ਤਲਵੰਡੀ ਸਾਬੋ, 26 ਮਾਰਚ (ਰਣਜੀਤ ਸਿੰਘ ਰਾਜੂ)-ਖਾੜੀ ਜੰਗ ਕਾਰਨ ਦੇਸ਼ ਵਿਚ ਘਰੇਲੂ ਗੈਸ ਅਤੇ ਤੇਲ ਦੀ ਕੋਈ ਕਮੀ ਨਾ ਹੋਣ ਬਾਰੇ ਭਾਂਵੇ ਦੇਸ਼ ਦੀ ਸੱਤਾ 'ਤੇ ਕਾਬਿਜ਼ ਧਿਰ ਦੇ ਆਗੂ ਬਿਆਨ ਦਿੰਦੇ ਨਾ ਥੱਕਦੇ ਹੋਣ ਪਰ ਲੋਕਾਂ 'ਚ ਫੈਲੇ ਚਿੰਤਾ ਦੇ ਆਲਮ ਕਾਰਨ ਹਾਲਾਤ ਦਿਨ-ਬ-ਦਿਨ ਸੰਕਟ ਵਾਲੇ ਬਣਦੇ ਨਜ਼ਰ ਆ ਰਹੇ ਹਨ। ਗੈਸ ਸਿਲੰਡਰ ਹਾਸਲ ਕਰਨ ਲਈ ਗੈਸ ਏਜੰਸੀਆਂ ਦੇ ਬਾਹਰ ਘੰਟਿਆਂਬੱਧੀ ਲਾਈਨਾਂ ਲਗਾਉਣ ਵਾਲੇ ਲੋਕਾਂ ਨੇ ਜਿੱਥੇ ਹੁਣ ਸਿਲੰਡਰ ਹਾਸਲ ਕਰਨ ਲਈ ਸਿਆਸੀ ਆਗੂਆਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ ਉੱਥੇ ਵਿਸਾਖੀ ਜੋੜ ਮੇਲੇ ਮੌਕੇ ਲੰਗਰ ਲਗਾਉਣ ਵਾਲੀਆਂ ਧਾਰਮਿਕ ਸੰਸਥਾਵਾਂ ਲਈ ਵੀ ਵੱਡੀ ਚਿੰਤਾ ਖੜ੍ਹੀ ਹੋ ਗਈ ਹੈ। ਘਰੇਲੂ ਗੈਸ ਦੀ ਕਿੱਲਤ ਦੇ ਚੱਲਦਿਆਂ ਹੁਣ ਪਿੰਡਾਂ ਦੇ ਉਹ ਲੋਕ ਵੀ ਜਿਨ੍ਹਾਂ ਨੇ ਵਾਧੂ ਬਾਲਣ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਗੈਸ ਸਿਲੰਡਰ ਲੈਣੇ ਕਦੇ ਬਹੁਤੇ ਜ਼ਰੂਰੀ ਨਹੀਂ ਸਨ ਸਮਝੇ ਸਿਲੰਡਰ ਹਾਸਲ ਕਰਨ ਦੀ ਦੌੜ 'ਚ ਲੱਗ ਗਏ ਹਨ। ਗੈਸ ਏਜੰਸੀ ਸੰਚਾਲਕਾਂ ਨੂੰ ਇਕ ਦਿੱਕਤ ਇਹ ਵੀ ਆ ਰਹੀ ਹੈ ਕਿ ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਗੈਸ ਸਿਲੰਡਰ ਨਹੀਂ ਲਏ ਉਨ੍ਹਾਂ ਦੇ ਖਾਤਿਆਂ ਦੀ ਕੇ.ਵਾਈ.ਸੀ ਵੀ ਨਹੀਂ ਹੋਈ ਤੇ ਹੁਣ ਜਦੋਂ ਉਹ ਸਿਲੰਡਰ ਲੈਣ ਏਜੰਸੀ ਜਾਂਦੇ ਹਨ ਤਾਂ ਏਜੰਸੀ ਵਾਲਿਆਂ ਨੂੰ ਪਹਿਲਾਂ ਉਨ੍ਹਾਂ ਦੀ ਕੇ.ਵਾਈ. ਸੀ ਪ੍ਰਕਿਰਿਆ ਮੁਕੰਮਲ ਕਰਨੀ ਪੈਂਦੀ ਹੈ। ਉੱਧਰ ਉਹ ਲੋਕ ਜਿਨ੍ਹਾਂ ਕੋਲ ਇਕ ਕੁਨੈਕਸ਼ਨ ਤੇ ਦੋ ਸਿਲੰਡਰ ਚੜੇ ਹੋਏ ਹਨ, ਉਹ ਇਕ ਸਿਲੰਡਰ ਮਿਲ ਜਾਣ ਤੋਂ ਬਾਅਦ ਦੂਜੇ ਸਿਲੰਡਰ ਦੀ ਪ੍ਰਾਪਤੀ ਲਈ ਵੀ ਤਰਲੋਮੱਛੀ ਹੋ ਰਹੇ ਹਨ ਤੇ ਇਨ੍ਹਾਂ 'ਚੋਂ ਜਿਸ ਕਿਸੇ ਦੀ ਵੀ ਸਿਆਸੀ ਅੰਗਲੀ ਸੰਗਲੀ ਅੜਦੀ ਹੈ ਉਹ ਸਿਲੰਡਰ ਪ੍ਰਾਪਤੀ ਲਈ ਸਿਆਸੀ ਆਗੂਆਂ ਤੱਕ ਪਹੁੰਚ ਕਰ ਰਿਹਾ ਹੈ। ਉਕਤ ਪੱਤਰਕਾਰ ਕੋਲ ਇਕ ਵੱਡੇ ਸਿਆਸੀ ਆਗੂ ਨੇ ਮੰਨਿਆ ਕਿ ਹੁਣ ਉਨ੍ਹਾਂ ਕੋਲ ਕੰਮ ਕਰਵਾਉਣ ਦੇ ਫੋਨ ਘੱਟ ਤੇ ਸਿਲੰਡਰਾਂ ਲਈ ਜ਼ਿਆਦਾ ਆ ਰਹੇ ਹਨ। ਇਹੀ ਨਹੀਂ ਲੋਕਾਂ ਨੇ ਹੁਣ ਗੈਸ ਏਜੰਸੀਆਂ 'ਚ ਲੱਗੇ ਕਾਰਿੰਦਿਆਂ ਆਦਿਕ ਦੇ ਸੰਪਰਕ ਜਾਂ ਰਿਸ਼ਤੇਦਾਰੀਆਂ ਵੀ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂਕਿ ਉਨ੍ਹਾਂ ਨੂੰ ਕਿਸੇ ਤਰੀਕੇ ਸਿਲੰਡਰ ਮਿਲ ਸਕੇ। ਦੂਜੇ ਪਾਸੇ 11 ਤੋਂ 15 ਅਪ੍ਰੈਲ ਤੱਕ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਲੱਗਣ ਜਾ ਰਹੇ ਵਿਸਾਖੀ ਜੋੜ ਮੇਲੇ ਮੌਕੇ ਹਰ ਸਾਲ੍ਹ ਲੰਗਰ ਲਗਾਉਣ ਵਾਲੀਆਂ ਧਾਰਮਿਕ ਸੰਸਥਾਵਾਂ ਲਈ ਵੀ ਚਿੰਤਾ ਖੜ੍ਹੀ ਹੋ ਗਈ ਹੈ ਤੇ ਕਈ ਸੰਸਥਾਵਾਂ ਨੇ ਇਸ ਸਬੰਧੀ ਚਰਚਾ ਲਈ ਮੀਟਿੰਗਾਂ ਤੱਕ ਕੀਤੀਆਂ ਹਨ। ਇਕ ਧਾਰਮਿਕ ਸੰਸਥਾ ਦੇ ਆਗੂ ਨੇ ਦੱਸਿਆ ਕਿ ਲੰਗਰਾਂ 'ਚ ਲੱਖਾਂ ਲੋਕ ਲੰਗਰ ਛਕਣ ਪੁੱਜਣਗੇ ਤੇ ਕੇਵਲ ਲੱਕੜ ਬਾਲਣ ਤੇ ਇਨ੍ਹਾਂ ਲੰਗਰ ਤਿਆਰ ਕਰਨਾ ਮੁਸ਼ਕਿਲ ਹੋ ਜਾਵੇਗਾ। ਅਜਿਹੀਆਂ ਜਥੇਬੰਦੀਆਂ ਨੇ ਅਪੀਲ ਕੀਤੀ ਹੈ ਕਿ ਜੋੜ ਮੇਲੇ ਦੌਰਾਨ ਸਰਕਾਰ ਉਨ੍ਹਾਂ ਲਈ ਵਿਸ਼ੇਸ ਬੰਦੋਬਸਤ ਕਰਕੇ ਸਿਲੰਡਰ ਉਪਲੱਬਧ ਕਰਵਾਵੇ ਤਾਂਕਿ ਗੁਰੂ ਕੇ ਲੰਗਰਾਂ ਦੇ ਕਾਰਜ ਨਿਰਵਿਘਨ ਸਿਰੇ ਚੜ ਸਕਣ। ਅੱਗੇ ਹਾਲਾਤ ਕੀ ਰੁਖ ਅਖਤਿਆਰ ਕਰਦੇ ਹਨ ਇਹ ਤਾਂ ਸਮਾਂ ਦੱਸੇਗਾ ਪਰ ਅੱਜ ਦੀ ਘੜ੍ਹੀ ਆਮ ਲੋਕਾਂ ਲਈ ਇਕ ਗੈਸ ਸਿਲੰਡਰ ਹਾਸਲ ਕਰਨਾ ਕਿਸੇ ਜੰਗ ਜਿੱਤਣ ਤੋਂ ਘੱਟ ਨਹੀਂ ਜਾਪਦਾ।
ਘਰੇਲੂ ਗੈਸ ਕਿੱਲਤ-ਗੈਸ ਸਿਲੰਡਰ ਹਾਸਿਲ ਕਰਨ ਲਈ ਸਿਆਸੀ ਆਗੂਆਂ ਤੱਕ ਪਹੁੰਚ ਕਰਨ ਲੱਗੇ ਲੋਕ
ਅਜੀਤ ਡੈਸਕ
27-03-2026