ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)-ਸਥਾਨਕ ਸਰਕਾਰ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਮੁਹਿੰਮ ਤਹਿਤ ਪੰਜਾਬ ਦੇ ਸਮੂਹ ਸ਼ਹਿਰਾਂ ਵਿਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਆਪਣੇ ਆਪਣੇ ਸ਼ਹਿਰਾਂ ਅੰਦਰ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਸਫ਼ਾਈ ਸਬੰਧੀ ਅਤੇ ਹੋਰ ਵੱਖ-ਵੱਖ ਪਹਿਲੂਆਂ ’ਤੇ ਜਾਂਚ ਵਿਜ਼ਟ ਕਰਨਗੇ। ਇਸ ਦੇ ਚੱਲਦੇ ਹੀ ਫ਼ਿਰੋਜ਼ਪੁਰ ਜ਼ਿਲ੍ਹਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ.ਅਮਨਦੀਪ ਕੌਰ ਵਲੋਂ ਅੱਜ ਅਚਨਚੇਤ ਨਗਰ ਕੌਂਸਲ ਫ਼ਿਰੋਜ਼ਪੁਰ ਅਤੇ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਜਾਂਚ ਵਿਜ਼ਟ ਕੀਤੀ ਗਈ। ਇਸ ਮੌਕੇ ’ਤੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ ਅਤੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਮੌਕੇ ’ਤੇ ਦੱਸਿਆ ਗਿਆ ਕਿ ਸਥਾਨਕ ਸਰਕਾਰ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਸਫ਼ਾਈ ਦੇ ਕੰਮ ਨੂੰ ਵਿਸ਼ੇਸ਼ ਪਹਿਲ ਦਿੱਤੀ ਜਾ ਰਹੀ ਹੈ। ਜਿਸ ਦੇ ਚੱਲਦੇ ਹੋਏ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਫ਼ਿਰੋਜ਼ਪੁਰ ਡਾਕਟਰ ਅਮਨਦੀਪ ਕੌਰ ਵੱਲੋਂ ਸਵੇਰੇ 7 ਵਜੇ ਦੇ ਕਰੀਬ ਫ਼ਿਰੋਜ਼ਪੁਰ ਦੇ ਮਾਲ ਰੋਡ ਅਤੇ ਨੇੜੇ ਅਗਰਸੈਨ ਚੌਂਕ ਸੋਲਿਡ ਵੈਸਟ ਮੈਨੇਜਮੈਂਟ ਪਲਾਂਟ ਅਤੇ ਐੱਮ.ਸੀ ਪਾਰਕ ਦਾ ਦੌਰਾ ਕੀਤਾ ਗਿਆ। ਇਸ ਤਹਿਤ ਉਨ੍ਹਾਂ ਨੇ ਸਵੀਪਿੰਗ, ਡੋਰ ਟੂ ਡੋਰ ਕਲੈਕਸ਼ਨ, ਸੈਗਰੀਗੇਸ਼ਨ, ਗਿੱਲੇ ਕਚਰੇ ਤੋਂ ਖਾਦ ਤਿਆਰ ਕਰਨਾ ਸੁੱਕੇ ਕਚਰੇ ਨੂੰ ਰੀਸਾਈਕਲਿੰਗ ਕਰਨਾ, ਐੱਮ.ਆਰ.ਐੱਫ ਬੇਲਿੰਗ ਮਸ਼ੀਨ ਹਾਰਟੀਕਲਚਰ, ਵੈਟ ਵੈਸਟ ਸ਼ਰੈਡਰ ਫਟਕਾ ਮਸ਼ੀਨ ਆਦਿ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਇਸ ਸਬੰਧੀ ਇਨ੍ਹਾਂ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਪਾਰਕ ਵਿਖੇ ਵਿਜ਼ਟ ਤੋਂ ਬਾਅਦ ਉਨ੍ਹਾਂ ਨੇ ਇਸ ਪਾਰਕ ਨੂੰ ਹੋਰ ਵਧੇਰੇ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਉਪਰੰਤ ਏ.ਡੀ.ਸੀ ਡਾ.ਅਮਨਦੀਪ ਕੌਰ ਵਲੋਂ ਨਗਰ ਕੌਂਸਲ ਤਲਵੰਡੀ ਭਾਈ ਵਿਖੇ ਵਿਜ਼ਟ ਕੀਤੀ ਤਲਵੰਡੀ ਭਾਈ ਸ਼ਹਿਰ ਦੇ ਵੱਖ-ਵੱਖ ਏਰੀਆ ਅੰਦਰ ਸਫ਼ਾਈ, ਸੀਵਰੇਜ, ਸੜਕਾਂ, ਗਲੀਆਂ ਆਦਿ ਦੇ ਕੰਮਾਂ ਦੀ ਜਾਂਚ ਕੀਤੀ ਅਤੇ ਤਲਵੰਡੀ ਭਾਈ ਦੇ ਸੋਲਿਡ ਵੈਸਟ ਮੈਨੇਜਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਪਲਾਂਟ ਦੇ ਦੌਰੇ ਕਰਦੇ ਹੋਏ ਨਗਰ ਕੌਂਸਲ ਤਲਵੰਡੀ ਭਾਈ ਦੇ ਸਬੰਧਿਤ ਅਧਿਕਾਰੀਆਂ ਦੀ ਪ੍ਰਸੰਸਾ ਵੀ ਕੀਤੀ ਕਿਉਂ ਜੋ ਤਲਵੰਡੀ ਭਾਈ ਦੇ ਸੋਲਿਡ ਵੈਸਟ ਮੈਨੇਜਮੈਂਟ ਪਲਾਂਟ ਅੰਦਰ ਬਹੁਤ ਵਧੀਆ ਤਰੀਕੇ ਨਾਲ ਗਾਰਬੇਜ਼ ਦੀ ਮੈਨੇਜਮੈਂਟ ਦੇ ਪ੍ਰਬੰਧ ਕੀਤੇ ਜਾ ਰਹੇ ਸਨ। ਉਨ੍ਹਾਂ ਨੇ ਤਲਵੰਡੀ ਭਾਈ ਦੇ ਇਸ ਕੰਮ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਤਲਵੰਡੀ ਭਾਈ ਸ਼ਹਿਰ ਦੇ ਲਗਭਗ ਰੋਜ਼ਾਨਾ 5 ਟਨ ਕਚਰੇ ਨੂੰ ਇੱਕੋ ਛੱਤ ਥੱਲੇ ਇੱਕੋ ਸਮੇਂ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗਿੱਲੇ ਕਚਰੇ ਤੋਂ ਖਾਦ ਅਤੇ ਰੀਸਾਈਕਲਿੰਗ ਮੈਟੀਰੀਅਲ ਤੋਂ ਇਲਾਵਾ ਸੋਲਿਡ ਵੈਸਟ ਮੈਨੇਜਮੈਂਟ ਸਬੰਧੀ ਮਸ਼ੀਨਰੀ ਨੂੰ ਵੀ ਜਾਂਚਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਜਗਦੀਸ਼ ਗਰਗ, ਸੁਪਰਡੈਂਟ ਸੈਨੀਟੇਸ਼ਨ ਸੁਖਪਾਲ ਸਿੰਘ, ਸੈਨਟਰੀ ਇੰਸਪੈਕਟਰ ਰੁਸਤਮ ਸੋਢੀ, ਸੁਰੇਸ਼ ਕੁਮਾਰ ਪ੍ਰੋਗਰਾਮ ਕੋਆਰਡੀਨੇਟਰ, ਸਿਮਰਨਜੀਤ ਸਿੰਘ, ਗੁਰਦੇਵ ਸਿੰਘ, ਬਲਰਾਜ ਸਿੰਘ ਤੋਂ ਇਲਾਵਾ ਦੋਵਾਂ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।