ਲਹਿਰਾ ਮੁਹੱਬਤ, 14 ਜੂਨ (ਚਰਨਜੀਤ ਸਿੰਘ)- ਬਰਸਾਤਾਂ ਤੋਂ ਪਹਿਲਾਂ ਹੀ ਲਹਿਰਾ ਮੁਹੱਬਤ ਦੇ ਛੱਪੜ ਨੱਕੋਂ ਨੱਕ ਭਰ ਗਏ ਹਨ, ਜਿਸ ਕਾਰਨ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਲਈ ਗੁਹਾਰ ਲਗਾਈ ਜਾ ਰਹੀ ਹੈ | ਛੱਪੜਾਂ ਦੀ ਨਿਕਾਸੀ ਦਾ ਕੋਈ ਪੁਖ਼ਤਾ ਪ੍ਰਬੰਧ ਹਾਲੇ ਤੱਕ ਨਗਰ ਪੰਚਾਇਤ ਦੇ ਅਧਿਕਾਰੀਆਂ ਵਲੋਂ ਨਹੀਂ ਕੀਤਾ ਗਿਆ | ਸ਼ਾਇਦ ਉਨ੍ਹਾਂ ਦੀ ਨੀਂਦ ਉਦੋਂ ਖੁੱਲੇ੍ਹਗੀ, ਜਦ ਛੱਪੜਾਂ ਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਵੇਗਾ | ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਦੇਖਦਿਆਂ ਉਹ ਵੱਡੀ ਪਲੈਨਿੰਗ ਕਰਨ 'ਚ ਵੀ ਰੁੱਝੇ ਹੋ ਸਕਦੇ ਹਨ ਕਿ ਇਸ ਵਾਰ ਐਲ ਨੀਨੋ ਕਾਰਨ ਸੋਕੇ ਦੀ ਸਥਿਤੀ ਪੈਂਦਾ ਹੋਵੇਗੀ, ਫਿਰ ਟੈਂਕਰਾਂ ਰਾਹੀਂ ਇਹ ਪਾਣੀ ਖੇਤਾਂ ਨੂੰ ਦਿੱਤਾ ਜਾਵੇਗਾ | ਪਿੰਡ ਦੇ ਵਾਰਡ ਨੰ. 10 ਤੇ ਦੌਲਾ ਪੱਤੀ ਦੇ ਵਸਨੀਕ ਬਲਦੇਵ ਸਿੰਘ, ਨਵਪ੍ਰੀਤ ਸਿੰਘ, ਜਸਵਿੰਦਰ ਸਿੰਘ ਕਾਲਾ, ਰਾਜਵਿੰਦਰ ਸਿੰਘ ਨਿੱਕਾ, ਜਸਵੀਰ ਸਿੰਘ, ਗੁਰਮੇਲ ਸਿੰਘ, ਗੁਰਭਗਤ ਸਿੰਘ, ਗੁਰਜੀਤ ਸਿੰਘ, ਸੁਖਪਾਲ ਸਿੰਘ ਨੇ ਦੱਸਿਆਂ ਕਿ ਪਿੰਡ ਦੀਆਂ ਨਾਲੀਆਂ ਤੇ ਛੱਪੜਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਨਗਰ ਪੰਚਾਇਤ ਦੇ ਅਧਿਕਾਰੀਆਂ ਕੋਲ ਜਦੋਂ ਵੀ ਇਸ ਸੰਬੰਧੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਲਾਰੇ ਲੱਪਿਆਂ ਨਾਲ ਟਾਲ ਮਟੋਲ ਕੀਤੀ ਜਾਂਦੀ ਹੈ | ਬਰਸਾਤਾਂ ਦੌਰਾਨ ਪਿੰਡ 'ਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ, ਪ੍ਰੰਤੂ ਹੁਣ ਤਾਂ ਹੱਦ ਹੀ ਹੋ ਗਈ ਹੈ, ਕਿਉਂਕਿ ਮੀਂਹ ਆਉਣ ਤੋਂ ਪਹਿਲਾਂ ਹੀ ਛੱਪੜ ਓਵਰਫ਼ਲੋ ਹੋਣ ਦੀ ਸਥਿਤੀ 'ਚ ਹਨ | ਵਾਰਡ ਨੰ. 10 ਦੇ ਕੌਂਸਲਰ ਜੱਸਾ ਸਿੰਘ ਨੇ ਕਿਹਾ ਕਿ ਹੁਣ ਤੱਕ ਨਗਰ ਪੰਚਾਇਤ ਪ੍ਰਧਾਨ ਦੀ ਨਿਯੁਕਤੀ ਨਹੀਂ ਹੋਈ ਤੇ ਨਾ ਹੀ ਕੌਂਸਲਰਾਂ ਨੂੰ ਕੋਈ ਅਧਿਕਾਰ ਦਿੱਤੇ ਗਏ ਹਨ | ਇਸ ਸਮੇਂ ਨਗਰ ਪੰਚਾਇਤ ਦੀ ਕਮਾਨ ਪ੍ਰਸ਼ਾਸਕ ਕੋਲ ਹੀ ਹੈ, ਜਿਸ ਕਾਰਨ ਅਧਿਕਾਰੀਆਂ ਦੀਆਂ ਮਨਮਾਨੀਆਂ ਚੱਲ ਰਹੀਆਂ ਹਨ |