12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਤੀ ਦੀ ਮੌਤ ਤੋਂ ਬਾਅਦ ਦਿਹਾੜੀਆਂ ਕੀਤੀਆਂ, ਜੁੱਤੀਆਂ ਸਿਲਾਈ ਕੀਤੀਆਂ ਪਰ ਹੌਸਲਾ ਨਹੀਂ ਹਾਰਿਆ ਮਾਤਾ ਨਰੈਣ ਕੌਰ ਨੇ

ਅਜੀਤ ਡੈਸਕ 10-05-2026
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ- 94 ਵਰਿ੍ਹਆਂ ਦੀ ਮਾਤਾ ਨਰੈਣ ਕੌਰ ਦੱਸਦੀ ਹੈ ਕਿ ਮਾਨਸਾ ਬੱਸ ਅੱਡੇ ਤੋਂ ਸ਼ਹਿਰ ਨੂੰ ਜਾਂਦਿਆਂ ਦੂਸਰੀ ਰਾਮ ਸਿੰਘ ਕੁੰਦਨ ਵਾਲੀ ਗਲੀ ਮੇਰੇ ਪਤੀ ਦੇ ਨਾਂਅ 'ਤੇ ਹੈ, ਜੋ ਨਗਰ ਕੌਂਸਲ ਦੇ ਮੈਂਬਰ ਸਨ ਅਤੇ ਉਪ ਪ੍ਰਧਾਨ ਵੀ ਰਹੇ | ਉਨ੍ਹਾਂ ਸਮਿਆਂ 'ਚ ਵੀ ਪ੍ਰਧਾਨਗੀ ਲਈ ਮੈਂਬਰਾਂ ਦੀ ਖ਼ਰੀਦੋ-ਫ਼ਰੋਖ਼ਤ ਹੁੰਦੀ ਸੀ ਅਤੇ ਮੇਰੇ ਪਤੀ ਨੂੰ ਵੋਟ ਪਾਉਣ ਲਈ ਉਸ ਵੇਲੇ 40 ਹਜ਼ਾਰ ਰੁਪਏ ਪੇਸ਼ ਕੀਤੇ ਗਏ ਪਰ ਉਨ੍ਹਾਂ ਜ਼ਮੀਰ ਨਹੀਂ ਵੇਚੀ, ਜਿਸ ਕਰ ਕੇ 1969 'ਚ ਉਨ੍ਹਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ | ਬਸ ਫਿਰ ਕੀ ਸੀ, ਪਰਿਵਾਰ ਸਿਰ ਮੁਸੀਬਤਾਂ ਦਾ ਪਹਾੜ ਟੁੱਟ ਗਿਆ | ਆਰਥਿਕ ਹਾਲਤ ਬਹੁਤ ਕਮਜ਼ੋਰ ਸੀ, ਉੱਤੋਂ 7 ਬੱਚਿਆਂ ਦਾ ਪਾਲਣ ਪੋਸ਼ਣ | ਸਭ ਤੋਂ ਵੱਡਾ ਜਰਨੈਲ ਸੀ, ਜੋ ਬਚਪਨ ਤੋਂ ਹੀ ਅਧਰੰਗ ਤੋਂ ਪੀੜਤ ਸੀ ਅਤੇ 1980 'ਚ ਉਹ ਰੱਬ ਨੂੰ ਪਿਆਰਾ ਹੋ ਗਿਆ | ਹਾਲਤ ਇਹ ਸੀ ਕਿ ਸਵੇਰੇ ਖਾ ਲਿਆ ਅਤੇ ਆਥਣ ਦੀ ਚਿੰਤਾ ਲੱਗੀ ਰਹਿੰਦੀ ਸੀ ਪਰ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਸੀ | ਅਖੀਰ ਖ਼ੁਦ ਹੌਸਲੇ ਨਾਲ ਮਿਹਨਤ ਮਜ਼ਦੂਰੀ ਕੀਤੀ ਅਤੇ ਬੱਚਿਆਂ ਨੂੰ ਪੜ੍ਹਾਉਣ 'ਚ ਹੀ ਆਪਣਾ ਭਵਿੱਖ ਵੇਖਿਆ | ਰਹਿਣ ਲਈ 7 ਗੁਣਾ 35 ਫੁੱਟ ਦੀ ਦੁਕਾਨ ਮੇਰੇ ਪਤੀ ਛੱਡ ਗਏ ਸਨ, ਜਿਸ 'ਚ ਵੱਡੇ ਟੱਬਰ ਨੇ ਰਹਿਣਾ ਸੀ | ਨਰਮਾ ਚੁਗਣ ਤੋਂ ਲੈ ਕੇ ਹਾੜ੍ਹੀ ਵੱਢਣ ਤੱਕ ਉਹ ਸਾਰੇ ਕੰਮ ਕੀਤੇ ਜੋ ਪਰਿਵਾਰ ਦੀ ਉਪਜੀਵਕਾ ਚਲਾਉਣ ਲਈ ਕਾਫ਼ੀ ਨਹੀਂ ਸਨ, ਬੱਚਿਆਂ ਨੇ ਵੀ ਬਰਾਬਰ ਮਿਹਨਤ ਕੀਤੀ | ਬੇਟੀਆਂ ਬਲਦੇਵ, ਸੁਰਿੰਦਰ ਤੇ ਬਲਵਿੰਦਰ ਜੁੱਤੀਆਂ 'ਤੇ ਕਢਾਈ ਦਾ ਕੰਮ ਕਰਦੀਆਂ ਅਤੇ ਆਪ ਜੁੱਤੀਆਂ 'ਤੇ ਸਿਲਾਈ ਦਾ ਕੰਮ ਕਰਦੀ | ਮੇਰੇ ਪੁੱਤ ਹਾਕਮ, ਬਲਵੰਤ ਤੇ ਗੁਰਜੰਟ ਨੇ ਵੀ ਬਹੁਤ ਮਸ਼ੱਕਤ ਕੀਤੀ | ਬਲਵੰਤ ਨੇ ਤਾਂ ਦਿਹਾੜੀਆਂ ਤੱਕ ਵੀ ਕੀਤੀਆਂ ਪਰ ਪੜ੍ਹਨ 'ਚ ਹੁਸ਼ਿਆਰ ਸੀ | ਬਲਵੰਤ ਭਾਟੀਆ ਦਾ ਅੱਜ-ਕੱਲ੍ਹ ਸਾਹਿਤ ਖੇਤਰ 'ਚ ਚੰਗਾ ਸਥਾਨ ਹੈ, ਸਭਿਆਚਾਰਕ ਮਾਮਲਿਆਂ 'ਚ ਵੀ ਉਸ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਹੁਣ ਉਹ ਮਾਨਸਾ ਦਾ ਨਾਮੀ ਵਕੀਲ ਹੈ | ਅਖ਼ਬਾਰਾਂ ਖ਼ਾਸ ਕਰ ਕੇ 'ਅਜੀਤ' 'ਚ ਛਪਦੀਆਂ ਉਸ ਦੀਆਂ ਗਤੀਵਿਧੀਆਂ ਜਦ ਮੇਰੀ ਪੋਤੀ ਪੜ੍ਹ ਕੇ ਸੁਣਾਉਂਦੀ ਹੈ ਤਾਂ ਮੈਨੰੂ ਆਪਣਾ ਜੀਵਨ ਸਫਲ ਨਜ਼ਰ ਆਉਂਦਾ ਹੈ | ਉਸ ਦੀ ਬੇਟੀ ਇਸ਼ਮੀਤ ਤੇ ਪਤਨੀ ਰੇਨੂੰ ਅਧਿਆਪਕਾਵਾਂ ਹਨ ਅਤੇ ਬੇਟਾ ਜਪਨੀਸ਼ ਸਹਿਕਾਰੀ ਵਿਭਾਗ 'ਚ ਇੰਸਪੈਕਟਰ | ਵੱਡਾ ਪੁੱਤਰ ਹਾਕਮ ਵੀ ਸਫਲ ਹੈ, ਉਸ ਦੇ ਦੋਵੇਂ ਮੁੰਡਿਆਂ 'ਚੋਂ ਸੁਖਦੀਪ ਵਕੀਲ, ਦੂਜਾ ਪ੍ਰਤੀਕ ਐਕਸਾਈਜ਼ ਵਿਭਾਗ 'ਚ ਇੰਸਪੈਕਟਰ ਹੈ ਜਦਕਿ ਪਤਨੀ ਅਮਰਜੀਤ ਕੌਰ ਸੇਵਾ ਮੁਕਤ ਅਧਿਆਪਕਾ ਹੈ | ਛੋਟਾ ਗੁਰਜੰਟ ਵੀ ਮਾਸਟਰ ਹੈ | ਪੋਤੀ ਮਹਿਕ ਡਾਕਟਰੀ ਦੀ ਪੜ੍ਹਾਈ ਕਰ ਰਹੀ ਅਤੇ ਪੋਤਾ ਅਕਸ਼ ਹਾਲੇ ਸਕੂਲੀ ਪੜ੍ਹਾਈ ਪੂਰੀ ਕਰ ਰਿਹਾ ਹੈ ਜਦਕਿ ਉਸ ਦੀ ਘਰਵਾਲੀ ਸੋਨੀਆ ਪੰਜਾਬੀ 'ਵਰਸਿਟੀ ਪਟਿਆਲਾ ਵਿਖੇ ਨੌਕਰੀ ਕਰ ਰਹੀ ਹੈ | ਤਿੰਨੇ ਧੀਆਂ ਵੀ ਆਪਣਾ ਸਫਲ ਜੀਵਨ ਹੰਢਾ ਰਹੀਆਂ ਹਨ | ਮੈਂ ਪੁੱਤਾਂ, ਪੋਤਿਆਂ, ਪੋਤੀਆਂ, ਪੜਪੋਤਿਆਂ, ਪੜਪੋਤੀਆਂ, ਦੋਹਤੇ, ਦੋਹਤੀਆਂ, ਪੜਦੋਹਤੇ ਤੇ ਪੜਦੋਹਤੀਆਂ ਵਾਲੀ ਖ਼ੁਸ਼ਕਿਸਮਤ ਮਾਂ ਹਾਂ | ਭਾਵੇਂ ਜੀਵਨ ਦੇ ਮੱਧ 'ਚ ਅੰਤਾਂ ਦੇ ਸੰਕਟ ਦੇਖੇ ਪਰ ਅੱਜ ਬਹੁਤ ਸੰਤੁਸ਼ਟ ਹਾਂ | ਅੱਜ ਕੱਲ੍ਹ ਬੱਚੇ ਆਪਣੇ ਮਾਂ ਪਿਓ ਦੀ ਦੇਖਭਾਲ ਨਹੀਂ ਕਰਦੇ | ਇਸ ਪੱਖੋਂ ਖ਼ੁਸ਼ਕਿਸਮਤ ਹਾਂ ਕਿ ਮੇਰੇ ਬੱਚਿਆਂ ਨੇ ਮੇਰੇ ਵਲੋਂ ਕੀਤੀ ਮਸ਼ੱਕਤ ਦਾ ਮੁੱਲ ਤਾਰਿਆ ਹੈ | ਉਹ ਮੈਨੂੰ ਕੋਈ ਤਕਲੀਫ਼ ਨਹੀਂ ਹੋਣ ਦਿੰਦੇ ਅਤੇ ਅੱਧ ਬੋਲ ਮੇਰੇ ਕੋਲ ਹਾਜ਼ਰ ਹੁੰਦੇ ਹਨ, ਮੈਨੂੰ ਆਪਣੇ ਜੀਵਨ 'ਚ ਹੰਢਾਈਆਂ ਦੁਸ਼ਵਾਰੀਆਂ ਚੇਤੇ ਨਹੀਂ ਆਉਣ ਦਿੰਦੇ |
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਮਾਂ ਦਿਵਸ ਮੌਕੇ ਵਿਸ਼ੇਸ਼ ਸਮਾਗਮ <br/> ਅਗਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ 'ਚ 'ਮਾਂ' ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।