਾਲਾ ਡਰੇਨ ‘ਚੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਮੁਤਾਬਿਕ ਪਹਿਲਾਂ ਹੀ ਦਰਜ ਮਾਮਲੇ ‘ਚ ਵਾਧਾ ਜੁਰਮ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉੱਧਰ ਮ੍ਰਿਤਕ ਵਿਸ਼ਵਨਾਥ ਦੇ ਪੁੱਤਰ ਸਕਸ਼ਮ ਨੇ ਗੱਲਬਾਤ ਦੌਰਾਨ ਹੈਰਾਨੀਜਨਕ ਖ਼ੁਲਾਸਾ ਕੀਤਾ ਕਿ ਉਸ ਦੇ ਪਿਤਾ ਨੂੰ 2 0 ਅਗਸਤ ਨੂੰ ਘਰੋਂ ਅਗਵਾ ਕੀਤਾ ਗਿਐ ਜਿਸ ਦੇ ਉਨ੍ਹਾਂ ਕੋਲ ਸਾਰੇ ਸਬੂਤ ਹਨ। ਪੁਲਿਸ ਨੂੰ ਅਗਵਾਕਾਰਾਂ ਦੇ ਨਾਮ ਤੱਕ ਦਿੱਤੇ ਗਏ ਪਰ ਬਾਵਜੂਦ ਇਸ ਦੇ ਪੁਲਿਸ ਨੇ ਅਣਗਹਿਲੀ ਵਰਤਦਿਆਂ ਉਨ੍ਹਾਂ ਨੂੰ ਲੱਭਣ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ ਕਿਉਂਕਿ ਮਾਮਲੇ ‘ਚ ਇਕ ਵੱਡੀ ਟਰਾਂਸਪੋਰਟ ਕੰਪਨੀ ਦੀ ਸ਼ਮੂਲੀਅਤ ਹੈ ਜਿਸ ਕੰਪਨੀ ‘ਚ ਉਸ ਦੇ ਪਿਤਾ ਮੈਨੇਜਰ ਰਹੇ ਹਨ। ਪੀੜਿਤ ਨੇ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਅਗਰ ਪੁਲਿਸ ਨੇ ਉਸ ਦੇ ਪਿਤਾ ਨੂੰ ਲੱਭਣ ਚ ਗੰਭੀਰਤਾ ਦਿਖਾਈ ਹੁੰਦੀ ਤਾਂ ਸ਼ਾਇਦ ਉਹ ਬਚ ਜਾਂਦੇ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਥਾਣਾ ਸਦਰ ਦੇ ਮੁਖੀ ਨੂੰ ਮੁਅੱਤਲ ਕਰਕੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਦਿਆਂ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ।