ਮੱਲਾਂਵਾਲਾ, 17 ਜੁਲਾਈ (ਬਲਬੀਰ ਸਿੰਘ ਜੋਸਨ)-ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 18 ਜੁਲਾਈ ਨੂੰ ਮੱਲਾਂਵਾਲਾ ਵਿਖੇ ਵਿਸ਼ਾਲ ਮਸ਼ਾਲ ਮਾਰਚ ਕੱਢਿਆ ਜਾਵੇਗਾ। ਇਸ ਸੰਬੰਧੀ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ, ਮੱਲਾਂਵਾਲਾ ਵਿਖੇ ਸਮੂਹ ਪੰਥਕ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮਾਰਚ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਇਹ ਮਸ਼ਾਲ ਮਾਰਚ 18 ਜੁਲਾਈ (ਸਨਿਚਰਵਾਰ) ਸ਼ਾਮ ਸਾਢੇ ਪੰਜ ਵਜੇ ਗੁਰਦੁਆਰਾ ਵਿਸ਼ਵਕਰਮਾ ਸਿੰਘ ਸਭਾ ਤੋਂ ਆਰੰਭ ਹੋ ਕੇ ਮੱਲਾਂਵਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੰਘੇਗਾ। ਪੰਥਕ ਰਵਾਇਤ ਅਨੁਸਾਰ ਪੰਜ ਪਿਆਰੇ ਇਸ ਮਾਰਚ ਦੀ ਅਗਵਾਈ ਕਰਨਗੇ। ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਮਸ਼ਾਲ ਮਾਰਚ ਨੂੰ ਕਾਮਯਾਬ ਬਣਾਉਣ। ਇਸ ਮੌਕੇ ਮਿਸਲ ਸਤਲੁਜ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਵਾਰਸ ਪੰਜਾਬ ਦੇ, ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ, ਇੰਟਰਨੈਸ਼ਨਲ ਪੰਥਕ ਦਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਮੇਤ ਵੱਖ-ਵੱਖ ਪੰਥਕ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਵਿਚ ਹਾਜ਼ਰੀ ਭਰੀ ਅਤੇ ਮਾਰਚ ਨੂੰ ਸਫਲ ਬਣਾਉਣ ਦਾ ਅਹਿਦ ਪ੍ਰਗਟਾਇਆ।