ਟੋਹਾਣਾ, 26 ਮਾਰਚ (ਮਨਜੀਤ ਸਿੰਘ)-ਪਿਛਲੇ ਦਿਨੀਂ ਘਰੇਲੂ ਗੈਸ ਦੀ ਕਿੱਲਤ ਨੂੰ ਲੈ ਕੇ ਬਣੇ ਮਾਹੌਲ ਦੇ ਦਰਮਿਆਨ ਹੁਣ ਪੈਟਰੋਲ ਅਤੇ ਡੀਜ਼ਲ ਦੀ ਸੰਭਾਵਿਤ ਕਮੀ ਬਾਰੇ ਅਫ਼ਵਾਹਾਂ ਨੇ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ | ਇਸ ਕਾਰਨ ਟੋਹਾਣਾ ਦੇ ਕਈ ਪੈਟਰੋਲ ਪੰਪਾਂ ਉੱਪਰ ਲੰਬੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲ ਰਹੀਆਂ ਹਨ | ਜਾਣਕਾਰੀ ਅਨੁਸਾਰ ਲੋਕਾਂ ਵਿੱਚ ਇਹ ਡਰ ਬਣ ਗਿਆ ਹੈ ਕਿ ਜਿਵੇਂ ਗੈਸ ਸਿਲੰਡਰਾਂ ਦੀ ਕਮੀ ਆ ਗਈ ਸੀ, ਉਸੇ ਤਰ੍ਹਾਂ ਪੈਟਰੋਲ ਅਤੇ ਡੀਜ਼ਲ ਦੀ ਵੀ ਘਾਟ ਨਾ ਪੈ ਜਾਵੇ | ਇਸੇ ਕਾਰਨ ਲੋਕ ਆਪਣੀ ਲੋੜ ਤੋਂ ਵੱਧ ਤੇਲ ਭਰਵਾ ਰਹੇ ਹਨ ਅਤੇ ਇੱਕ ਦੂਜੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਸਬੰਧੀ ਟੋਹਾਣਾ ਦੇ ਇੱਕ ਪੈਟਰੋਲ ਪੰਪ ਮਾਲਕ ਨੇ ਸਪਸ਼ਟ ਕੀਤਾ ਕਿ ਸ਼ਹਿਰ ਦੇ ਸਾਰੇ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਪੂਰੀ ਮਾਤਰਾ ਵਿੱਚ ਉਪਲਬਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ | ਉਨ੍ਹਾਂ ਦੱਸਿਆ ਕਿ ਕੰਪਨੀਆਂ ਵੱਲੋਂ ਸਪਲਾਈ ਵੀ ਨਿਰੰਤਰ ਆ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਹਫੜਾ-ਦਫੜੀ ਦਾ ਮੁੱਖ ਕਾਰਨ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ 2 ਸੌ ਜਾਂ 5 ਸੌ ਰੁਪਏ ਦਾ ਤੇਲ ਚਾਹੀਦਾ ਹੈ, ਉਹ 1 ਹਜ਼ਾਰ-15 ਸੌ ਰੁਪਏ ਤੱਕ ਦਾ ਤੇਲ ਭਰਵਾ ਰਹੇ ਹਨ, ਜਿਸ ਨਾਲ ਹੋਰ ਲੋਕਾਂ ਵਿੱਚ ਘਬਰਾਹਟ ਵੱਧ ਰਹੀ ਹੈ | ਪੈਟਰੋਲ ਪੰਪ ਮਾਲਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨੀ ਲੋੜ ਹੋਵੇ ਉਤਨਾ ਹੀ ਤੇਲ ਲਵੋ ਅਤੇ ਸਟਾਕ ਕਰਨ ਤੋਂ ਬਚੋ | ਉਨ੍ਹਾਂ ਚੇਤਾਵਨੀ ਦਿੱਤੀ ਕਿ ਗਰਮੀ ਦੇ ਮੌਸਮ ਵਿੱਚ ਵੱਧ ਮਾਤਰਾ ਵਿੱਚ ਤੇਲ ਸਟੋਰ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਣ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ |