ਫ਼ਿਰੋਜ਼ਪੁਰ, 18 ਜੁਲਾਈ (ਸੁਖਵਿੰਦਰ ਸਿੰਘ)-ਕਾਂਗਰਸ ਪਾਰਟੀ ਨੇ ਨਗਰ ਕੌਂਸਲ ਚੋਣਾਂ ਤੋਂ ਬਾਅਦ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਦੋਸ਼ਾਂ ਹੇਠ ਵਾਰਡ ਨੰਬਰ 31 ਦੀ ਮੌਜੂਦਾ ਕੌਂਸਲਰ ਸ਼੍ਰੀਮਤੀ ਪ੍ਰੇਮ ਰਾਣੀ ਅਤੇ ਕਪਿਲ ਕੁਮਾਰ ਉਰਫ਼ ਮੋਂਟੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਕਪਿਲ ਕੁਮਾਰ ਮੋਂਟੀ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਦਿੱਤੀ ਗਈ ਸੀ ਅਤੇ ਉਸ ਨੇ ਕਾਂਗਰਸ ਦੇ ਚੋਣ ਨਿਸ਼ਾਨ ’ਤੇ ਚੋਣ ਲੜੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਿਚ ਨਾ ਹੋਣ ਦੇ ਬਾਵਜੂਦ ਹਲਕੇ ਵਿਚ ਕਰਵਾਏ ਵਿਕਾਸ ਕਾਰਜਾਂ ਦੇ ਆਧਾਰ ’ਤੇ ਲੋਕਾਂ ਨੇ ਕਾਂਗਰਸ ਨੂੰ ਭਰਪੂਰ ਸਮਰਥਨ ਦਿੱਤਾ। ਨਗਰ ਕੌਂਸਲ ਵਿਚ ਕਾਂਗਰਸ ਨੂੰ ਬਹੁਮਤ ਮਿਲਿਆ। ਜਿਸ ਕਾਰਨ ਕਾਂਗਰਸ ਦਾ ਪ੍ਰਧਾਨ ਬਣਨਾ ਤੈਅ ਸੀ। ਅਟਾਰੀ ਨੇ ਦੋਸ਼ ਲਗਾਇਆ ਕਿ ਇਸ ਦੇ ਬਾਵਜੂਦ ਕਪਿਲ ਕੁਮਾਰ ਮੋਂਟੀ ਵਿਰੋਧੀ ਪਾਰਟੀਆਂ ਦੇ ਪ੍ਰਭਾਵ ਹੇਠ ਆ ਕੇ ਕਾਂਗਰਸ ਪਾਰਟੀ ਖ਼ਿਲਾਫ਼ ਖੁੱਲ੍ਹ ਕੇ ਬੋਲਦਾ ਰਿਹਾ ਅਤੇ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਵਾਲੇ ਦਿਨ ਵੀ ਮੋਂਟੀ ਕਾਂਗਰਸ ਕੌਂਸਲਰਾਂ ਨਾਲ ਆਉਣ ਦੀ ਬਜਾਏ ਭਾਜਪਾ ਦੇ ਕੌਂਸਲਰਾਂ ਨਾਲ ਕੌਂਸਲ ਵਿਚ ਪਹੁੰਚਿਆ ਅਤੇ ਪਾਰਟੀ ਦਾ ਸਿੱਧਾ ਵਿਰੋਧ ਕੀਤਾ। ਬਲਾਕ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਤੇ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਰੱਖਣ ਦੇ ਮਕਸਦ ਨਾਲ ਸ਼੍ਰੀਮਤੀ ਪ੍ਰੇਮ ਰਾਣੀ ਅਤੇ ਕਪਿਲ ਕੁਮਾਰ ਉਰਫ਼ ਮੋਂਟੀ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਖਾਰਜ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅਨੁਸ਼ਾਸਨ ਸਮਝੌਤਾ ਨਹੀ ਕੀਤਾ ਜਾਵੇਗਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਕਿਸੇ ਵੀ ਵਿਅਕਤੀ ਖ਼ਿਲਾਫ਼ ਭਵਿੱਖ ਵਿਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੁਖਵਿੰਦਰ ਸਿੰਘ ਅਟਾਰੀ ਨੇ ਦੱਸਿਆ ਹੈ ਕਿ ਇਸ ਸਬੰਧੀ ਪੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਵੀ ਜਾਰੀ ਕੀਤਾ ਗਿਆ।