ਗੁਰੂਹਰਸਹਾਏ, 21 ਜਨਵਰੀ (ਕਪਿਲ ਕੰਧਾਰੀ)-ਸ਼੍ਰੀ ਗੰਗਾਨਗਰ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੀ ਰੇਲਵੇ ਪੈਸੰਜਰ ਸੰਮਤੀ ਵਲੋਂ ਸ਼੍ਰੀ ਗੰਗਾਨਗਰ ਤੋਂ ਕਟੜਾ ਤੱਕ ਸਿੱਧੀ ਟਰੇਨ ਚਲਾਉਣ ਦੀ ਮੰਗ ਰੱਖੀ ਹੈ | ਜਾਣਕਾਰੀ ਦਿੰਦੇ ਹੋਏ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਦੇ ਆਗੂ ਅਤੇ ਜ਼ੋਨ ਦੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਮੱਕੜ ਨੇ ਦੱਸਿਆ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼੍ਰੀ ਗੰਗਾਨਗਰ, ਅਬੋਹਰ, ਫ਼ਾਜ਼ਿਲਕਾ ਜਲਾਲਾਬਾਦ, ਗੁਰੂਹਰਸਹਾਏ, ਫ਼ਿਰੋਜ਼ਪੁਰ ਆਦਿ ਨੇੜਲੇ ਇਲਾਕਿਆਂ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ | ਪਰ ਸਿੱਧੀ ਟਰੇਨ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ | ਚਰਨਜੀਤ ਮੱਕੜ ਨੇ ਦੱਸਿਆ ਕਿ ਇਸ ਸਮੇਂ ਯਾਤਰੀਆਂ ਨੂੰ ਜੰਮੂ ਜਾਂ ਕਟੜਾ ਪਹੁੰਚਣ ਲਈ ਵੱਖ-ਵੱਖ ਸਟੇਸ਼ਨਾਂ ਤੋਂ ਬਦਲਣੀ ਪੈਂਦੀ ਹੈ | ਜਿਸ ਨਾਲ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ ਉੱਥੇ ਹੀ ਪੈਸਾ ਅਤੇ ਸਹੂਲਤਾਂ ਤਿੰਨਾਂ ਦੀ ਘਾਟ ਹੁੰਦੀ ਹੈ ਅਤੇ ਖ਼ਾਸ ਕਰਕੇ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਲਈ ਇਹ ਯਾਤਰਾ ਕਾਫ਼ੀ ਥਕਾਵਟ ਭਰੀ ਸਾਬਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸ਼੍ਰੀ ਗੰਗਾਨਗਰ ਇਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੈ ਅਤੇ ਇੱਥੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਨੇੜਲੇ ਖੇਤਰਾਂ ਦੇ ਯਾਤਰੀ ਸਫ਼ਰ ਕਰਦੇ ਹਨ ਅਤੇ ਜੇਕਰ ਸ਼੍ਰੀ ਗੰਗਾਨਗਰ ਤੋਂ ਕਟੜਾ ਲਈ ਸਿੱਧੀ ਟਰੇਨ ਚੱਲਦੀ ਹੈ ਤਾਂ ਨਾ ਸਿਰਫ਼ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ ਸਗੋਂ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਅਬੋਹਰ ਦੇ ਵਸਨੀਕਾਂ ਵਲੋਂ ਵੀ ਇਸ ਟਰੇਨ ਨੂੰ ਚਲਾਉਣ ਲਈ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੰੂ ਇਕ ਮੰਗ ਪੱਤਰ ਦਿੱਤਾ ਸੀ | ਉੱਥੇ ਹੀ ਉਹ ਵੀ ਜਲਦ ਇਸ ਟਰੇਨ ਨੂੰ ਚਲਾਉਣ ਲਈ ਇਕ ਮੰਗ ਪੱਤਰ ਡੀ.ਆਰ.ਐਮ ਫ਼ਿਰੋਜ਼ਪੁਰ ਨੂੰ ਦੇਣਗੇ |