ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਵਾਧੂ ਡਿਊਟੀਆਂ ’ਤੇ ਪੈਰਾ-ਮੈਡੀਕਲ ਯੂਨੀਅਨ ਦਾ ਇਤਰਾਜ਼
ਫ਼ਿਰੋਜ਼ਪੁਰ, 23 ਸਤੰਬਰ (ਕੁਲਬੀਰ ਸਿੰਘ ਸੋਢੀ)- ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀਆਂ ਨਿਯਮਤ ਸਿਹਤ ਵਿਭਾਗੀ ਡਿਊਟੀਆਂ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਸਬੰਧਿਤ ਕੰਮਾਂ ਲਈ ਡਿਊਟੀਆਂ ਲਗਾਏ ਜਾਣ ਦੇ ਮਾਮਲੇ ਨੂੰ ਲੈ ਕੇ ਪੈਰਾਮੈਡੀਕਲ ਯੂਨੀਅਨ ਪੰਜਾਬ, ਫ਼ਿਰੋਜ਼ਪੁਰ ਇਕਾਈ ਵਲੋਂ ਇਤਰਾਜ਼ ਜਤਾਇਆ ਗਿਆ ਹੈ। ਯੂਨੀਅਨ ਵਲੋਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਦਿਆਂ ਮਾਮਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।
ਫ਼ਿਰੋਜ਼ਪੁਰ, 23 ਸਤੰਬਰ (ਕੁਲਬੀਰ ਸਿੰਘ ਸੋਢੀ)- ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀਆਂ ਨਿਯਮਤ ਸਿਹਤ ਵਿਭਾਗੀ ਡਿਊਟੀਆਂ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਸਬੰਧਿਤ ਕੰਮਾਂ ਲਈ ਡਿਊਟੀਆਂ ਲਗਾਏ ਜਾਣ ਦੇ ਮਾਮਲੇ ਨੂੰ ਲੈ ਕੇ ਪੈਰਾਮੈਡੀਕਲ ਯੂਨੀਅਨ ਪੰਜਾਬ, ਫ਼ਿਰੋਜ਼ਪੁਰ ਇਕਾਈ ਵਲੋਂ ਇਤਰਾਜ਼ ਜਤਾਇਆ ਗਿਆ ਹੈ। ਯੂਨੀਅਨ ਵਲੋਂ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ, ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਦਿਆਂ ਮਾਮਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੰਗ ਪੱਤਰ ਦੀ ਇਕ ਕਾਪੀ ਸਿਵਲ ਸਰਜਨ ਫ਼ਿਰੋਜ਼ਪੁਰ ਨੂੰ ਵੀ ਭੇਜੀ ਗਈ ਹੈ। ਯੂਨੀਅਨ ਆਗੂ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ ’ਤੇ ਬੀਤੀ 21 ਸਤੰਬਰ ਨੂੰ ਦਫ਼ਤਰ ਉਪਮੰਡਲ ਮੈਜਿਸਟਰੇਟ, ਫ਼ਿਰੋਜ਼ਪੁਰ ਵਲੋਂ ਜਾਰੀ ਪੱਤਰ ਰਾਹੀਂ ਫ਼ਿਰੋਜ਼ਪੁਰ ਸ਼ਹਿਰੀ ਖੇਤਰ ਵਿਚ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਨਾਲ ਸਬੰਧਿਤ ਕੰਮ ਲਈ ਮਲਟੀਪਰਪਜ਼ ਹੈਲਥ ਵਰਕਰ (ਮੇਲ) ਦੀਆਂ ਡਿਊਟੀਆਂ ਲਗਾਉਣ ਸਬੰਧੀ ਹਦਾਇਤ ਕੀਤੀ ਗਈ ਹੈ। ਯੂਨੀਅਨ ਨੇ ਇਸ ’ਤੇ ਇਤਰਾਜ਼ ਦਰਜ ਕਰਵਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਫ਼ੀਲਡ ਸਟਾਫ਼ ਨੂੰ ਉਨ੍ਹਾਂ ਦੀਆਂ ਮੁੱਖ ਵਿਭਾਗੀ ਜ਼ਿੰਮੇਵਾਰੀਆਂ ਤੋਂ ਹਟਾ ਕੇ ਹੋਰ ਕੰਮਾਂ ਵਿਚ ਲਗਾਉਣ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਯੂਨੀਅਨ ਆਗੂ ਸਤਨਾਮ ਸਿੰਘ ਅਤੇ ਜਸਵਿੰਦਰ ਸਿੰਘ ਕੌੜਾ ਨੇ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ (ਮੇਲ) ਸਿਹਤ ਵਿਭਾਗ ਦੀਆਂ ਅਹਿਮ ਫ਼ੀਲਡ ਸੇਵਾਵਾਂ ਦਾ ਹਿੱਸਾ ਹਨ। ਉਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਵਿਚ ਮੱਛਰਾਂ ਦੀ ਰੋਕਥਾਮ, ਡੇਂਗੂ ਅਤੇ ਮਲੇਰੀਆ ਵਰਗੀਆਂ ਵੈਕਟਰ-ਬੋਰਨ ਬਿਮਾਰੀਆਂ ਦੀ ਨਿਗਰਾਨੀ, ਘਰ-ਘਰ ਸਰਵੇਖਣ, ਸੈਂਪਲ ਇਕੱਠੇ ਕਰਨਾ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਫ਼ੀਲਡ ਪੱਧਰ ’ਤੇ ਸਰਵੇਖਣ ਅਤੇ ਹੋਰ ਗਤੀਵਿਧੀਆਂ ਲਗਾਤਾਰ ਚੱਲ ਰਹੀਆਂ ਹਨ। ਅਜਿਹੇ ਵਿਚ ਸਿਹਤ ਵਿਭਾਗ ਦੇ ਫ਼ੀਲਡ ਕਰਮਚਾਰੀਆਂ ਦੀਆਂ ਵਾਧੂ ਡਿਊਟੀਆਂ ਲਗਾਉਣ ਨਾਲ ਉਨ੍ਹਾਂ ਦੀਆਂ ਨਿਯਮਤ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਸੂਬਾ ਆਗੂ ਨਰਿੰਦਰ ਸ਼ਰਮਾ ਨੇ ਕਿਹਾ ਕਿ ਰਾਸ਼ਨ ਕਾਰਡ ਵੈਰੀਫਿਕੇਸ਼ਨ ਵਰਗੇ ਕੰਮ ਲਈ ਮਲਟੀਪਰਪਜ਼ ਹੈਲਥ ਵਰਕਰਾਂ ਦੀ ਡਿਊਟੀ ਲਗਾਉਣ ਨਾਲ ਉਨ੍ਹਾਂ ਦੀਆਂ ਮੁੱਖ ਸਿਹਤ ਵਿਭਾਗੀ ਜ਼ਿੰਮੇਵਾਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਨਿਯਮਤ ਸਿਹਤ ਵਿਭਾਗੀ ਡਿਊਟੀਆਂ ਨੂੰ ਪਹਿਲ ਦਿੱਤੀ ਜਾਵੇ ਤੇ ਅਜਿਹੇ ਵਾਧੂ ਕੰਮਾਂ ਤੋਂ ਬਚਾਇਆ ਜਾਵੇ, ਜਿਨ੍ਹਾਂ ਕਾਰਨ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ’ਤੇ ਅਸਰ ਪਵੇ। ਪੈਰਾਮੈਡੀਕਲ ਆਗੂ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 21 ਸਤੰਬਰ ਨੂੰ ਉਪਮੰਡਲ ਮੈਜਿਸਟਰੇਟ, ਫ਼ਿਰੋਜ਼ਪੁਰ ਵਲੋਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਬੰਧੀ ਲਗਾਈਆਂ ਗਈਆਂ ਡਿਊਟੀਆਂ ’ਤੇ ਮੁੜ ਵਿਚਾਰ ਕੀਤਾ ਜਾਵੇ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਨਿਯਮਤ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਣ ਦਾ ਮੌਕਾ ਦਿੱਤਾ ਜਾਵੇ। ਯੂਨੀਅਨ ਆਗੂ ਰਮੇਸ਼ ਕੁਮਾਰ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੱਲਬਾਤ ਰਾਹੀਂ ਜਲਦ ਹੱਲ ਕੀਤਾ ਜਾਵੇ, ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਆਪਣੇ ਹੱਕਾਂ ਤੇ ਸਿਹਤ ਵਿਭਾਗ ਦੀਆਂ ਨਿਯਮਤ ਸੇਵਾਵਾਂ ਦੀ ਰੱਖਿਆ ਲਈ ਰੋਸ ਪ੍ਰਦਰਸ਼ਨ ਤੇ ਧਰਨਾ ਦੇਣ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ। ਇਸ ਮੌਕੇ ਇੰਦਰਜੀਤ ਕੌਰ, ਮਨਜੀਤ ਸਿੰਘ, ਪਰਵੀਰ ਸਿੰਘ, ਰਮਨਦੀਪ ਸਿੰਘ, ਜਸਬੀਰ ਸਿੰਘ, ਪਵਨਦੀਪ ਸਿੰਘ, ਕੁਲਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਮੇਲ ਰਾਮ, ਨਰੇਸ਼ ਕੁਮਾਰ, ਨੀਰਜ ਕੁਮਾਰ, ਰਾਮ ਪ੍ਰਸਾਦ, ਭਾਰਤ ਭੂਸ਼ਣ, ਮਲਕੀਤ ਸਿੰਘ, ਸੰਦੀਪ ਸਿੰਘ, ਮਨੀਸ਼ ਕੁਮਾਰ, ਜਤਿੰਦਰ ਸ਼ਰਮਾ, ਗੀਤਾਂਜਲੀ, ਸਵੇਤਾ, ਮਨਦੀਪ, ਨਛੱਤਰ ਸਿੰਘ, ਹਰਸ਼ਦੀਪ ਸਿੰਘ, ਮਨਪ੍ਰੀਤ ਕੌਰ, ਰੇਖਾ, ਜਸਵਿੰਦਰ, ਤਰਨ, ਕਿਰਨਪ੍ਰੀਤ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਅਰਬੀਰ ਕੌਰ, ਸੁਖਚੈਨ ਕੌਰ, ਪਰਵਿੰਦਰ ਕੌਰ, ਸੰਗੀਤਾ ਪਾਸੀ, ਬਲਵਿੰਦਰ ਕੌਰ, ਨਿਸ਼ਾ, ਰਿਬਕਾ, ਰਾਜਦੀਪ ਕੌਰ ਤੇ ਪਰਮਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।