ਮੁੱਦਕੀ, 20 ਜਨਵਰੀ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਿਸਾਨ ਆਗੂਆਂ ਦੀ ਕਰਵਾ ਰਹੀਆਂ ਗ਼ੈਰ ਸੰਵਿਧਾਨਕ ਗਿ੍ਫ਼ਤਾਰੀਆਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਇਕਾਈ ਮੁੱਦਕੀ ਵਲੋਂ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਰੋਸ ਪ੍ਰਦਰਸ਼ਨ ਦੌਰਾਨ ਸਤਨਾਮ ਸਿੰਘ ਬਾਸੀ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਿਹਾ ਕਿ ਦਿੱਲੀ ਅੰਦੋਲਨ 'ਚੋਂ ਨਿਕਲੀ ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਵੇਲੇ ਲੋਕਾਂ ਨੂੰ ਸਰਕਾਰ ਤੋਂ ਸਵਾਲ ਪੁੱਛਣ ਦਾ ਸਬਜ਼ਬਾਗ ਦਿਖਾ ਕੇ ਸੱਤਾ ਤਾਂ ਹਥਿਆ ਲਈ, ਪਰ ਜਦ ਖ਼ੁਦ ਸੱਤਾ 'ਤੇ ਕਾਬਜ਼ ਹੋਈ ਤਾਂ ਆਪਣੇ ਹੱਕਾਂ ਖ਼ਾਤਰ ਸਰਕਾਰ ਤੋਂ ਸਵਾਲ ਪੁੱਛਣ 'ਤੇ ਕਿਸਾਨਾਂ ਦੀ ਗ਼ੈਰ ਸੰਵਿਧਾਨਕ ਗਿ੍ਫ਼ਤਾਰੀ ਕੀਤੀ ਜਾ ਰਹੀ ਹੈ, ਜੋ ਅਤਿ ਨਿੰਦਣਯੋਗ ਹੈ, ਜਿਸ ਪ੍ਰਤੀ ਕਿਸਾਨਾਂ ਅੰਦਰ ਭਾਰੀ ਰੋਸ ਹੈ | ਉਨ੍ਹਾਂ ਕਿਹਾ ਕਿ ਸਰਕਾਰ ਲੋਕਤੰਤਰਿਕ ਤਰੀਕੇ ਨਾਲ ਗੱਲਬਾਤ ਕਰਨ ਤੋਂ ਭੱਜ ਰਹੀ ਹੈ ਤੇ ਕਿਸਾਨਾਂ ਨੂੰ ਦਬਾਉਣ ਦੀ ਨੀਤੀ ਅਪਣਾ ਰਹੀ ਹੈ | ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਬਾਸੀ ਨੇ ਕਿਹਾ ਕਿ ਸ਼ੰਭੂ ਤੇ ਖਨੌਰੀ ਸਰਹੱਦਾਂ 'ਤੇ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਾਮਾਨ ਮੌਜੂਦਾ ਸਰਕਾਰ ਦੇ ਕਹਿਣ 'ਤੇ ਪੁਲਿਸ ਪ੍ਰਸ਼ਾਸਨ ਨੇ ਖ਼ੁਰਦ-ਬੁਰਦ ਕਰਵਾਇਆ, ਜਿਸ ਦੀ ਨੁਕਸਾਨ ਦੀ ਭਰਪਾਈ ਲਗਪਗ 3.77 ਕਰੋੜ ਰੁਪਏ ਬਣਦੀ ਹੈ, ਜੋ ਸਰਕਾਰ ਵਲੋਂ ਤਰਜੀਹੀ ਆਧਾਰ 'ਤੇ ਤੁਰੰਤ ਦਿੱਤੀ ਜਾਣੀ ਚਾਹੀਦੀ ਹੈ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸਤਨਾਮ ਸਿੰਘ ਬਾਸੀ, ਗੁਰਬਾਜ਼ ਸਿੰਘ ਬਲਾਕ ਪ੍ਰਧਾਨ ਘੱਲ ਖ਼ੁਰਦ, ਦਰਸ਼ਨ ਸਿੰਘ ਫ਼ੌਜੀ ਮੀਤ ਪ੍ਰਧਾਨ, ਬਖ਼ਸ਼ੀਸ਼ ਸਿੰਘ ਇਕਾਈ ਪ੍ਰਧਾਨ, ਸੁਖਜੀਤ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ, ਗੁਰਪਿੰਦਰ ਸਿੰਘ ਭਿੰਦਾ ਮੀਤ ਪ੍ਰਧਾਨ, ਗੁਰਮੀਤ ਸਿੰਘ ਕੈਸ਼ੀਆ, ਰਾਜੂ ਪ੍ਰੇਮੀ, ਜੋਗਿੰਦਰ ਡੇਰੀਵਾਲਾ, ਮਹਿੰਦਰ ਸਿੰਘ ਐਮ.ਸੀ, ਕਾਕਾ ਮਸ਼ੀਨਾਂ ਵਾਲਾ, ਗੁਰਨਾਮ ਸਿੰਘ, ਪਿ੍ਤਪਾਲ ਸਿੰਘ, ਅੰਸ਼ਵੀਰ ਸਿੰਘ ਗਾਹਲਾ ਕੋਰੀਅਰ, ਗੁਰਸੇਵਕ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |