ਭਾਜਪਾ ਆਗੂ ਦੀਪਕ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ
ਗੁਰੂਹਰਸਹਾਏ, 7 ਨਵੰਬਰ (ਕਪਿਲ ਕੰਧਾਰੀ)-ਦੀਵਾਲੀ ਦਾ ਤਿਉਹਾਰ ਰੌਸ਼ਨੀ, ਖ਼ੁਸ਼ੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਪਵਿੱਤਰ ਤਿਉਹਾਰ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਦੀ ਸੰਭਾਲ ਨੂੰ ਧਿਆਨ ਵਿਚ ਰੱਖਦਿਆਂ ਮਨਾਉਣ ਦੀ ਅਪੀਲ ਕਰਦਿਆਂ ਭਾਜਪਾ ਆਗੂ ਦੀਪਕ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।
ਗੁਰੂਹਰਸਹਾਏ, 7 ਨਵੰਬਰ (ਕਪਿਲ ਕੰਧਾਰੀ)-ਦੀਵਾਲੀ ਦਾ ਤਿਉਹਾਰ ਰੌਸ਼ਨੀ, ਖ਼ੁਸ਼ੀਆਂ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਪਵਿੱਤਰ ਤਿਉਹਾਰ ਨੂੰ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤ ਦੀ ਸੰਭਾਲ ਨੂੰ ਧਿਆਨ ਵਿਚ ਰੱਖਦਿਆਂ ਮਨਾਉਣ ਦੀ ਅਪੀਲ ਕਰਦਿਆਂ ਭਾਜਪਾ ਆਗੂ ਦੀਪਕ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਧ ਰਿਹਾ ਹਵਾ ਪ੍ਰਦੂਸ਼ਣ ਅਤੇ ਦੂਸ਼ਿਤ ਹੁੰਦਾ ਵਾਤਾਵਰਨ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਾਸ ਕਰਕੇ ਤਿਉਹਾਰਾਂ ਦੇ ਦਿਨਾਂ ਦੌਰਾਨ ਪਟਾਕਿਆਂ ਕਾਰਨ ਹਵਾ ਅਤੇ ਧੁਨੀ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ, ਜਿਸ ਦਾ ਅਸਰ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਸਮੇਤ ਸਮੁੱਚੇ ਸਮਾਜ ਉੱਤੇ ਪੈਂਦਾ ਹੈ। ਇਸ ਲਈ ਸਾਨੂੰ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾਉਂਦੇ ਸਮੇਂ ਵਾਤਾਵਰਨ ਅਤੇ ਮਨੁੱਖੀ ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਦੀਵਾਲੀ ਨੂੰ ਸਿਰਫ਼ ਪਟਾਕਿਆਂ ਅਤੇ ਧੂੰਏਂ ਨਾਲ ਮਨਾਉਣ ਦੀ ਬਜਾਏ ਦੀਵੇ ਜਗਾ ਕੇ, ਘਰਾਂ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ ਅਤੇ ਲੋੜਵੰਦਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ। ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਸ਼ੁੱਧ ਹਵਾ, ਛਾਂ ਅਤੇ ਸਿਹਤਮੰਦ ਵਾਤਾਵਰਨ ਪ੍ਰਦਾਨ ਕਰਦੇ ਹਨ। ਜੇਕਰ ਹਰ ਵਿਅਕਤੀ ਕਿਸੇ ਵੀ ਖ਼ਾਸ ਮੌਕੇ ’ਤੇ ਇਕ ਪੌਦਾ ਲਗਾਉਣ ਅਤੇ ਉਸ ਨੂੰ ਪਾਲਣ ਦਾ ਸੰਕਲਪ ਲਵੇ ਤਾਂ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ। ਅੰਤ ਵਿਚ ਉਨ੍ਹਾਂ ਜਿੱਥੇ ਸਮੂਹ ਇਲਾਕਾ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਉੱਥੇ ਹੀ ਅਪੀਲ ਕੀਤੀ ਕਿ ਇਸ ਦੀਵਾਲੀ ਮੌਕੇ ਪ੍ਰਦੂਸ਼ਣ ਰਹਿਤ, ਸੁਰੱਖਿਅਤ ਅਤੇ ਵਾਤਾਵਰਨ ਪੱਖੀ ਤਰੀਕੇ ਨਾਲ ਤਿਉਹਾਰ ਮਨਾਉਣ ਦਾ ਪ੍ਰਣ ਲੈਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਮਿਲ ਸਕੇ।