ਮੱਖੂ, 17 ਜੁਲਾਈ (ਵਰਿੰਦਰ ਮਨਚੰਦਾ)-ਨੌਜਵਾਨ ਕਿਸੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਤਰੱਕੀ ਉਸ ਦੇਸ਼ ਦੇ ਨੌਜਵਾਨਾਂ ’ਤੇ ਹੀ ਨਿਰਭਰ ਕਰਦੀ ਹੈ। ਦੁਨੀਆ ਦੇ ਸਾਰੇ ਵਿਕਸਿਤ ਦੇਸ਼ਾਂ ਦੇ ਵਿਕਾਸ ਦੇ ਚੱਕਰ ਅਤੇ ਝਾਤ ਮਾਰਨ ’ਤੇ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਤਰੱਕੀ ਵਿਚ ਸਭ ਤੋਂ ਵੱਧ ਯੋਗਦਾਨ ਉਸ ਦੇਸ਼ ਦੇ ਨੌਜਵਾਨ ਵਰਗ ਦਾ ਹੈ। ਇਹ ਪ੍ਰਗਟਾਵਾ ਮਨਜਿੰਦਰ ਸਿੰਘ ਮਿੰਟੂ ਗੋਲਡਨ ਐਜੂਕੇਸ਼ਨ ਮੱਖੂ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਚਾਹੁਣ ਤਾਂ ਦੇਸ਼ ਨੂੰ ਵਿਕਾਸ ਦੀ ਬੁਲੰਦੀਆਂ ’ਤੇ ਪਹੁੰਚਾ ਦੇਣ, ਪਰ ਅਜੋਕੇ ਸਮੇਂ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਅਸਲੀ ਮਕਸਦ ਤੋਂ ਭਟਕਦੀ ਨਜ਼ਰ ਆ ਰਹੀ ਹੈ। ਪੜ੍ਹ-ਲਿਖ ਕੇ ਕੁੱਝ ਬਣਨ ਦੀ ਇੱਛਾ ਉਨ੍ਹਾਂ ਨੌਜਵਾਨਾਂ ਵਿਚ ਹੀ ਹੈ, ਜੋ ਆਪਣੇ ਮਾਪਿਆਂ ਦਾ ਬੁਢਾਪੇ ’ਚ ਸਹਾਰਾ ਬਣਨ ਅਤੇ ਵਿਕਸਿਤ ਦੇਸ਼ ਲਈ ਸੰਜੀਦਾ ਹਨ। ਉਨ੍ਹਾਂ ਕਿਹ ਕਿ ਨਸ਼ਿਆਂ ਦੇ ਮੱਕੜ-ਜਾਲ ਵਿਚ ਨਾ ਫਸੇ ਅਤੇ ਇਕ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਹੰਭਲਾ ਮਾਰੇ। ਪੁਰਾਣੀ ਪੀੜ੍ਹੀ ਅਤੇ ਗੁਰੂਆਂ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਆਪਣੇ ਹੌਸਲੇ, ਜੋਸ਼ ਅਤੇ ਗਿਆਨ ਨਾਲ ਦੇਸ਼ ਨੂੰ ਤਰੱਕੀ ਦੀਆਂ ਉਚਾਈਆਂ ’ਤੇ ਲੈ ਜਾਵੇ ਅਤੇ ਦੇਸ਼ ਦੀ ਤਰੱਕੀ ’ਤੇ ਲੱਗੇ ਤਾਲੇ ਨੂੰ ਆਪਣੇ ਮਿਹਨਤ ਅਤੇ ਪਸੀਨੇ ਦੀ ਚਾਬੀ ਨਾਲ ਖ਼ੋਲ੍ਹ ਦੇਵੇ।