ਫ਼ਿਰੋਜ਼ਪੁਰ,17 ਜੁਲਾਈ (ਸੁਖਵਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਪੰਜਾਬ ਰਾਜ ਲਈ ਪਹਿਲਾਂ ਜਾਰੀ ਕੀਤੇ ਵਿਸ਼ੇਸ਼ ਗਹਿਰੀ ਸੁਧਾਈ ਦੇ ਸ਼ਡਿਊਲ ਵਿਚ ਤਬਦੀਲੀ ਕਰਨ ਉਪਰੰਤ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸੋਧੇ ਸ਼ਡਿਊਲ ਅਨੁਸਾਰ ਮਿਤੀ 24 ਜੁਲਾਈ ਤੱਕ ਚੱਲਣ ਵਾਲਾ ਐਨਿਊਮਰੇਸ਼ਨ ਫੇਜ਼ ਹੁਣ 3 ਅਗਸਤ ਤੱਕ ਚੱਲੇਗਾ, ਵੋਟਰ ਸੂਚੀ ਦੀ 3 ਅਗਸਤ ਨੂੰ ਹੋਣ ਵਾਲੀ ਡਰਾਫਟ ਪਬਲੀਕੇਸ਼ਨ ਹੁਣ 13 ਅਗਸਤ ਨੂੰ, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਹੁਣ 13 ਅਗਸਤ ਤੋਂ 12 ਸਤੰਬਰ ਤੱਕ ਅਤੇ ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਮਿਤੀ ਹੁਣ 13 ਅਗਸਤ ਤੋਂ 8 ਅਕਤੂਬਰ ਤੱਕ ਹੋਵੇਗੀ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ / ਰੀਅਰੇਂਜਮੈਂਟ ਦੀ ਪ੍ਰਕਿਰਿਆ ਹੁਣ 3 ਅਗਸਤ ਤੱਕ ਮੁਕੰਮਲ ਕੀਤੀ ਜਾਵੇਗੀ ਅਤੇ ਵੋਟਰ ਸੂਚੀ ਦੀ ਫਾਈਨਲ ਪਬਲੀਕੇਸ਼ਨ ਜੋ ਕਿ ਪਹਿਲਾਂ 1 ਅਕਤੂਬਰ ਨੂੰ ਕੀਤੀ ਜਾਣੀ ਸੀਹੁਣ 12 ਅਕਤੂਬਰ ਨੂੰ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੋਟਰਾਂ/ਨਾਗਰਿਕਾਂ ਵੱਲੋਂ ਐਸ.ਆਈ.ਆਰ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਵਿਧਾਨ ਸਭਾ ਹਲਕਾ ਪੱਧਰ ’ਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਜਾਂ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਗਠਿਤ ਹੈਲਪ ਡੈਸਕ ਅਤੇ ਸ਼ਿਕਾਇਤ ਲਈ ਸ਼ਿਕਾਇਤ ਨਿਵਾਰਨ ਸੈੱਲ ਵਿਚ ਨਿੱਜੀ ਤੌਰ ’ਤੇ ਦਫ਼ਤਰੀ ਸਮੇਂ ਦੌਰਾਨ ਪਹੁੰਚ ਕੀਤੀ ਜਾ ਸਕਦੀ ਹੈ ਜਾਂ ਟੋਲ ਫ੍ਰੀ ਨੰਬਰ 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।