ਮੱਖੂ, 30 ਮਾਰਚ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਖਸਖਸ ਦੀ ਖੇਤੀ ਨੂੰ ਸੂਬੇ ਵਿਚ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਵੱਧ ਆਮਦਨੀ ਮਿਲ ਸਕਦੀ ਹੈ ਅਤੇ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਇਹ ਇਕ ਲਾਭਕਾਰੀ ਬਦਲ ਸਾਬਤ ਹੋ ਸਕਦੀ ਹੈ | ਇਸ ਦੇ ਨਾਲ ਹੀ ਖੇਤੀਬਾੜੀ ਵਿਚ ਵਿਭਿੰਨਤਾ ਆਉਣ ਨਾਲ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਸੁਧਾਰ ਹੋ ਸਕਦਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਨਸ਼ਿਆਂ, ਖ਼ਾਸ ਕਰਕੇ ਚਿੱਟੇ ਅਤੇ ਹੈਰੋਇਨ ਦੀ ਲਤ ਦਾ ਸ਼ਿਕਾਰ ਹੋ ਰਹੀ ਹੈ ਅਤੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਰਹੀ ਹੈ | ਉਸ ਲਈ ਸਰਕਾਰ ਇਕ ਬਦਲ ਵਜੋਂ ਪੋਸਤ ਅਤੇ ਅਫ਼ੀਮ ਦੇ ਕਾਨੂੰਨੀ ਠੇਕੇ ਖੋਲ੍ਹ ਸਕਦੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਰਾਜਾਂ ਵਿਚ ਇਹ ਠੇਕੇ ਮੌਜੂਦ ਹਨ, ਉੱਥੇ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਕਾਫ਼ੀ ਘੱਟ ਹੈ ਅਤੇ ਲੋਕ ਨਿਯੰਤਰਿਤ ਪ੍ਰਣਾਲੀ ਦੇ ਅਧੀਨ ਰਹਿੰਦੇ ਹਨ | ਫੁਰਮਾਨ ਸਿੰਘ ਸੰਧੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਇਸ ਮੰਗ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇੇ | ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰ, ਕਿਸਾਨ ਸੰਗਠਨਾਂ ਅਤੇ ਵਿਦਵਾਨਾਂ ਨੂੰ ਇਕੱਠੇ ਬੈਠ ਕੇ ਇਸ ਮਾਮਲੇ 'ਤੇ ਵਿਚਾਰ ਕਰਨਾ ਚਾਹੀਦਾ ਹੈ | ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਸਭਰਾ ਸੂਬਾ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਗੈਰੀ ਬੰਡਾਲਾ ਸੂਬਾ ਮੀਡੀਆ ਇੰਚਾਰਜ, ਕਮਲਜੀਤ ਸਿੰਘ ਮਰਹਾਣਾ ਮੀਤ ਪ੍ਰਧਾਨ ਬਲਾਕ ਮੱਖੂ, ਸੁਖਚੈਨ ਸਿੰਘ ਇਕਾਈ ਆਗੂ ਮਰਹਾਣਾ ਆਦਿ ਵੀ ਹਾਜ਼ਰ ਸਨ |