ਫ਼ਿਰੋਜ਼ਪੁਰ, 30 ਮਾਰਚ(ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਬੀਤੇ ਦਿਨ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਦੇਵ ਸਮਾਜ ਕਾਲਜ ਫ਼ਾਰ ਵਿਮਨ ਦੀ ਟੀਮ ਨੂੰ 'ਰੈਸਲਿੰਗ (ਕੁਸ਼ਤੀ) ਦੀ ਓਵਰ ਆਲ ਚੈਂਪੀਅਨਸ਼ਿਪ' ਟਰਾਫੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟੋਰੇਟ ਆਫ਼ ਸਪੋਰਟਸ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਹੈਨੀ ਕੁਮਾਰੀ ਨੂੰ 'ਆਲ ਇੰਡੀਆ ਇੰਟਰ-ਯੂਨੀਵਰਸਿਟੀ' ਵਿਚ 50 ਕਿੱਲੋ ਭਾਰ ਵਰਗ ਵਿਚ ਗੋਲਡ ਮੈਡਲ ਜਿੱਤਣ 'ਤੇ 28 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਸਨਮਾਨਿਆ ਗਿਆ ਅਤੇ ਨਾਲ ਹੀ ਤਨੂ ਸ਼ਰਮਾ ਜਿਸ ਨੇ 72 ਕਿੱਲੋ ਭਾਰ ਵਰਗ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ, ਨੂੰ 20 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਕਾਲਜ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਦੋਵਾਂ ਖਿਡਾਰਨਾਂ ਨੂੰ 'ਖੇਲੋਂ੍ਹ ਇੰਡੀਆ' ਲਈ ਚੁਣਿਆ ਗਿਆ | ਇਸ ਦੇ ਨਾਲ ਹੀ ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ, ਵੇਦ ਪ੍ਰਕਾਸ਼ ਸ਼ਰਮਾ ਸਹਾਇਕ ਪ੍ਰੋਫ਼ੈਸਰ ਅਤੇ ਡਾ. ਕੁਲਬੀਰ ਸਿੰਘ, ਸਹਾਇਕ ਪ੍ਰੋਫ਼ੈਸਰ ਆਦਿ ਨੂੰ 'ਸਪੋਰਟਸ ਪ੍ਰਮੋਸ਼ਨ' ਐਵਾਰਡ ਨਾਲ ਨਿਵਾਜਿਆ ਗਿਆ ਅਤੇ ਡਾ. ਸੰਗੀਤਾ ਨੂੰ ਪੰਜਾਬ ਯੂਨੀਵਰਸਿਟੀ ਸਪੋਰਟਸ ਕੌਂਸਲ, ਚੰਡੀਗੜ੍ਹ ਦੀ ਐਗਜੀਕਿਉਟਿਵ ਬਾਡੀ ਦਾ ਮੈਂਬਰ ਅਤੇ ਡਾ. ਕੁਲਬੀਰ ਸਿੰਘ ਨੂੰ ਜਨਰਲ ਬਾਡੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਪਲਵਿੰਦਰ ਸਿੰਘ, ਵੇਦ ਪ੍ਰਕਾਸ਼ ਸ਼ਰਮਾ ਅਤੇ ਡਾ. ਕੁਲਬੀਰ ਸਿੰਘ, ਸਹਾਇਕ ਪ੍ਰੋਫ਼ੈਸਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਨਾਲ ਵਿਦਿਆਰਥਣਾਂ ਵਿਚ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਭਵਿੱਖ ਵਿਚ ਹੋਰ ਵੱਡੀਆਂ ਕਾਮਯਾਬੀਆਂ ਹਾਸਿਲ ਕਰਨ ਲਈ ਪ੍ਰੇਰਿਤ ਹੁੰਦੀਆਂ ਹਨ | ਉਨ੍ਹਾਂ ਨੇ ਟੀਮ ਦੀ ਮਿਹਨਤ, ਲਗਨ ਅਤੇ ਜਜ਼ਬੇ ਦੀ ਖ਼ੂਬ ਸਰਾਹਨਾ ਕੀਤੀ | ਕਾਲਜ ਦੇ ਅਧਿਆਪਕਾਂ ਨੇ ਵੀ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਪ੍ਰਾਪਤੀ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ |