ਜ਼ੀਰਾ,19 ਜੁਲਾਈ (ਰਜਨੀਸ਼ ਕਥੂਰੀਆ)- ਵਿਧਾਨ ਸਭਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਫਿਰੌਤੀ ਦੇਣ ਲਈ ਗੈਂਗਸਟਰਾਂ ਵੱਲੋਂ ਆਉਂਦੀਆਂ ਕਾਲਾਂ ਦੇ ਕਾਰਨ ਜ਼ੀਰਾ ਇਲਾਕੇ ਸਮੇਤ ਸਮੁੱਚੇ ਪੰਜਾਬ ਦੇ ਕਾਰੋਬਾਰੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਕਾਰੋਬਾਰੀ ਫਿਰੌਤੀ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਨਾ ਦੀਆਂ ਦੁਕਾਨਾਂ ਅਤੇ ਘਰਾਂ ’ਤੇ ਗੋਲੀਬਾਰੀ ਕੀਤੀ ਜਾਂਦੀ ਹੈ। ਜਿਸ ਕਾਰਨ ਕਾਰੋਬਾਰੀ ਵਰਗ ਦੇ ਮਨਾਂ ਵਿਚ ਡਰ ਪਾਇਆ ਜਾ ਰਿਹਾ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਮੱਖੂ ਦੇ ਇਕ ਦੁਕਾਨਦਾਰ ਦਾ ਗੈਂਗਸਟਰਾਂ ਦੇ ਇਸ਼ਾਰੇ ’ਤੇ ਭਾੜੇ ਦੇ ਬਦਮਾਸ਼ਾਂ ਵਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਅਤੇ ਹੁਣ ਜ਼ੀਰਾ ਦੇ ਇਕ ਕੱਪੜਾ ਵਪਾਰੀ ਸੁਰੇਸ਼ ਗਰਗ ਦੇ ਬੇਟੇ ਨੂੰ ਗੈਂਗਸਟਰਾਂ ਵਲੋਂ ਇਕ ਕਰੋੜ ਰੁਪਏ ਫਿਰੌਤੀ ਦੇਣ ਦੀਆਂ ਲਗਾਤਾਰ ਕਾਲਾਂ ਆ ਰਹੀਆਂ ਸਨ ਹਨ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾੜੇ ਦੇ ਬਦਮਾਸ਼ਾਂ ਵਲੋਂ ਉਨਾਂ ਦੀ ਫਰੈਂਡਜ਼ ਇਨਕਲੇਵ ਜ਼ੀਰਾ ਵਿਖੇ ਸਥਿਤ ਕੋਠੀ ਦੇ ਗੇਟ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇਸ ਤੋਂ ਬਾਅਦ ਉਹਨਾਂ ਦੀ ਸੰਘਣੀ ਆਬਾਦੀ ਮੇਨ ਬਾਜ਼ਾਰ ਜ਼ੀਰਾ ਵਿਖੇ ਸਥਿਤ ਕੱਪੜੇ ਦੀ ਦੁਕਾਨ ’ਤੇ ਨਕਾਬਪੋਸ਼ ਬਦਮਾਸ਼ਾਂ ਵਲੋਂ ਦਿਨ-ਦਿਹਾੜੇ ਗੋਲੀ ਚਲਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਗਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਦਮ ਭਰਨ ਵਾਲੀ ਪੁਲਿਸ ਵਲੋਂ ਅਣਪਛਾਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਕੇਵਲ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਜ਼ੀਰਾ ਵਿਖੇ ਵਾਪਰੀ ਉਕਤ ਘਟਨਾ ਦੇ ਕਾਰਨ ਵਪਾਰੀ ਵਰਗ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਹੈ। ਕੁਲਬੀਰ ਸਿੰਘ ਜ਼ੀਰਾ ਨੇ ਐਸ.ਐਸ.ਪੀ.ਫਿਰੋਜ਼ਪੁਰ ਪਾਸੋਂ ਕੱਪੜਾ ਵਪਾਰੀ ਸੁਰੇਸ਼ ਗਰਗ ਦੀ ਦੁਕਾਨ ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।