ਮੱਲਾਂਵਾਲਾ, 30 ਜੁਲਾਈ (ਬਲਬੀਰ ਸਿੰਘ ਜੋਸਨ)-ਮੱਲਾਂਵਾਲਾ ਨੇੜਲੇ ਪਿੰਡ ਝਾਮਕੇ ਕੋਲ ਨਹਿਰ ’ਤੇ ਬਣਿਆ ਪੁਲ ਪਿਛਲੇ ਕਰੀਬ ਕਈ ਸਾਲਾਂ ਤੋਂ ਟੁੱਟਿਆ ਪਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਲੋਕਾਂ ਨੇ ਟੁੱਟੇ ਪੁਲ ਵਾਲੀ ਥਾਂ ’ਤੇ ਇਕੱਠ ਕਰਕੇ ਸਰਕਾਰ ਤੋਂ ਤੁਰੰਤ ਪੁਲ ਦੀ ਉਸਾਰੀ ਸ਼ੁਰੂ ਕਰਨ ਦੀ ਮੰਗ ਕੀਤੀ। ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੁਲ ਟੁੱਟਣ ਕਾਰਨ ਕਿਸਾਨਾਂ ਨੂੰ 10 ਤੋਂ 12 ਕਿੱਲੋਮੀਟਰ ਦਾ ਵਾਧੂ ਚੱਕਰ ਲਗਾਉਣਾ ਪੈਂਦਾ ਹੈ, ਜਦਕਿ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਮੰਗ ਪੱਤਰ ਦੇਣ ਅਤੇ ਪ੍ਰਸ਼ਾਸਨ ਨਾਲ ਮੁਲਾਕਾਤਾਂ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸੇਖੋਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਪੁਲ ਦੀ ਉਸਾਰੀ ਸ਼ੁਰੂ ਨਾ ਕੀਤੀ ਗਈ ਤਾਂ ਮਿਸਲ ਸਤਲੁਜ ਦੀ ਅਗਵਾਈ ਹੇਠ ਵੱਡਾ ਲੋਕ ਸੰਘਰਸ਼, ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਲਾਕਾ ਨਿਵਾਸੀਆਂ ਨੇ ਵੀ ਪੁਲ ਦੀ ਤੁਰੰਤ ਉਸਾਰੀ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਸੰਘਰਸ਼ ਵਿਚ ਮਿਸਲ ਸਤਲੁਜ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ। ਇਸ ਮੌਕੇ ਰੋਮਨ ਬਰਾੜ, ਹਰਪਾਲ ਸਿੰਘ ਮੱਖੂ, ਤਜਿੰਦਰ ਸਿੰਘ ਕੰਗ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।