ਗੋਨਿਆਣਾ, 14 ਜੂਨ (ਲਛਮਣ ਦਾਸ ਗਰਗ)- ਅੱਜ ਦੇਸ਼ ਪੱਧਰੀ ਸੱਦੇ ਦੇ ਤਹਿਤ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਗੋਨਿਆਣਾ ਵਿਖੇ ਇਨਕਲਾਬੀ ਨੌਜਵਾਨ ਸਭਾ ਪੰਜਾਬ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਪੀ.ਐਸ. ਐਫ.) ਦੇ ਸਾਂਝੇ ਸੱਦੇ 'ਤੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਲੋਂ ਨੀਟ ਦਾ ਪੇਪਰ ਲੀਕ ਤੇ ਅਤੇ ਪਟਿਆਲਾ ਵਿਖੇ ਕੱਚੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੇ ਵਿਰੁੱਧ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਸੂਬਾ ਇੰਚਾਰਜ ਹੈਪੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਨੀਟ ਦਾ ਪੇਪਰ ਲੀਕ ਕਰਕੇ ਦੇਸ਼ ਦੀ ਜਵਾਨੀ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ | ਜਿਸ ਕਾਰਨ ਕਈ ਵਿਦਿਆਰਥੀਆਂ ਨੇ ਆਤਮ ਹੱਤਿਆ ਵੀ ਕੀਤੀ ਹੈ | ਉਨ੍ਹਾਂ ਕਿਹਾ ਇਸ ਨਾਲ ਭਾਜਪਾ ਸਰਕਾਰ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਸਪੱਸ਼ਟ ਹੋ ਰਹੀ ਹੈ, ਕਿ ਕੁਝ ਕੁ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਪਹੁੰਚਾਉਣ ਦੀ ਨੀਤੀ ਕਾਰਨ ਅੱਜ ਦੇਸ਼ ਦੀ ਸਿੱਖਿਆ ਪ੍ਰਣਾਲੀ ਦਾ ਘਾਣ ਕੀਤਾ ਜਾ ਰਿਹਾ ਹੈ | ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਧਰਮਪ੍ਰੀਤ ਸਿੰਘ ਅਤੇ ਜ਼ਿਲ੍ਹਾ ਆਗੂ ਨਬੀ ਢਿੱਲੋਂ ਨੇ ਕਿਹਾ ਕਿ ਇਹ ਵੀ ਗੰਭੀਰ ਸੁਆਲ ਹੈ ਕਿ ਪਿਛਲੇ ਵਿਵਾਦਾਂ ਨਾਲ ਜੁੜੀਆਂ ਕੰਪਨੀਆਂ ਨੂੰ ਪ੍ਰੀਖਿਆ ਪ੍ਰਬੰਧ ਦੇ ਠੇਕੇ ਦਿੱਤੇ ਗਏ ਹਨ | ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਯੂਨੀਅਨ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਤੁਰੰਤ ਅਸਤੀਫ਼ਾ ਨਹੀਂ ਦਿੰਦੇ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਇਸ ਸਮੇਂ ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਾਜਿੰਦਰ ਸਿਵੀਆਂ ਨੇ ਕਿਹਾ ਕਿ 22 ਲੱਖ ਵਿਦਿਆਰਥੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ, ਨੀਟ ਦਾ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ | ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫ਼ਾ ਦੇਵੇ ਭਿ੍ਸ਼ਟ ਅਤੇ ਗੈਰ ਜ਼ਿੰਮੇਵਾਰ ਸੰਸਥਾ ਨੂੰ ਭੰਗ ਕੀਤਾ ਜਾਵੇ | ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਅਮੀ ਲਾਲ, ਰਾਜਿੰਦਰ ਸਿਵੀਆਂ, ਬੰਟੀ ਸਿੰਘ, ਟੱਲੀ, ਸੈਰੀਅਰ ਖ਼ਾਨ, ਹਨੀ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ |