ਬਠਿੰਡਾ, 15 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਮੰਗ ਕੀਤੀ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਅਤੇ ਐਤਵਾਰਾਂ ਦੌਰਾਨ ਐੱਸ.ਆਈ.ਆਰ., ਜਨਗਣਨਾ, ਡਰੱਗ ਸਰਵੇ ਅਤੇ ਹੋਰ ਸਰਕਾਰੀ ਡਿਊਟੀਆਂ ਨਿਭਾਉਣ ਵਾਲੇ ਅਧਿਆਪਕਾਂ ਦੀਆਂ ਇਵਜ਼ੀ (ਕਮਾਈ) ਛੁੱਟੀਆਂ ਤੁਰੰਤ ਉਨ੍ਹਾਂ ਦੇ ਸਰਵਿਸ ਰਿਕਾਰਡ ਵਿਚ ਜਮ੍ਹਾ ਕੀਤੀਆਂ ਜਾਣ।ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਪਰਸੋਨਲ ਵਿਭਾਗ ਪੰਜਾਬ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਕਰਮਚਾਰੀ ਛੁੱਟੀ ਜਾਂ ਐਤਵਾਰ ਵਾਲੇ ਦਿਨ ਸਰਕਾਰੀ ਕੰਮ ਕਰਦਾ ਹੈ ਤਾਂ ਉਸ ਨੂੰ ਬਦਲੇ ਵਿਚ ਇਵਜ਼ੀ (ਕਮਾਈ) ਛੁੱਟੀ ਮਿਲਣੀ ਚਾਹੀਦੀ ਹੈ, ਜੋ ਉਸ ਦੇ ਸਰਵਿਸ ਰਿਕਾਰਡ ਵਿਚ ਦਰਜ ਕੀਤੀ ਜਾਂਦੀ ਹੈ।ਆਗੂਆਂ ਨੇ ਦੱਸਿਆ ਕਿ 15 ਮਈ ਤੋਂ 13 ਜੂਨ ਤੱਕ ਹਜ਼ਾਰਾਂ ਅਧਿਆਪਕਾਂ ਨੇ ਜਨਗਣਨਾ ਵਿਚ ਫ਼ੀਲਡ ਟ੍ਰੇਨਰ, ਸੁਪਰਵਾਈਜ਼ਰ ਅਤੇ ਗਿਣਤੀਕਾਰ ਵਜੋਂ ਡਿਊਟੀਆਂ ਨਿਭਾਈਆਂ। ਇਸ ਤੋਂ ਬਾਅਦ 15 ਜੂਨ ਤੋਂ 24 ਜੁਲਾਈ ਤੱਕ ਵੱਡੀ ਗਿਣਤੀ ਵਿਚ ਬੀ.ਐੱਲ.ਓ. ਅਤੇ ਉਨ੍ਹਾਂ ਦੇ ਸੁਪਰਵਾਈਜ਼ਰ ਵਜੋਂ ਅਧਿਆਪਕ ਐੱਸ.ਆਈ.ਆਰ. ਦੀਆਂ ਟ੍ਰੇਨਿੰਗਾਂ ਅਤੇ ਸਰਵੇ ਕਾਰਜਾਂ ਵਿਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਡਰੱਗ ਸਰਵੇ ਦੌਰਾਨ ਵੀ ਅਧਿਆਪਕਾਂ ਨੇ ਗਿਣਤੀਕਾਰ ਅਤੇ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾਈਆਂ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੀਤੇ ਇਸ ਵਾਧੂ ਕੰਮ ਦੇ ਬਦਲੇ ਬਣਦੀਆਂ ਇਵਜ਼ੀ (ਕਮਾਈ) ਛੁੱਟੀਆਂ ਤੁਰੰਤ ਸਰਵਿਸ ਰਿਕਾਰਡ ਵਿਚ ਜਮ੍ਹਾ ਕੀਤੀਆਂ ਜਾਣ, ਤਾਂ ਜੋ ਅਧਿਆਪਕ ਲੋੜ ਅਨੁਸਾਰ ਉਨ੍ਹਾਂ ਦਾ ਲਾਭ ਲੈ ਸਕਣ ਜਾਂ ਸੇਵਾਮੁਕਤੀ ਸਮੇਂ ਉਨ੍ਹਾਂ ਦੀ ਬਣਦੀ ਰਕਮ ਪ੍ਰਾਪਤ ਕਰ ਸਕਣ।ਡੀਟੀਐੱਫ ਦੇ ਵਿੱਤ ਸਕੱਤਰ ਅਨਿਲ ਭੱਟ, ਸਹਿ ਸਕੱਤਰ ਬਲਵਿੰਦਰ ਵਿਰਕ, ਮੀਤ ਪ੍ਰਧਾਨ ਵਿਕਾਸ ਗਰਗ, ਬਲਾਕ ਪ੍ਰਧਾਨ ਭੋਲਾ ਰਾਮ, ਭੁਪਿੰਦਰ ਸਿੰਘ ਮਾਈਸਰਖਾਨਾ, ਬਲਕਰਨ ਸਿੰਘ ਕੋਟਸ਼ਮੀਰ ਅਤੇ ਰਾਜਵਿੰਦਰ ਜਲਾਲ ਨੇ ਛੁੱਟੀਆਂ ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਡਿਊਟੀ ‘ਤੇ ਬੁਲਾਉਣ ਦੇ ਫ਼ੈਸਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਅਧਿਆਪਕਾਂ ਦੇ ਪਰਿਵਾਰਕ ਅਤੇ ਨਿੱਜੀ ਕੰਮ ਪ੍ਰਭਾਵਿਤ ਹੋ ਰਹੇ ਹਨ।ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣ ਦੀ ਬਜਾਏ ਇਨ੍ਹਾਂ ਕਾਰਜਾਂ ਲਈ ਵੱਖਰੀ ਭਰਤੀ ਕੀਤੀ ਜਾਵੇ, ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ।
ਛੁੱਟੀਆਂ ਦੌਰਾਨ ਕੀਤੀਆਂ ਡਿਊਟੀਆਂ ਬਦਲੇ ਇਵਜ਼ੀ (ਕਮਾਈ) ਛੁੱਟੀਆਂ ਸਰਵਿਸ ਰਿਕਾਰਡ ’ਚ ਜਮ੍ਹਾਂ ਕਰਨ ਦੀ ਮੰਗ
ਅਜੀਤ ਡੈਸਕ
16-07-2026